- ਅੱਜ ਵੀ ਔਰਤ ਨੂੰ ਦੁਨੀਆ ਭਰ 'ਚ ਸਮਝਿਆ ਜਾਂਦਾ ਹੈ ਦੂਜੇ ਦਰਜੇ ਦੀ ਨਾਗਰਿਕ : ਕਨੂੰ ਪ੍ਰਿਆ
ਚੰਡੀਗੜ੍ਹ, 8 ਨਵੰਬਰ 2020 - ਸਮਾਜਿਕ ਕੁਰੀਤੀਆਂ ਖਿਲਾਫ ਆਪਣੀ ਅਵਾਜ਼ ਉਠਾਉਂਦਿਆ ਬਲਜਿੰਦਰ ਕੌਰ ਸ਼ੇਰਗਿੱਲ ਵੱਲੋਂ ਕਲਮਬੱਧ ਕੀਤੀ ਗਈ ਕਿਤਾਬ 'ਆਖ਼ਿਰ ਕਦੋਂ ਤੱਕ' ਨੂੰ ਅੱਜ ਲੋਕ ਅਰਪਣ ਕੀਤਾ ਗਿਆ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ 'ਭਾਈ ਸੰਤੋਖ ਸਿੰਘ ਯਾਦਗਾਰੀ ਹਾਲ' ਸੈਕਟਰ 21 ਵਿਖੇ ਆਯੋਜਿਤ ਕੀਤੇ ਗਏ ਵਿਸ਼ੇਸ਼ ਸਾਹਿਤਕ ਸਮਾਗਮ ਦੌਰਾਨ ਨੌਜਵਾਨ ਆਗੂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਹਿਲੀ ਮਹਿਲਾ ਪ੍ਰਧਾਨ ਬਣਨ ਦਾ ਮਾਣ ਹਾਸਲ ਕਰਨ ਵਾਲੀ ਕਨੂੰ ਪ੍ਰਿਆ ਨੇ ਬਤੌਰ ਮੁੱਖ ਮਹਿਮਾਨ ਅਤੇ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਪ੍ਰਭਜੋਤ ਕੌਰ ਢਿੱਲੋਂ ਤੇ ਡਾ. ਅਵਤਾਰ ਸਿੰਘ ਪਤੰਗ ਦੀ ਅਗਵਾਈ ਵਾਲੇ ਸਮੁੱਚੇ ਪ੍ਰਧਾਨਗੀ ਮੰਡਲ ਨੇ ਬਲਜਿੰਦਰ ਕੌਰ ਸ਼ੇਰਗਿੱਲ ਦੀ ਕਿਤਾਬ ਨੂੰ ਲੋਕ ਅਰਪਣ ਕਰਕੇ ਇਸ 'ਤੇ ਵਿਚਾਰ-ਚਰਚਾ ਛੇੜੀ।
ਲੇਖਕ ਸਭਾ ਦੇ ਸਮਾਗਮ ਵਿਚ ਆਪਣੀ ਤਕਰੀਰ ਸਾਂਝੀ ਕਰਦਿਆਂ ਕਨੂੰ ਪ੍ਰਿਆ ਨੇ ਜਿੱਥੇ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ, ਉਥੇ ਅਵਾਮ ਨੂੰ ਅਪੀਲ ਕੀਤੀ ਕਿ ਕੁੜੀਆਂ ਦਾ ਪੜ੍ਹਨਾ, ਬੋਲਣਾ ਤੇ ਗਲਤ ਦਾ ਵਿਰੋਧ ਕਰਨਾ ਅੱਜ ਯਕੀਨੀ ਬਣਾਉਣਾ ਚਾਹੀਦਾ ਹੈ। ਕਨੂੰ ਪ੍ਰਿਆ ਨੇ ਆਖਿਆ ਕਿ ਸਮਾਜ ਜੋ ਮਰਜੀ ਆਖਦਾ ਹੋਵੇ ਪਰ ਇਹ ਕੌੜੀ ਸੱਚਾਈ ਹੈ ਕਿ ਵਿਸ਼ਵ ਭਰ 'ਚ ਔਰਤ ਨੂੰ ਅੱਜ ਵੀ ਦੂਜੇ ਦਰਜੇ ਦੀ ਹੀ ਨਾਗਰਿਕ ਸਮਝਿਆ ਜਾਂਦਾ ਹੈ। ਹਾਥਰਸ ਤੋਂ ਲੈ ਕੇ ਕਠੂਆ ਕਾਂਡ ਤੱਕ, ਹਰਿਆਣਾ ਦੇ ਸੋਨੀਪਤ ਤੋਂ ਲੈ ਕੇ ਪੰਜਾਬ ਦੇ ਟਾਂਡਾ ਤੱਕ ਧੀਆਂ ਨਾਲ ਹੋਏ ਬਲਾਤਕਾਰ ਤੇ ਸਰੀਰਕ ਤਸ਼ੱਦਦ ਦੀ ਗੱਲ ਕਰਦਿਆਂ ਕਨੂੰ ਪ੍ਰਿਆ ਨੇ ਆਖਿਆ ਕਿ ਅੱਜ ਵੀ ਔਰਤ ਨੂੰ ਭੋਗਣ ਦੀ ਤੇ ਮਰਦ ਦੇ ਦਬਾਅ ਹੇਠ ਵਰਤਣ ਦੀ ਵਸਤੂ ਹੀ ਸਮਝਿਆ ਜਾਂਦਾ ਹੈ।
ਉਨ੍ਹਾਂ ਆਖਿਆ ਕਿ ਜਾਤ, ਧਰਮ, ਕਲਾਸ ਤੇ ਸੂਬਾ ਇਹ ਸਭ ਔਰਤ ਦੀ ਮੌਜੂਦਾ ਸਥਿਤੀ ਲਈ ਸਵਾਲਾਂ ਦੇ ਘੇਰੇ ਵਿਚ ਰਹਿਣਗੇ। ਕਨੂੰ ਪ੍ਰਿਆ ਨੇ ਕਿਹਾ ਕਿ 9 ਮਹੀਨੇ ਦੀ ਆਪਣੀ ਕੁੱਖ ਵਿਚ ਫਸਲ ਪੈਦਾ ਕਰਕੇ ਸਭ ਤੋਂ ਸੋਹਣੀ ਕਾਸ਼ਤਕਾਰੀ ਕਰਨ ਵਾਲੀ ਇਸ ਕਿਸਾਨ ਔਰਤ ਨੂੰ ਅੱਜ ਦੇ ਸਮਾਜ ਵਿਚ ਜ਼ਮੀਨ ਦਾ ਹੱਕਦਾਰ ਅਜੇ ਵੀ ਨਹੀਂ ਬਣਾÎਇਆ ਜਾਂਦਾ। ਐਨਸੀਆਰਟੀ ਦੇ ਅੰਕੜਿਆਂ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਭਾਰਤ ਅੰਦਰ ਇਕ ਦਿਨ 'ਚ 80 ਤੋਂ ਵੱਧ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਅਸੀਂ ਚੁੱਪ ਵੱਟ ਜਾਂਦੇ ਹਾਂ, ਅੱਖਾਂ ਮੀਟ ਜਾਂਦੇ ਹਾਂ। ਕਨੂੰ ਪ੍ਰਿਆ ਨੇ ਬੜੀ ਵਿਸਥਾਰਤ ਤੇ ਬੜੀ ਸੂਝ ਭਰੀ ਤਕਰੀਰ ਕਰਦਿਆਂ ਦੇਸ਼ ਤੇ ਦੁਨੀਆ ਭਰ ਦੀਆਂ ਕੁੜੀਆਂ ਨੂੰ ਅਪੀਲ ਕੀਤੀ ਕਿ ਪੜ੍ਹੋ ਲਾਜ਼ਮੀ ਤੇ ਗਲਤ ਦੇ ਖਿਲਾਫ਼ ਡਟ ਕੇ ਬੋਲੋ ਤੇ ਲੜੋ। ਉਨ੍ਹਾਂ ਬਲਜਿੰਦਰ ਕੌਰ ਸ਼ੇਰਗਿੱਲ ਦੇ ਹਵਾਲੇ ਨਾਲ ਕਿਹਾ ਕਿ ਜੇ ਧੀਆਂ ਅਜਿਹਾ ਲਿਖਣ ਤੇ ਸੋਚਣ ਲੱਗ ਜਾਣ ਤਾਂ ਮਰਦ ਪ੍ਰਧਾਨ ਸਮਾਜ ਨੂੰ ਵੀ ਔਰਤਾਂ ਪ੍ਰਤੀ ਆਪਣੀ ਸੋਚ ਬਦਲਣੀ ਪਵੇਗੀ।
ਆਪਣੀ ਪਲੇਠੀ ਕਿਤਾਬ 'ਆਖ਼ਿਰ ਕਦੋਂ ਤੱਕ' ਦੀ ਸਿਰਜਣਾ ਸਬੰਧੀ ਗੱਲ ਕਰਦਿਆਂ ਬਲਜਿੰਦਰ ਕੌਰ ਸ਼ੇਰਗਿੱਲ ਨੇ ਆਖਿਆ ਕਿ ਮੈਂ ਜਦੋਂ ਵੀ ਕਦੇ, ਕਿਤੇ ਵੀ ਕੋਈ ਵਧੀਕੀ ਦੇਖਦੀ ਹਾਂ ਤਾਂ ਮੇਰੀ ਕਲਮ ਆਪ ਮੁਹਾਰੇ ਰਚਨਾ ਲਿਖਦੀ ਹੈ। ਕਦੇ ਉਹ ਲੇਖ ਦੇ ਰੂਪ ਵਿਚ, ਕਦੇ ਉਹ ਕਹਾਣੀ ਦੇ ਰੂਪ ਵਿਚ ਤੇ ਕਦੇ ਉਹ ਕਵਿਤਾ ਦੇ ਰੂਪ ਵਿਚ ਸਾਹਮਣੇ ਆਉਂਦੀ ਹੈ। ਆਪਣੀਆਂ ਲਿਖਤਾਂ ਨੂੰ ਕਿਤਾਬ ਦਾ ਰੂਪ ਦੇਣ ਵਿਚ ਸਹਾਇਕ ਹੋਣ ਵਾਲੇ ਬੀਬੀ ਪ੍ਰਭਜੋਤ ਕੌਰ ਢਿੱਲੋਂ ਤੇ ਗੁਰਦਰਸ਼ਨ ਸਿੰਘ ਮਾਵੀ ਦਾ ਬਲਜਿੰਦਰ ਕੌਰ ਨੇ ਉਚੇਚਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਦਾ ਵੀ ਸ਼ੁਕਰਾਨਾ ਕੀਤਾ। ਇਸ ਮੌਕੇ ਬਲਜਿੰਦਰ ਕੌਰ ਦੇ ਪਰਿਵਾਰ ਵੱਲੋਂ, ਸਾਕ-ਸਬੰਧੀਆਂ ਤੇ ਨਜ਼ਦੀਕੀ ਸਾਥੀ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਉਚੇਚਾ ਸਨਮਾਨ ਵੀ ਕੀਤਾ ਗਿਆ।
ਧਿਆਨ ਰਹੇ ਕਿ ਪੰਜਾਬੀ ਲੇਖਕ ਸਭਾ ਦੇ ਇਸ ਵਿਸ਼ੇਸ਼ ਸਾਹਿਤਕ ਸਮਾਗਮ ਦੀ ਸ਼ੁਰੂਆਤ ਵਿਚ ਜਿੱਥੇ ਸਮੁੱਚੇ ਪ੍ਰਧਾਨਗੀ ਮੰਡਲ ਦਾ ਗੁਲਦਸਤਿਆਂ ਨਾਲ ਸਵਾਗਤ ਕੀਤਾ ਗਿਆ, ਉਥੇ ਹੀ ਸਮਾਗਮ ਦਾ ਆਗਾਜ਼ ਸਰਦਾਰ ਸੁਰਜੀਤ ਸਿੰਘ ਧੀਰ ਹੁਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਗਾਇਨ ਨਾਲ ਕੀਤਾ। ਇਸ ਮੌਕੇ ਸਭਨਾਂ ਦਾ ਸਵਾਗਤ ਕਰਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਲੇਖਕਾ ਬਲਜਿੰਦਰ ਕੌਰ ਸ਼ੇਰਗਿੱਲ ਨੂੰ ਵਧਾਈ ਦਿੱਤੀ ਤੇ ਸਮਾਜਿਕ ਊਣਤਾਈਆਂ ਖਿਲਾਫ਼ ਸ਼ਮਸ਼ੀਰ ਬਣ ਕੇ ਲੜ ਰਹੀ ਨੌਜਵਾਨ ਆਗੂ ਕਨੂੰ ਪ੍ਰਿਆ ਨੂੰ ਅਸ਼ੀਰਵਾਦ ਵਜੋਂ ਹੌਸਲਾ ਵੀ ਦਿੱਤਾ।
ਇਸ ਮੌਕੇ ਕਿਤਾਬ 'ਤੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਪ੍ਰਭਜੋਤ ਕੌਰ ਢਿੱਲੋਂ ਨੇ ਆਖਿਆ ਕਿ ਲੇਖਕਾ ਨਾਲ ਮੇਰੀ ਸਾਂਝ ਲਿਖਤਾਂ ਰਾਹੀਂ ਹੀ ਪਈ। ਮੈਂ ਇਸ ਦੇ ਲੇਖਾਂ ਨੂੰ ਜਦੋਂ ਅਖ਼ਬਾਰਾਂ ਵਿਚ ਪੜ੍ਹਿਆ ਤਾਂ ਉਸਦੀ ਗਹਿਰਾਈ ਨੂੰ ਤੇ ਉਸ ਦੀ ਚਿੰਤਾ ਨੂੰ ਮੈਂ ਮਹਿਸੂਸ ਕੀਤਾ ਤੇ ਇੰਝ ਬਲਜਿੰਦਰ ਕੌਰ ਸ਼ੇਰਗਿੱਲ ਇਕ ਪਾਏਦਾਰ ਪੁਸਤਕ ਲੈ ਕੇ ਸਾਹਿਤਕ ਵਿਹੜੇ ਵਿਚ ਆ ਕੇ ਸਾਹਿਤਕਾਰਾਂ ਵਿਚ ਆ ਰਲੀ ਹੈ। ਇਸੇ ਤਰ੍ਹਾਂ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਕਿਤਾਬ ਦੀ ਸਮੀਖਿਆ ਕਰਦਿਆਂ ਬਲਜਿੰਦਰ ਕੌਰ ਨੂੰ ਵਧਾਈ ਦੇਣ ਦੇ ਨਾਲ-ਨਾਲ ਕੁੱਝ ਸੁਝਾਅ ਦਿੰਦਿਆਂ ਵੀ ਆਖਿਆ ਕਿ ਬਲਜਿੰਦਰ ਆਉਂਦੇ ਦਿਨਾਂ ਵਿਚ ਹੋਰ ਵੀ ਗਹਿਰੀ ਗੰਭੀਰ ਲਿਖਤ ਲੈ ਕੇ ਹਾਜ਼ਰ ਹੁੰਦੀ ਰਹੇਗੀ।
ਜ਼ਿਕਰਯੋਗ ਹੈ ਕਿ ਇਸ ਮੌਕੇ ਪੰਜਾਬੀ ਲੇਖਕ ਸਭਾ ਵੱਲੋਂ ਇਕ ਵਿਸ਼ੇਸ਼ ਤੇ ਖੁੱਲ੍ਹਾ ਕਵੀ ਦਰਬਾਰ ਵੀ ਸਜਾਇਆ ਗਿਆ ਜਿਸ ਵਿਚ ਸਿਰੀਰਾਮ ਅਰਸ਼, ਗੁਰਦੀਪ ਗੁਲ, ਸੁਰਿੰਦਰ ਗਿੱਲ, ਦਰਸ਼ਨ ਤ੍ਰਿਊਣਾ, ਪੰਮੀ ਸਿੱਧੂ, ਜੈ ਸਿੰਘ ਛਿੱਬਰ, ਮਲਕੀਅਤ ਬਸਰਾ, ਬਲਕਾਰ ਸਿੱਧੂ, ਗੁਰਨਾਮ ਕੰਵਰ, ਸੁਰਜੀਤ ਸਿੰਘ ਧੀਰ, ਆਕ੍ਰਿਤੀ, ਜਸ਼ਨਦੀਪ ਕੌਰ ਤੇ ਸ਼ਰਨਜੀਤ ਕੌਰ ਹੁਰਾਂ ਨੇ ਆਪੋ-ਆਪਣੀਆਂ ਰਚਨਾਵਾਂ, ਨਜ਼ਮਾਂ ਪੇਸ਼ ਕਰਕੇ ਮਹਿਫ਼ਲ ਵਿਚ ਖੂਬ ਤਾੜੀਆਂ ਲੁੱਟੀਆਂ।
ਸਭਨਾਂ ਦਾ ਧੰਨਵਾਦ ਪੰਜਾਬੀ ਲੇਖਕ ਸਭਾ ਵੱਲੋਂ ਗੁਰਨਾਮ ਕੰਵਰ ਹੁਰਾਂ ਨੇ ਕਰਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਨੂੰ ਬਹਾਲ ਕਰਨ ਦੀ ਮੰਗ ਕਰਨ ਵਾਲਾ ਅਤੇ ਪੰਜਾਬ ਯੂਨੀਵਰਸਿਟੀ 'ਤੇ ਸਿੱਧਾ ਕੇਂਦਰੀ ਕਬਜ਼ੇ ਦੀਆਂ ਸਾਜ਼ਿਸ਼ਾਂ ਦਾ ਵਿਰੋਧ ਕਰਨ ਵਾਲਾ ਮਤਾ ਪੇਸ਼ ਕੀਤਾ ਤੇ ਜਿਸ ਨੂੰ ਸਭਾ ਨੇ ਇਕ ਸੁਰ 'ਚ ਪਾਸ ਕੀਤਾ। ਸਮੁੱਚੇ ਸਮਾਗਮ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਡਾ. ਲਾਭ ਸਿੰਘ ਖੀਵਾ, ਰਵਿੰਦਰ ਸ਼ਰਮਾ, ਕਰਨ ਭੁੱਲਰ, ਭੁਪਿੰਦਰ ਸਿੰਘ ਮਲਿਕ, ਮਨਜੀਤ ਕੌਰ ਮੀਤ, ਡਾ. ਗੁਰਮੇਲ ਸਿੰਘ, ਪਾਲ ਅਜਨਬੀ, ਸੇਵੀ ਰਾਇਤ, ਗੁਰਦਰਸ਼ਨ ਮਾਵੀ, ਊਸ਼ਾ ਕੰਵਰ, ਤੇਜਾ ਸਿੰਘ ਥੂਹਾ, ਸੁਖਵਿੰਦਰਜੀਤ ਸਿੰਘ ਮਨੌਲੀ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਤਰਸੇਮ ਸਿੰਘ ਫੌਜੀ ਤੇ ਲਾਲ ਜੀ ਲਾਲੀ ਆਦਿ ਮੌਜੂਦ ਸਨ।