ਖੁਲ ਖੇਡਣਗੇ ਜੇਲੀ ਡੱਕੇ ਨੇਤਾ
ਪਿਛਲੇ ਦਿਨੀਂ ਕੇਂਦਰ ਦੀ ਸਰਕਾਰ ਵੱਲੋਂ ਪਾਸ ਕਰਵਾਏ ਜਨਪ੍ਰਤੀਨਿਧਤਵ ਕਾਨੂੰਨ ਨੂੰ ਸੁਪਰੀਮ ਕੋਰਟ ਵੱਲੋਂ ਪ੍ਰਵਾਨ ਕਰਦਿਆਂ ਜੇਲਾਂ \'ਚ ਡੱਕੇ ਨੇਤਾਵਾਂ ਨੂੰ ਚੋਣ ਲੜਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਹੁਣ ਜੇਲ ਜਾਂ ਪੁਲਿਸ ਹਿਰਾਸਤ \'ਚ ਰੱਖੇ ਕਿਸੇ ਵੀ ਵਿਅਕਤੀ ਨੂੰ ਚੋਣ ਲੜਨ ਤੋਂ ਕੋਈ ਨਹੀਂ ਰੋਕ ਸਕਦਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਇਕ ਫੈਸਲੇ ਵਿਚ ਜੇਲ \'ਚ ਬੰਦ ਵਿਅਕਤੀ ਜਾਂ ਪੁਲਿਸ ਹਿਰਾਸਤ ਵਿਚ ਚੱਲ ਰਹੇ ਵਿਅਕਤੀ ਦੇ ਚੋਣ ਲੜਨ ਤੇ ਪਾਬੰਦੀ ਲਗਾ ਦਿੱਤੀ ਸੀ ਅਤੇ ਕਿਹਾ ਸੀ ਕਿ ਮੱਤਦਾਨ ਦੇ ਅਧਿਕਾਰ ਤੋਂ ਵੰਚਿਤ ਵਿਅਕਤੀ ਲੋਕ ਸਭਾ ਜਾਂ ਵਿਧਾਨ ਸਭਾ ਚੋਣ ਨਹੀਂ ਲੜ ਸਕਦਾ।
ਖੁਲ ਖੇਡਣਗੇ ਹੁਣ ਜੇਲੀ ਡੱਕੇ ਨੇਤਾ। ਚੋਣਾਂ ਲੜਨਗੇ ਜੇਲਾਂ, ਹਵਾਲਾਤਾਂ ਅੰਦਰੋਂ ਆਪਣੇ ਗੁਰਗਿਆਂ ਰਾਹੀਂ, ਬਾਹੂਬਲੀ ਤਾਕਤ, ਧਨ, ਨਸ਼ੇ ਦੀ ਵੰਡ ਦੇ ਜ਼ੋਰ ਨਾਲ ਮੈਂਬਰ ਬਨਣਗੇ। ਤੇ ਫਿਰ ਮੁੱਖ ਮੰਤਰੀ ਜਾਂ ਪ੍ਰਧਾਨ ਮੰਤਰੀ ਦੀ ਚੋਣ ਸਮੇਂ ਵੋਟ ਪਾਉਣਗੇ, ਲੋਕ ਸਭਾ, ਵਿਧਾਨ ਸਭਾ ਦਾ ਸ਼ਿੰਗਾਰ ਬਣਨਗੇ। ਆਪਣਾ ਮੁੱਲ ਪੁਆਉਣਗੇ ਤੇ ਜੇਲਾਂ ਅੰਦਰ ਬੈਠੇ ਹੀ ਰਾਜ ਕਰਨਗੇ? ਜਿਥੇ ਸਾਰੀ ਸੁਵਿਧਾਵਾਂ ਦਾ ਪ੍ਰਬੰਧ ਉਨ੍ਹਾਂ ਲਈ ਸਰਕਾਰ ਕਰੇਗੀ, ਭਾਵੇਂ ਜੇਲ ਦੇ ਨਿਯਮਾਂ ਅਨੁਸਾਰ ਉਹ \'ਮਾਲੀ\' ਦਾ ਕੰਮ ਕਰਕੇ ਖੱਟੀ ਕਮਾਈ ਕਰਨਗੇ, ਜੇਲ \'ਚ ਡੱਕੇ ਲਾਲੂ ਪ੍ਰਸ਼ਾਦ ਯਾਦਵ ਦੀ ਤਰ•ਾਂ। ਹੋਣਗੀਆਂ ਨਾ ਫਿਰ ਮੌਜਾਂ ਹੀ ਮੌਜਾਂ ਅਤੇ ਦੋਹੀਂ ਹੱਥੀਂ ਲੱਡੂ!
ਉਤਰ ਕਾਟੋ ਮੈਂ ਚੜ•ਾਂ
ਦੇਸ਼ ਦੇ ਪੰਜ ਰਾਜਾਂ ਵਿਚ ਇਨ੍ਹਾਂ ਦਿਨਾਂ \'ਚ ਚੋਣ ਪ੍ਰਚਾਰ ਜ਼ੋਰਾਂ ਉਤੇ ਹੈ। ਦਿੱਲੀ \'ਚ ਜਿਥੇ ਭਾਜਪਾ ਤੇ ਆਮ ਪਾਰਟੀ ਕਾਂਗਰਸ ਨੂੰ ਹਰਾਉਣ ਦੇ ਚੱਕਰ \'ਚ ਹੈ, ਉਥੇ ਰਾਜਸਥਾਨ ਵਿਚ ਕਾਂਗਰਸ ਨੂੰ ਗੱਦੀਉ ਲਾਹੁਣ ਲਈ ਭਾਜਪਾ ਪੂਰੀ ਵਾਹ ਲਾ ਰਹੀ ਹੈ। ਮੱਧ ਪ੍ਰਦੇਸ਼ \'ਚ ਸ਼ਿਵਰਾਜ ਪਾਟਲ ਦੀ ਗੱਦੀ ਪਿੱਛੇ ਕਾਂਗਰਸ ਹੱਥ ਧੋ ਕੇ ਪਈ ਹੋਈ ਹੈ। ਛਤੀਸਗੜ ਅਤੇ ਮੀਜ਼ੋਰਮ ਵਿਚ ਵੀ ਸਾਸ਼ਨ ਕਰਨ ਵਾਲੀਆਂ ਪਾਰਟੀਆਂ ਨੂੰ ਦਿਨੇ ਤਾਰੇ ਵਿਖਾਉਣ ਲਈ ਵਿਰੋਧੀ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਭਾਜਪਾ ਹੋਵੇ ਜਾਂ ਕਾਂਗਰਸ ਦੋਵੇਂ ਹਰ ਹੱਥ ਕੰਡਾ ਵਰਤ ਕੇ ਵਿਰੋਧੀਆਂ ਤੇ ਜਿੱਤ ਹਾਸਲ ਕਰ ਲੈਣਾ ਚਾਹੁੰਦੇ ਹਨ।
ਇਸ ਖੇਡ \'ਚ ਬੁੱਢੇ ਬਜ਼ੁਰਗ ਨੇਤਾ ਵੀ ਪਿੱਛੇ ਨਹੀਂ। ਲਉ ਵੇਖੋ ਰਾਜਸਥਾਨ \'ਚ 84 ਸਾਲਾ ਬੁੱਢੇ ਨੇਤਾ ਸਮੇਤ 70 ਸਾਲਾਂ ਤੋਂ ਵੱਧ ਉਮਰ ਦੇ 24 ਬੁੱਢੇ ਕਾਂਗਰਸ ਨੇ ਉਮੀਦਵਾਰ ਉਤਾਰੇ ਹਨ ਅਤੇ ਭਾਜਪਾ ਨੇ 75 ਸਾਲਾਂ ਤੋਂ ਉਪਰਲੇ 8 ਬੁੱਢੇ ਅਸੰਬਲੀ ਲਈ ਖੜੇ ਕੀਤੇ ਹਨ।
ਕੀ ਕਰਨਗੇ ਵਿਚਾਰੇ ਬੁੱਢੇ ਨੇਤਾ? ਹੁਣ ਰਿਵਾਜ਼ ਹੈ ਅਸੰਬਲੀਆਂ \'ਚ ਜ਼ੋਰ ਅਜ਼ਮਾਈ ਦਾ। ਬਹੁਤਾ ਉਚੀ ਬੋਲੇ ਤਾਂ ਇਨ੍ਹਾਂ ਨੂੰ ਖੰਘ ਛਿੜ ਪਊ। ਮਾਰਕੁੱਟ ਦੀ ਨੌਬਤ ਆ ਗਈ ਤਾਂ ਵਿਚਾਰੇ ਬੁੜ ਬੁੜ ਕਰਨ ਤੋਂ ਬਿਨ੍ਹਾਂ ਕੁਝ ਕਰ ਨਹੀਂ ਸਕਣਗੇ। ਇਸ ਉਮਰੇ ਯਾਦਦਾਸ਼ਤ ਊਂ ਹੀ ਕਮਜ਼ੋਰ ਹੋ ਜਾਂਦੀ ਹੈ, ਸੱਜੇ ਹੱਥ ਨੂੰ ਖੱਬੇ ਹੱਥ ਦਾ ਚੇਤਾ ਭੁੱਲ ਜਾਂਦਾ। ਘਰ \'ਚ ਜੁਆਨ ਪੁਤ, ਪੋਤੇ, ਨੂੰਹ, ਧੀ, ਕਦਰ ਕਰਨੋਂ ਹੱਟ ਜਾਂਦੇ ਆ। ਫਿਰ ਵੀ ਪਤਾ ਨਹੀਂ ਕਿਉਂ ਉਤਰ ਕਾਟੋ ਮੈਂ ਚੜ•ਾਂ ਦੀ ਖੇਡ ਖੇਡਣ \'ਚ ਇਹ ਬੁੱਢੇ ਨੇਤਾ ਇੰਨੇ ਉਤਸੁਕ ਕਿਉਂ ਆਂ? ਸ਼ਾਇਦ ਰਾਜਨੀਤੀ ਦਾ ਠਰਕ ਭੋਰਨ ਲਈ। ਉਂਜ ਇਹ ਬੁੱਢੇ ਨੇਤਾ ਗੱਦੀ ਕਿਉਂ ਛੱਡਣ, ਇਥੇ ਤਾਂ ਪਿੰਡ ਦਾ ਗਰੀਬ ਬੁੱਢਾ ਜੀਹਦੇ ਨਾਮ \'ਤੇ ਦੋ ਖਣ ਕੱਚਾ ਕੋਠਾ ਆ, ਉਹ ਵੀ ਪੁੱਤਾਂ ਦੇ ਨਾਮ ਮਰਨੋਂ ਪਹਿਲਾਂ ਵਸੀਅਤ ਨਹੀਂ ਕਰਨਾ ਚਾਹੁੰਦਾ?
ਮੱਛੀ ਦੀ ਅੱਖ
ਮਹਾਨ ਯੋਧੇ ਮੱਛੀ ਦੀ ਅੱਖ ਤੀਰ ਦੇ ਨਿਸ਼ਾਨੇ ਨਾਲ ਵਿੰਨਣ ਵਾਂਗਰ, ਅੱਜ ਹਰ ਸਰਦਾ-ਪੁਜਦਾ ਰਾਜ ਨੇਤਾ, ਚੁਸਤ ਚਲਾਕ ਪੁਲਿਸ ਅਫ਼ਸਰ, ਐਰਾ-ਗੈਰਾ ਵੱਡਾ ਅਫ਼ਸਰ ਪੰਚਾਇਤੀ ਜ਼ਮੀਨਾਂ ਜਾਂ ਸਾਂਝੀਆਂ ਸਰਕਾਰੀ ਜ਼ਮੀਨਾਂ \'ਤੇ ਕਬਜ਼ਾ ਕਰਦਾ ਨਜ਼ਰ ਆ ਰਿਹਾ ਹੈ।
ਵੇਖੋ ਨਾ, ਕਿਵੇਂ ਅਕਾਲੀ ਪੰਜਾਬ ਦੇ ਕਾਂਗਰਸੀ ਪ੍ਰਧਾਨ ਬਾਜਵਾ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਆ, ਪਹਿਲਾਂ ਵਿਚਾਰੇ ਨੂੰ ਅਸੰਬਲੀ \'ਚ ਮਧੋਲ ਸੁੱਟਿਆ, ਹੁਣ ਉਹਦੇ ਮਗਰ ਪੈ ਗਏ ਆ ਅਖੇ ਇਹਨੇ ਭਜੋੜੀਆ ਪਿੰਡ (ਮੁਹਾਲੀ) \'ਚ 108 ਵਿਘੇ ਪੰਚਾਇਤੀ ਜ਼ਮੀਨ ਕੌਡੀਆਂ ਦੇ ਭਾਅ ਜਾਣੀ 2 ਕਰੋੜ 90 ਲੱਖ \'ਚ ਹੀ ਖਰੀਦ ਲਈ ਹੋਈ ਹੈ।
ਭਈ ਜੇ ਵਿਚਾਰੇ ਬਾਜਵੇ ਨੇ 108 ਵਿਘੇ ਪੰਚਾਇਤੀ ਜ਼ਮੀਨ ਖਰੀਦ ਹੀ ਲਈ ਹੈ ਤਾਂ ਕਿਹੜਾ ਲੋਹੜਾ ਆ ਗਿਆ, ਵਿਚਾਰੀਆਂ ਪੰਚਾਇਤਾਂ ਦੀ 70000 ਹੈਕਟੇਅਰ ਜ਼ਮੀਨ ਡਾਹਢੇ ਲੋਕ ਬਿਨ੍ਹਾਂ ਖਰੀਦਿਓ ਦੱਬੀ ਬੈਠੇ ਆ, ਅਕਾਲੀਆਂ ਕਿਹੜਾ ਉਨ੍ਹਾਂ ਦੀ ਟੰਗ ਭੰਨ ਲੈਣੀ ਆਂ। ਇਹ ਤਾਂ ਚੋਣਾਂ ਤੋਂ ਪਹਿਲਾਂ ਦਾ ਰੌਲਾ ਆ। ਉਂਜ ਅਕਾਲੀ ਕਿਹੜਾ ਘੱਟ ਆ, ਜਦੋਂ ਤੀਰ ਨਿਸ਼ਾਨੇ ਲੱਗਿਆ, ਇਹ ਵੀ ਮੱਛੀ ਦੀ ਅੱਖ ਦਾ ਨਿਸ਼ਾਨਾ ਫੁੰਡ ਲੈਣਗੇ, ਜਿਵੇਂ ਇਨ੍ਹਾਂ ਦੇ ਲਾਡਲੇ ਕਾਂਗਰਸੀਆਂ ਤੋਂ ਅਕਾਲੀ ਬਣੇ ਬਿੱਟੂ ਔਲਖ ਤੇ ਸੋਨੂੰ ਚਾਹਲ ਨੇ ਨਸ਼ਿਆਂ ਦੇ ਕਾਰੋਬਾਰ \'ਚ ਫੁੰਡ ਲਿਆ ਸੀ।
ਆਉ ਜੀ, ਕੁੱਟ ਖਾਉ ਜੀ
ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਵਿਖੇ ਇਕ ਪੰਜਾਬੀ ਡਾਕਟਰ ਨੂੰ ਪਹਿਲਾਂ ਕੁਟਾਪਾ ਚਾੜਿਆ ਅਤੇ ਫਿਰ ਰਾਤ ਭਰ ਦਿੱਲੀ ਦੀ ਇਕ ਹਵਾਲਾਤ \'ਚ ਬੰਦ ਕਰਕੇ ਰੱਖਿਆ ਗਿਆ। ਸੁਤੰਤਰਤਾ ਸੰਗਰਾਮੀ ਦੇ ਪੋਤਰੇ ਹਰਮਨਦੀਪ ਰਾਏ ਕੈਲੇਫੋਰਨੀਆਂ ਦਾ ਕਸੂਰ ਇਹ ਸੀ ਕਿ ਉਸਦੇ ਨਾਲ ਗਈ ਉਸਦੀ ਮਿੱਤਰ ਨੂੰ ਪਰਿਵਾਸ ਅਧਿਕਾਰੀ ਪ੍ਰੇਸ਼ਾਨ ਕਰ ਰਹੇ ਸਨ ਤੇ 4 ਘੰਟੇ ਦੀ ਪੁੱਛਗਿੱਛ ਬਾਅਦ ਵੀ ਛੱਡ ਨਹੀਂ ਸਨ ਰਹੇ ਤੇ ਉਹ ਪੁੱਛ ਬੈਠਾ ਕਿ ਉਸਦੀ ਮਿੱਤਰ ਦਾ ਆਖ਼ਰ ਕਸੂਰ ਕੀ ਹੈ?
ਪਰਿਵਾਸ ਅਫ਼ਸਰ ਨੂੰ ਚੜਿਆ ਗੁੱਸਾ, ਉਹ ਪਹਿਲਾਂ ਉਹਨੂੰ ਬੰਦ ਕਮਰੇ ਲੈ ਗਿਆ, ਉਥੇ ਸਾਥੀਆਂ ਨਾਲ ਰਲਕੇ ਉਹਦੀ \'ਤੌਣੀ\' ਲਾਈ ਤੇ ਫਿਰ ਥਾਣੇ ਭਿਜਵਾ ਦਿੱਤਾ। ਦੂਜੇ ਦਿਨ ਡਾਕਟਰ ਵਿਚਾਰੇ ਨੇ ਜ਼ਮਾਨਤ ਕਰਵਾਈ ਤੇ ਅਦਾਲਤ \'ਚ ਤਰੀਕ ਭੁਗਤਣ ਆਉਣ ਲਈ ਅਗਲੇ ਸਾਲ ਦੀ ਤਾਰੀਖ ਲੈ ਕੇ ਖਹਿੜਾ ਛੁਡਵਾਇਆ। ਇਸ ਦੌਰਾਨ ਉਹਦੀ ਦਿੱਲੀ \'ਚ ਕਿਸੇ ਨੇ ਬਾਤ ਨਾ ਪੁੱਛੀ।
ਸ਼ਾਬਾਸ਼ ਸਰਕਾਰੇ ਇਕ ਪਾਸੇ ਤਾਂ ਪ੍ਰਵਾਸੀ ਵੀਰਾਂ ਨੂੰ ਸੱਦਦੇ ਹੋ, ਦੇਸ਼ \'ਚ ਨਿਵੇਸ਼ ਕਰਨ ਲਈ ਪ੍ਰੇਰਦੇ ਹੋ, ਉਨ੍ਹਾਂ ਲਈ ਸਲਾਨਾ ਸਮਾਗਮ ਕਰਕੇ ਉਨ੍ਹਾਂ ਦੀ ਆਓ ਭਗਤ ਵੱਡੇ-ਵੱਡੇ ਹੋਟਲਾਂ \'ਚ ਕਰਦੇ ਹੋ। ਪ੍ਰਧਾਨ ਮੰਤਰੀ ਉਨ੍ਹਾਂ ਦੇ ਸੋਹਲੇ ਗਾਉਂਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਅਫ਼ਸਰ \'ਹੱਥਾਂ \'ਚ ਪਟੇ\' ਫੜ ਕੇ ਉਨ੍ਹਾਂ ਦੀ ਆਉ ਭਗਤ ਕਰਦੇ ਨੇ।
ਵੀਰੋ ਆਉ ਜੀ, ਕੁੱਟ ਖਾਉ ਜੀ, ਮੁੜ ਜਾਉ ਜੀ, ਮੁੜ ਕਦੇ ਨਾ ਆਉ ਜੀ।
ਸਿਆਣੀ ਸਰਕਾਰ !
ਸਰਕਾਰ ਵਲੋਂ ਪੰਜ ਤਖਤਾਂ ਨੂੰ ਮਿਲਣ ਵਾਲਾ ਸਰਕਾਰੀ ਖੰਡ ਦਾ ਕੋਟਾ ਬਿਲਕੁਲ ਹੀ ਬੰਦ ਕਰ ਦਿਤਾ ਗਿਆ ਹੈ, ਜਦਕਿ ਤਖਤ ਕੇਸ ਗੜ ਵਿਖੇ ਸੰਗਤਾਂ ਦੀ ਵਧ ਰਹੀ ਆਮਦ ਨੂੰ ਵੇਖਦਿਆਂ ਮੁਖਮੰਤਰੀ ਨੂੰ ਬੇਨਤੀ ਕੀਤੀ ਗਈ ਸੀ ਕਿ ਮਾਸਿਕ ਖੰਡ ਦਾ ਕੋਟਾ 40 ਕੁਵਿੰਟਲ ਤੋਂ ਵਧਾ ਕੇ 150 ਕੁਵਿੰਟਲ ਕਰ ਦਿਤਾ ਜਾਵੇ। ਸ਼੍ਰੀ ਦਰਬਾਰ ਸਾਹਿਬ ਨੂੰ 350 ਕੁਵਿੰਟਲ ਮਾਸਿਕ ਸਰਕਾਰੀ ਖੰਡ ਦਾ ਕੋਟਾ ਵੀ ਮਈ 2013 ਤੋਂ ਬੰਦ ਹੈ।ਪੰਜਾਬ ਦੀ ਸਰਕਾਰ ਦਾ ਕਹਿਣ ਹੈ ਕਿ ਕੇਂਦਰ ਸਰਕਾਰ ਵਲੋਂ ਬਣਦਾ ਕੋਟਾ ਨਾ ਭੇਜੇ ਜਾਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ!
ਬਾਦਲ ਸਾਹਿਬ ਨੂੰ ਹੁਣ ਤਾਂ ਮੰਨਣਾ ਪਊ ਕਿ ਪੰਜਾਬ ਦੀ ਮਾਲੀ ਹਾਲਤ ਅੰਤਾਂ ਦੀ ਕਮਜ਼ੋਰ ਹੋ ਗਈ ਹੈ, ਜਿਹੜੀ ਸੰਗਤਾਂ ਲਈ ਕੜਾਹ ਪ੍ਰਸ਼ਾਦ ਲਈ ਦਿਤੀ ਜਾਂਦੀ ਕੰਟਰੋਲ ਰੇਟ ਤੇ ਖੰਡ ਵੀ ਮੁੱਹਈਆ ਕਰਨ ਦੇ ਯੋਗ ਨਹੀਂ ਰਹੀ।
ਉਂਜ ਜਾਪਦਾ ਇੰਜ ਹੈ ਕਿ ਪੰਜਾਬ ਸਰਕਾਰ ਕੁਝ ਜਿਆਦਾ ਹੀ ਸਿਆਣੀ ਹੋ ਗਈ ਹੈ, ਸ਼ਾਇਦ ਉਹ ਸਮਝਣ ਲੱਗ ਪਈ ਹੈ ਕਿ ਖੰਡ , ਮਨੁੱਖ ਦੀ ਸਿਹਤ ਲਈ ਚੰਗੀ ਨਹੀਂ ਅਤੇ ਲੋਕ ਖਾਣੋਂ ਹਟਦੇ ਨਹੀਂ , ਪੰਜਾਬ \'ਚ “ਸ਼ੂਗਰ”ਦੀ ਬੀਮਾਰੀ ਵੱਧ ਰਹੀ ਹੈ, ਜੀਹਦੇ ਇਲਾਜ਼ ਲਈ ਸਰਕਾਰੀ ਪ੍ਰਬੰਧ ਊਣੇ ਹਨ, ਦਵਾਈਆਂ ਦਿਤੀਆਂ ਨਹੀਂ ਜਾ ਸਕਦੀਆਂ, ਚਲੋ ਖੰਡ ਦਾ ਕੋਟਾ ਬੰਦ ਕਰ ਦੇਂਦੇ ਆ, ਸੰਗਤ ਕੁਝ ਤਾਂ ਘੱਟ ਖੰਡ ਖਾਇਆ ਕਰੂ। ਨਾਲੇ ਪੁੰਨ ਨਾਲੇ ਫਲੀਆਂ !
-
ਗੁਰਮੀਤ ਸਿੰਘ ਪਲਾਹੀ, 218 ਗੁਰੂ ਹ&,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.