ਜਬਰ-ਜ਼ੁਲਮ ਦੇ ਨਾਸ਼ ਅਤੇ ਹੱਕ, ਸੱਚ ਦੇ ਪ੍ਰਕਾਸ਼ ਲਈ ਨਿਰੰਤਰ ਸੰਘਰਸ਼ ਕਰਦੀ ਆਈ ਹੈ ਸਿੱਖ ਕੌਮ। ਪੰਜ ਸੌ ਸਾਲਾਂ ਦੇ ਸਫ਼ਰ ਦੌਰਾਨ, ਸਿੱਖ ਕੌਮ ਨੇ ਹਮੇਸ਼ਾ ਸੱਚ ਦੀ ਬੁਲੰਦੀ ਅਤੇ ਕੂੜ-ਕੁਸੱਤ ਦੇ ਖ਼ਾਤਮੇ ਲਈ ਅਸਹਿ ਤੇ ਅਕਹਿ ਤਸੀਹੇ ਝੱਲੇ, ਜਾਨਾਂ ਵਾਰੀਆਂ ਪਰ ਕਦੇ ਵੀ ਕਿਸੇ ਦੀ ਈਨ ਨਹੀਂ ਮੰਨੀ। ਮਜ਼ਲੂਮਾਂ ਲਈ ਲੜਦਿਆਂ, ਚਰਖੜੀਆਂ \'ਤੇ ਚੜ੍ਹਦਿਆਂ ਤੇ ਤੱਤੀਆਂ ਤਵੀਆਂ \'ਤੇ ਬੈਠਿਆਂ ਵੀ ਸਦਾ ਚੜ੍ਹਦੀ ਕਲਾ ਵਿਚ ਰਹਿਣ, ਰੱਬ ਦਾ ਭਾਣਾ ਮੰਨਣ ਅਤੇ ਸਰਬੱਤ ਦਾ ਭਲਾ ਮੰਗਣ ਦੇ ਗੀਤ ਗਾਏ ਹਨ। ਦੁਨੀਆ ਦੀ ਤਵਾਰੀਖ ਵਿਚ ਲਾਸਾਨੀ ਕਹਾਣੀ ਹੈ ਸਿੱਖ ਧਰਮ ਅਤੇ ਇਸ ਦੇ ਸੰਪੂਰਨ ਅਮਲ ਵਿਚੋਂ ਪ੍ਰਗਟ ਹੋਏ ਖ਼ਾਲਸਾ ਪੰਥ ਦੀ। ਇਸ ਨਿਰਾਲੀ ਅਤੇ ਵਿਲੱਖਣ ਗਾਥਾ ਨੂੰ, ਆਵਾਜ਼, ਰੌਸ਼ਨੀ, ਕਲਾ ਤੇ ਸਪੇਸ ਦੀ ਮਲਟੀਮੀਡੀਆ ਤੇ ਅਤਿ-ਆਧੁਨਿਕ ਇਲੈਕਟ੍ਰਾਨਿਕ ਤਕਨਾਲੋਜੀ ਜ਼ਰੀਏ ਸੁਚੱਜਾ ਤੇ ਸਾਰਥਕ ਸੁਮੇਲ ਪੈਦਾ ਕਰਕੇ ਮੁੜ ਸਜੀਵ ਤੇ ਸੁਰਜੀਤ ਕਰੇਗਾ \'ਵਿਰਾਸਤ-ਏ-ਖ਼ਾਲਸਾ ਕੇਂਦਰ\'। ਸ੍ਰੀ ਅਨੰਦਪੁਰ ਸਾਹਿਬ ਦੀ ਜ਼ਰਖੇਜ਼ ਧਰਤੀ \'ਤੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿਚ 100 ਏਕੜ ਜ਼ਮੀਨ ਵਿਚ 300 ਕਰੋੜ ਰੁਪਏ ਤੋਂ ਵੱਧ ਰਕਮ ਨਾਲ ਉਸਾਰਿਆ ਜਾਣ ਵਾਲਾ \'ਵਿਰਾਸਤ-ਏ-ਖ਼ਾਲਸਾ ਕੇਂਦਰ\' 25 ਨਵੰਬਰ ਨੂੰ ਸਿੱਖ ਧਰਮ ਦੇ ਜਗਿਆਸੂਆਂ ਅਤੇ ਸ਼ਰਧਾਲੂਆਂ ਲਈ ਖੁੱਲ੍ਹ ਜਾਵੇਗਾ। ਇਸ ਵਿਚ ਸਿੱਖ ਕੌਮ ਦੇ ਧਰਮ, ਵਿਰਸੇ ਤੇ ਸੱਭਿਆਚਾਰ ਦੇ 500 ਸਾਲਾਂ ਦੇ ਇਤਿਹਾਸ ਨੂੰ ਦੁਰਲੱਭ ਇਤਿਹਾਸਕ ਕਲਾ-ਕ੍ਰਿਤਾਂ ਤੇ ਪਵਿੱਤਰ ਨਿਸ਼ਾਨੀਆਂ ਦੀ ਮਦਦ ਨਾਲ ਰੂਪਮਾਨ ਕੀਤਾ ਗਿਆ ਹੈ, ਜਿਸ ਨਾਲ ਦੇਖਣ ਵਾਲਾ ਘਟਨਾਵਾਂ ਤੇ ਦ੍ਰਿਸ਼ਾਂ ਨੂੰ ਹੰਢਾਉਂਦਾ ਮਹਿਸੂਸ ਕਰੇਗਾ। ਹਰ ਘਟਨਾ ਅਸਲ ਵਾਪਰੀ ਘਟਨਾ ਵਾਂਗ ਹੀ ਜੀਵੰਤ ਦਿਖਾਈ ਦੇਵੇਗੀ। ਖ਼ਾਲਸਾ ਪੰਥ ਦੀ ਜਨਮ ਸਥਲੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਦੱਖਣ-ਪੂਰਬੀ ਬਾਹੀ ਵੱਲ ਇਤਿਹਾਸਕ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਪੂਰਬੀ ਵੱਖੀ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਮਨਮੋਹਕ ਗੋਦ ਵਿਚ ਬਣਿਆ \'ਵਿਰਾਸਤ-ਏ-ਖ਼ਾਲਸਾ ਕੇਂਦਰ\' 100 ਏਕੜ ਵਿਚ ਫ਼ੈਲਿਆ ਹੋਇਆ ਹੈ। ਇਸ ਦੀ ਸਮੁੱਚੀ ਇਮਾਰਤ ਨੂੰ ਦੇਖਣ ਤੋਂ ਇੰਝ ਜਾਪਦਾ ਹੈ ਕਿ ਜਿਵੇਂ ਕੋਈ ਵਿਅਕਤੀ ਗੋਡਿਆਂ ਭਾਰ ਬੈਠ ਕੇ ਦੋਵੇਂ ਹੱਥ ਅੱਡੀ ਰੱਬ ਕੋਲੋਂ ਕੁਝ ਮੰਗ ਰਿਹਾ ਹੋਵੇ। ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਨਾਲ ਪਹਾੜੀਆਂ, ਖੱਡਾਂ ਅਤੇ ਚੋਆਂ ਨੂੰ ਬਣਾਵਟ ਨਾਲ ਤਿਆਰ ਕਰਕੇ ਝੀਲ ਵਿਚ ਬਦਲ ਦਿੱਤਾ ਗਿਆ ਹੈ ਤੇ ਪੰਜ ਹੋਰ ਛੋਟੀਆਂ ਝੀਲਾਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ ਪਾਣੀ ਇਕ-ਦੂਜੀ ਵਿਚ ਲਗਾਤਾਰ ਵਹਿੰਦਾ ਰਹੇਗਾ। ਇਸ ਤੋਂ ਇਲਾਵਾ 6500 ਵਰਗ ਮੀਟਰ ਵਿਚ ਫ਼ੈਲਿਆ ਅਜਾਇਬਘਰ ਇਸ \'ਵਿਰਾਸਤ-ਏ-ਖ਼ਾਲਸਾ ਕੇਂਦਰ\' ਦਾ ਮੁੱਖ ਹਿੱਸਾ ਹੈ। ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਨਾਲ ਲੱਗਦੀ ਸੜਕ ਤੋਂ ਰੈਂਪ ਵਾਂਗ ਢਲਦੇ ਰਸਤੇ ਰਾਹੀਂ ਵਿਰਾਸਤੀ ਇਮਾਰਤ ਵਿਚ 321 ਮੀਟਰ ਦੀ ਉਚਾਈ \'ਤੇ 327 ਮੀਟਰ ਦੀ ਉਚਾਈ ਤੱਕ ਜਾਣ ਦਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਵਿਰਾਸਤ ਦਾ ਅਦਭੁੱਤ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਦੇਖਣ ਵਾਲਾ ਵਿਅਕਤੀ 500 ਸਾਲ ਪਹਿਲਾਂ ਵਾਲੀ ਭੂਗੋਲਿਕ, ਭਾਵਨਾਤਮਿਕ ਅਤੇ ਮਾਨਸਿਕ ਸਥਿਤੀ ਵਿਚ ਮਹਿਸੂਸ ਕਰਦਾ ਹੈ, ਜਿਥੇ ਉਸ ਨੂੰ ਇਸ ਬਾਰੇ ਹੋਰ ਜਾਨਣ ਦੀ ਤੀਬਰਤਾ ਪੈਦਾ ਹੁੰਦੀ ਹੈ। ਕਮਲ ਦੇ ਫ਼ੁੱਲ ਦੇ ਆਕਾਰ ਦੀਆਂ ਪੰਜ ਪੱਤੀਆਂ ਵਰਗਾ ਨੁਮਾਇਸ਼ ਭਵਨ ਹੈ, ਜਿਹੜਾ ਨਾਲ ਲੱਗਦੀ ਇਮਾਰਤ ਨਾਲੋਂ 31 ਮੀਟਰ ਉੱਚਾ ਹੈ। ਇਸ ਫ਼ੁਲਨੁਮਾ ਇਮਾਰਤ ਨੂੰ \'ਪੰਜ ਪਿਆਰਿਆਂ\' ਦੇ ਨਾਂਅ ਸਮਰਪਿਤ ਕੀਤਾ ਗਿਆ ਹੈ। ਇਮਾਰਤ ਦੇ ਕੁੱਲ ਗਿਆਰਾਂ ਹਿੱਸੇ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਵਾਰੀਖ ਨੂੰ ਬਿਆਨਦੇ ਪ੍ਰਤੀਤ ਹੁੰਦੇ ਹਨ। \'ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ\' ਦੇ ਸੰਦੇਸ਼ ਨਾਲ ਇਸ ਵਿਰਾਸਤ ਕੇਂਦਰ ਦਾ ਅੰਤਿਮ ਪੜਾਅ ਖ਼ਤਮ ਹੁੰਦਾ ਹੈ। \'ਵਿਰਾਸਤ-ਏ-ਖ਼ਾਲਸਾ ਕੇਂਦਰ\' ਨੂੰ ਦੋ ਭਾਗਾਂ ਵਿਚ ਵੰਡਿਆ ਹੋਇਆ ਹੈ, ਜਿਸ ਵਿਚੋਂ ਪਹਿਲਾ ਭਾਗ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਤੋਂ ਬਾਅਦ ਜੋਤੀ-ਜੋਤਿ ਸਮਾਉਣ ਤੱਕ ਦੇ ਇਤਿਹਾਸ ਨੂੰ ਰੂਪਮਾਨ ਕਰਦਾ ਹੈ। ਦੂਜਾ ਭਾਗ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅਠਾਰਵੀਂ ਸਦੀ ਦੇ ਖ਼ਾਲਸਾ ਪੰਥ ਦੇ ਖੂਨੀ ਪੰਧ ਨੂੰ ਦਰਸਾਉਂਦਾ ਹੋਇਆ 1947 ਦੀ ਭਾਰਤ-ਪਾਕਿ ਵੰਡ ਦੇ ਬਿਰਤਾਂਤ ਦੇ ਨਾਲ ਸਮਾਪਤ ਹੁੰਦਾ ਹੈ। ਉਂਝ ਤਾਂ ਸਾਰੀਆਂ ਗੈਲਰੀਆਂ ਵਿਚ ਹੀ ਕਲਾਕ੍ਰਿਤਾਂ ਤੇ ਆਧੁਨਿਕ ਤਕਨੀਕਾਂ ਰਾਹੀਂ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਸਿੱਖੀ ਦਾ ਬੂਟਾ ਲਗਾਉਣ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸੇ ਦੀ ਸਾਜਨਾ ਕਰਕੇ ਇਸ ਬੂਟੇ ਨੂੰ ਸੰਪੂਰਨਤਾ ਬਖ਼ਸ਼ਣ ਤੱਕ ਦੇ ਅਦੁੱਤੀ ਇਤਿਹਾਸ ਨੂੰ ਅਦਭੁੱਤ, ਕਲਾਤਮਿਕ ਅਤੇ ਸਜੀਵ ਤਰੀਕੇ ਨਾਲ ਰੂਪਮਾਨ ਕੀਤਾ ਗਿਆ ਹੈ, ਪਰ ਇਮਾਰਤ ਤੋਂ ਬਾਹਰ ਕੜਾਕੇ ਦੀ ਧੁੱਪ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤੱਤੀ ਤਵੀ \'ਤੇ ਬੈਠ ਕੇ ਸ਼ਹਾਦਤ ਵਾਲੀ ਘਟਨਾ ਨੂੰ ਬੜੇ ਹੀ ਅਲੋਕਾਰੀ ਤਰੀਕੇ ਨਾਲ ਰੂਪਮਾਨ ਕੀਤਾ ਗਿਆ ਹੈ। ਏਅਰ ਕੰਡੀਸ਼ਨਡ ਗੈਲਰੀਆਂ ਵਿਚੋਂ ਬਾਹਰ ਨਿਕਲ ਕੇ ਜਦੋਂ ਕੋਈ ਵਿਅਕਤੀ ਤੱਤੀ ਤਵੀ ਨੂੰ ਦੇਖਦਾ ਹੈ ਤਾਂ ਬਦਲੇ ਤਾਪਮਾਨ ਵਿਚ ਉਸ ਦਾ ਸਰੀਰ ਮਹਿਸੂਸ ਕਰਦਾ ਹੈ, ਜਿਵੇਂ ਕੋਲ ਬਲ ਰਹੀ ਤਵੀ ਦੀ ਤਪਸ਼ ਉਸ ਨੂੰ ਵੀ ਲੂਹ ਰਹੀ ਹੋਵੇ। \'ਵਿਰਾਸਤ-ਏ-ਖ਼ਾਲਸਾ ਕੇਂਦਰ\' ਵਿਚ ਦੇਖਣ ਵਾਲਿਆਂ ਲਈ ਕੋਈ ਮਨੁੱਖੀ ਗਾਈਡ ਨਹੀਂ ਹੋਵੇਗਾ, ਆਡੀਓ ਗਾਈਡ ਨਾਂਅ ਦਾ ਇਕ ਯੰਤਰ ਕੰਨ ਨਾਲ ਲਗਾ ਕੇ ਤੁਹਾਡੀ ਚੁਣੀ ਹੋਈ ਭਾਸ਼ਾ ਵਿਚ ਜਾਣਕਾਰੀ ਦੇਵੇਗਾ। ਇਸ ਵਿਰਾਸਤੀ ਕੇਂਦਰ ਵਿਚ ਖ਼ਾਲਸਾ ਪੰਥ ਇਤਿਹਾਸ ਦੇ ਨਾਲ-ਨਾਲ ਪੰਜਾਬ ਦੇ ਸੱਭਿਆਚਾਰ ਨੂੰ ਵੀ ਦਿਖਾਇਆ ਗਿਆ ਹੈ। ਵਿਰਾਸਤੀ ਕੇਂਦਰ ਦੇ ਦੂਜੇ ਹਿੱਸੇ ਵਿਚ ਪੈਦਲ ਚੱਲਣ ਵਾਲੇ 165 ਮੀਟਰ ਲੰਬੇ ਪੁਲ ਰਾਹੀਂ ਪਹੁੰਚਿਆ ਜਾ ਸਕੇਗਾ ਤੇ ਇਸ ਭਾਗ ਵਿਚ ਦੋ ਮੰਜ਼ਿਲਾ ਰੈਫ਼ਰੈਂਸ ਲਾਇਬਰੇਰੀ ਹੋਵੇਗੀ। ਇਸ ਵਿਚ ਖੋਜ ਪੁਸਤਕਾਂ, ਹੱਥ ਲਿਖਤ ਖਰੜੇ ਤੇ ਹਵਾਲਾ ਸਮੱਗਰੀ, ਫ਼ਿਲਮਾਂ, ਵੀਡੀਓ ਰਿਕਾਰਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਰਾਗਾਂ ਵਿਚ ਰੀਕਾਰਡਿੰਗ ਕਰਕੇ ਰੱਖੀ ਜਾਵੇਗੀ। ਅਸਥਾਈ ਨੁਮਾਇਸ਼ਾਂ ਲਈ ਖ਼ਾਸ ਗੈਲਰੀ ਅਤੇ 400 ਸੀਟਾਂ ਵਾਲਾ ਆਡੀਟੋਰੀਅਮ ਹੈ। ਵਿਰਾਸਤ ਕੇਂਦਰ ਨੂੰ ਸੁੰਦਰਤਾ ਤੇ ਸ਼ੀਤਲਤਾ ਪ੍ਰਦਾਨ ਕਰਦਾ ਹੈ 7 ਏਕੜ ਵਿਚ ਫ਼ੈਲਿਆ ਔਸਤ 2.5 ਫ਼ੁੱਟ ਡੂੰਘਾਈ ਵਾਲਾ ਤਲਾਬ ਅਤੇ ਸੁੰਦਰ ਨੀਲੇ ਪਾਣੀ ਦਾ ਵਹਿੰਦਾ ਝਰਨਾ ਜਿਸ ਨੂੰ \'ਵਾਟਰ ਬਾਡੀ\' ਕਿਹਾ ਜਾਂਦਾ ਹੈ।
ਪਿਛੋਕੜ
ਖ਼ਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ \'ਵਿਰਾਸਤ-ਏ-ਖ਼ਾਲਸਾ ਕੇਂਦਰ\' ਦੇ ਹੋਂਦ ਵਿਚ ਆਉਣ ਦੇ ਪਿਛੋਕੜ ਦੀ ਵੀ ਆਪਣੇ-ਆਪ ਵਿਚ ਇਕ ਦਿਲਚਸਪ ਕਹਾਣੀ ਹੈ, ਇਕ ਇਤਿਹਾਸਕ ਸਬੰਧ ਹੈ ਤੇ ਅਹਿਮ ਇਤਫ਼ਾਕ ਵੀ। ਸੰਨ 1997 ਵਿਚ ਅਕਾਲੀ-ਭਾਜਪਾ ਸਰਕਾਰ ਬਣਨ \'ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਤਾਂ ਉਹ ਇਕ ਵਾਰ ਇਸਰਾਈਲ ਵਿਚ ਯਹੂਦੀਆਂ ਦੀ ਨਸਲਕੁਸ਼ੀ, ਦੂਜੀ ਵਿਸ਼ਵ ਜੰਗ ਸਮੇਂ ਉਨ੍ਹਾਂ ਦੀ ਵਿਰਾਸਤ ਦੇ ਘਾਣ ਅਤੇ ਯਹੂਦੀ ਕੌਮ ਦੇ ਸੱਭਿਆਚਾਰ ਨੂੰ ਨੇਸਤੋ-ਨਾਬੂਦ ਕਰਨ ਦੀ ਦਾਸਤਾਨ ਨੂੰ ਸਮਰਪਿਤ ਯੈਰੂਸ਼ਲਮ ਸਥਿਤ \'ਯਾਦ ਵਾਸੈਮ ਹੌਲੋਕਾਸਟ ਟਰਾਂਸਪੋਰਟ ਮੈਮੋਰੀਅਲ\' ਦੇਖਣ ਗਏ। ਸ੍ਰੀ ਬਾਦਲ ਇਸ ਯਾਦਗਾਰ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਸਿੱਖ ਕੌਮ ਦੀ 500 ਸਾਲਾਂ ਦੀ ਦਾਸਤਾਨ ਯਹੂਦੀਆਂ ਦੇ ਦਮਨ ਅਤੇ ਨਰਸੰਹਾਰ ਤੋਂ ਕਿਤੇ ਭਿਆਨਕ, ਅਦੁੱਤੀ ਅਤੇ ਅਲੋਕਾਰੀ ਹੈ, ਪਰ ਸਿੱਖਾਂ ਦੇ ਖੂਨੀ ਪੰਧ ਨੂੰ ਦਰਸਾਉਂਦੀ ਕੋਈ ਆਧੁਨਿਕ ਅਤੇ ਨਵੀਂ ਪੀੜ੍ਹੀ ਨੂੰ ਆਕਰਸ਼ਿਤ ਕਰਨ ਵਾਲੀ ਹਾਲੇ ਤੱਕ ਯਾਦਗਾਰ ਸਥਾਪਿਤ ਨਹੀਂ ਹੋਈ। ਉਨ੍ਹਾਂ ਦੇ ਮਨ ਵਿਚ ਇਕ ਅਲੋਕਾਰੀ ਹਸਰਤ ਜਾਗੀ ਕਿ ਸਿੱਖ ਪੰਥ ਦੀ 500 ਸਾਲ ਦੀ ਦਾਸਤਾਨ ਬਿਆਨਦੀ ਅਜਿਹੀ ਕੋਈ ਆਧੁਨਿਕ ਤੇ ਵਿਲੱਖਣ ਯਾਦਗਾਰ ਉਸਾਰੀ ਜਾਵੇ, ਜਿਹੜੀ ਦੁਨੀਆ ਭਰ ਵਿਚ ਅੱਠਵੇਂ ਅਜੂਬੇ ਵਜੋਂ ਮਕਬੂਲ ਹੋ ਸਕੇ। ਇਸ ਅਲੋਕਾਰੀ ਹਸਰਤ ਨੂੰ ਪੂਰਾ ਕਰਨ ਦਾ ਉਨ੍ਹਾਂ ਨੂੰ 1999 ਵਿਚ ਖ਼ਾਲਸਾ ਪੰਥ ਦਾ 300 ਸਾਲਾ ਸਾਜਨਾ ਦਿਵਸ ਇਕ ਢੁੱਕਵਾਂ ਮੌਕਾ ਜਾਪਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਸਾਜਨਾ ਦੀ ਤੀਜੀ ਸ਼ਤਾਬਦੀ ਦੇ ਸਮਾਰੋਹ ਦੀਆਂ ਤਿਆਰੀਆਂ ਦੇ ਨਾਲ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਖ਼ਾਲਸਾ ਪੰਥ ਦੀ ਲਾਸਾਨੀ ਯਾਦਗਾਰ ਬਣਾਉਣ ਦੀ ਆਪਣੀ ਇੱਛਾ ਪੂਰੀ ਕਰਨ ਲਈ ਉਦਮ ਆਰੰਭ ਦਿੱਤਾ। ਉਨ੍ਹਾਂ ਇਸਰਾਈਲ ਵਿਚ ਯਹੂਦੀਆਂ ਦੀ ਅਦਭੁੱਤ ਯਾਦਗਾਰ ਦਾ ਨਕਸ਼ਾ ਤਿਆਰ ਕਰਨ ਵਾਲੇ ਯਹੂਦੀ ਮੂਲ ਦੇ ਅਮਰੀਕੀ ਨਾਗਰਿਕ ਅਤੇ ਸੰਸਾਰ ਪ੍ਰਸਿੱਧ ਵਾਸਤੂਕਾਰ ਮੋਸ਼ੇ ਸੈਫ਼ਦੀ ਨਾਲ ਸੰਪਰਕ ਕੀਤਾ। ਮੋਸ਼ੇ ਸੈਫ਼ਦੀ 31 ਜੁਲਾਈ, 1997 ਨੂੰ ਪੰਜਾਬ ਆਏ। ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਦਾ ਸਰਵੇਖਣ ਕਰਵਾਇਆ ਗਿਆ। ਇਸ ਤਰ੍ਹਾਂ ਸੈਫ਼ਦੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਵੀ ਹਵਾਈ ਸਰਵੇ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ, ਖ਼ਾਲਸਾ ਕਾਲਜ ਸਣੇ ਹੋਰ ਸਿੱਖ ਵਿਰਾਸਤੀ ਇਮਾਰਤਾਂ ਨੂੰ ਗਹੁ ਨਾਲ ਤੱਕਿਆ। ਇਸ ਪਿੱਛੋਂ ਸੈਫ਼ਦੀ ਨੂੰ ਸ੍ਰੀ ਅਨੰਦਪੁਰ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੜਕੀ ਰਸਤੇ ਲਿਜਾ ਕੇ ਸਰਵੇਖਣ ਕਰਵਾਇਆ ਗਿਆ। ਇਹ ਸਾਰਾ ਕੰਮ 1 ਅਗਸਤ, 1997 ਨੂੰ ਪੂਰਾ ਹੋਇਆ। ਇਸੇ ਦੌਰਾਨ ਇਸ ਇਤਿਹਾਸਕ ਯਾਦਗਾਰ ਸਬੰਧੀ ਅਕਾਲੀ ਸਰਕਾਰ ਨੇ ਸਿੱਖ ਇਤਿਹਾਸ ਅਤੇ ਵਿਰਾਸਤ ਦੀ ਮੂਲ ਧਾਰਨਾ ਅਤੇ ਰੂਪ-ਰੇਖਾ ਤਿਆਰ ਕਰਨ ਲਈ 16 ਮੈਂਬਰੀ ਸਿੱਖ ਵਿਦਵਾਨਾਂ, ਇਤਿਹਾਸਕਾਰਾਂ, ਬੁੱਧੀਜੀਵੀਆਂ ਅਤੇ ਪੰਜਾਬ ਦੀ ਵਿਰਾਸਤ ਬਾਰੇ ਮਹੀਨ ਸੋਝੀ ਰੱਖਣ ਵਾਲੇ ਮਾਹਿਰਾਂ ਦੀ ਕਮੇਟੀ ਦਾ ਗਠਨ ਕਰ ਦਿੱਤਾ। ਇਸ ਕਮੇਟੀ ਵਿਚ ਡਾ: ਖੜਕ ਸਿੰਘ ਮਾਨ, ਡਾ: ਜੇ. ਐਸ. ਗਰੇਵਾਲ, ਡਾ: ਜਸਵੰਤ ਸਿੰਘ ਨੇਕੀ, ਡਾ: ਕਿਰਪਾਲ ਸਿੰਘ, ਡਾ: ਹਰਨਾਮ ਸਿੰਘ ਸ਼ਾਨ, ਡਾ: ਬੀ. ਐਸ. ਰਤਨ, ਡਾ: ਦਰਸ਼ਨ ਸਿੰਘ, ਡਾ: ਮਹਿੰਦਰ ਸਿੰਘ, ਡਾ: ਦਲੀਪ ਕੌਰ ਟਿਵਾਣਾ, ਪ੍ਰੋ: ਪ੍ਰੀਤਮ ਸਿੰਘ, ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ, ਡਾ: ਬੀ. ਐਨ. ਗੋਸਵਾਮੀ, ਸੇਵਾਮੁਕਤ ਬ੍ਰਿਗੇਡੀਅਰ ਜੀ.ਐਸ. ਗਰੇਵਾਲ ਨੂੰ ਸ਼ਾਮਿਲ ਕੀਤਾ ਗਿਆ। ਇਸ ਕਮੇਟੀ ਨੇ ਮੋਸ਼ੇ ਸੈਫ਼ਦੀ ਨੂੰ ਪੰਜਾਬ ਦੀ ਵਿਰਾਸਤ, ਸਿੱਖ ਇਤਿਹਾਸ, ਸੱਭਿਆਚਾਰ ਅਤੇ ਵਾਸਤੂ ਸ਼ਿਲਪ ਤੋਂ ਜਾਣੂ ਕਰਵਾਇਆ ਅਤੇ ਸਿੱਖੀ ਵਿਰਾਸਤ, ਸਿਧਾਂਤ, ਦਰਸ਼ਨ ਅਤੇ ਪ੍ਰੰਪਰਾਵਾਂ ਦੇ ਅਨੁਕੂਲ ਵਿਰਾਸਤੀ ਯਾਦਗਾਰ ਦਾ ਨਕਸ਼ਾ ਤਿਆਰ ਕਰਨ ਲਈ ਆਧਾਰ ਮੁਹੱਈਆ ਕੀਤਾ। ਇਸ ਪਿੱਛੋਂ ਇਕ ਵਾਰ ਮੁੜ ਮੋਸ਼ੇ ਸੈਫ਼ਦੀ ਨੂੰ 1998 ਵਿਚ ਹੋਲੇ-ਮਹੱਲੇ \'ਤੇ ਸ੍ਰੀ ਅਨੰਦਪੁਰ ਸਾਹਿਬ ਦਾ ਦੌਰਾ ਕਰਵਾਇਆ ਗਿਆ। ਉਨ੍ਹਾਂ ਨੇ ਸਾਰੇ ਸ੍ਰੀ ਅਨੰਦਪੁਰ ਸਾਹਿਬ ਦੇ ਨੀਮ ਪਹਾੜੀ ਖੇਤਰ ਦਾ ਜਾਇਜ਼ਾ ਲਿਆ। ਉਨ੍ਹਾਂ ਕਿਲ੍ਹਾ ਅਨੰਦਗੜ੍ਹ ਸਾਹਿਬ ਦੀ ਉਤਰ-ਪੂਰਬੀ ਬਾਹੀ ਵੱਲ ਨੀਮ ਪਹਾੜੀਆਂ, ਖੱਡਾਂ ਅਤੇ ਚੋਆਂ ਵਾਲੀ ਧਰਤੀ ਨੂੰ ਖ਼ਾਲਸਾ ਪੰਥ ਦਾ ਵਿਰਾਸਤੀ ਕੇਂਦਰ ਉਸਾਰਨ ਲਈ ਸਵੀਕਾਰ ਕਰ ਲਿਆ। ਸਿੱਖ ਰਵਾਇਤਾਂ ਅਨੁਸਾਰ ਪੰਜ ਪਿਆਰਿਆਂ ਨੇ 22 ਨਵੰਬਰ, 1998 ਨੂੰ \'ਖ਼ਾਲਸਾ ਵਿਰਾਸਤ ਭਵਨ\' ਜਿਸ ਦਾ ਨਾਂਅ ਹੁਣ ਬਦਲ ਕੇ \'ਵਿਰਾਸਤ-ਏ-ਖ਼ਾਲਸਾ ਕੇਂਦਰ\' ਰੱਖਿਆ ਗਿਆ ਹੈ, ਦਾ ਰਵਾਇਤੀ ਜ਼ੋਸ਼ੋ-ਖਰੋਸ਼ ਨਾਲ ਨੀਂਹ ਪੱਥਰ ਰੱਖ ਦਿੱਤਾ। ਇਸ ਦੀ ਉਸਾਰੀ ਦਾ ਕੰਮ ਲਾਰਸਨ ਐਂਡ ਟੂਬਰੋ ਕੰਪਨੀ ਨੂੰ ਸੌਂਪਿਆ ਗਿਆ। ਅੰਦਰੂਨੀ ਪ੍ਰਦਰਸ਼ਨੀ ਅਤੇ ਡਿਜ਼ਾਈਨ ਦਾ ਕੰਮ ਨੈਸ਼ਨਲ ਇੰਸਟੀਚਿਊਟ ਆਫ਼ ਡਿਜ਼ਾਈਨ ਅਹਿਮਦਾਬਾਦ ਨੂੰ ਸੌਂਪਿਆ ਗਿਆ। ਕੁਝ ਕੰਮ ਏ. ਬੀ. ਡਿਜ਼ਾਈਨ ਹੈਬਿਟ ਨਾਂਅ ਦੀ ਕੰਪਨੀ ਨੇ ਕੀਤਾ। ਇਸ ਵਿਰਾਸਤੀ ਕੇਂਦਰ ਦੀ ਉਸਾਰੀ ਦੇ ਵਿੱਤੀ ਪ੍ਰਬੰਧਾਂ ਲਈ ਪੰਜਾਬ ਸਰਕਾਰ ਨੇ ਇਕ ਖੁਦਮੁਖਤਿਆਰ ਸੰਸਥਾ \'ਆਨੰਦਪੁਰ ਸਾਹਿਬ ਫ਼ਾਊਂਡੇਸ਼ਨ\' ਦੀ ਸਥਾਪਨਾ ਕੀਤੀ। ਮੁੱਢਲੇ ਤੌਰ \'ਤੇ ਇਸ ਅਦੁੱਤੀ ਨਿਰਮਾਣ ਕਾਰਜ \'ਤੇ 210 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਅਤੇ ਇਸ ਨੂੰ ਅਗਸਤ, 2002 ਤੱਕ ਮੁਕੰਮਲ ਕਰਕੇ ਸਿੱਖ ਕੌਮ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ। ਪਰ ਇਹ ਨਿਰਮਾਣ ਸਮੇਂ-ਸਮੇਂ ਸਰਕਾਰਾਂ ਦੀ ਆਰਥਿਕ ਤੰਗੀ, ਸਿਆਸਤ ਅਤੇ ਫੰਡਾਂ ਦੀ ਘਾਟ ਕਾਰਨ ਲਟਕਦਾ ਗਿਆ ਅਤੇ ਇਸ \'ਤੇ ਖਰਚ ਹੋਣ ਵਾਲੀ ਰਾਸ਼ੀ ਵੀ ਵੱਧ ਗਈ। ਹੁਣ ਤੱਕ ਇਸ \'ਵਿਰਾਸਤ-ਏ-ਖ਼ਾਲਸਾ ਕੇਂਦਰ\' ਉਤੇ ਲਗਭਗ 300 ਕਰੋੜ ਰੁਪਏ ਖਰਚ ਹੋ ਚੁੱਕੇ ਹਨ। 1997-2002 ਦੀ ਅਕਾਲੀ ਵਜ਼ਾਰਤ ਨੇ ਕੇਂਦਰ ਵਿਚਲੀ ਆਪਣੀ ਸਹਿਯੋਗੀ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਦੇ ਸਹਿਯੋਗ ਨਾਲ ਇਸ \'ਤੇ 54 ਕਰੋੜ ਰੁਪਏ ਖਰਚ ਕੀਤੇ ਸਨ। 2002-2007 ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਕੁਝ ਸਮਾਂ ਨਿਰਮਾਣ ਦਾ ਕੰਮ ਰੁਕ ਗਿਆ ਅਤੇ ਇਕ ਵਾਰ ਤਾਂ ਖ਼ਾਲਸਾ ਪੰਥ ਦੇ ਅਲੌਕਿਕ ਪੰਧ ਦੀ ਅਦੁੱਤੀ ਯਾਦਗਾਰ ਸਥਾਪਿਤ ਹੋਣ \'ਤੇ ਸਵਾਲੀਆ ਨਿਸ਼ਾਨ ਵੀ ਲੱਗ ਗਿਆ ਸੀ। 16 ਅਪ੍ਰੈਲ, 2002 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ \'ਖ਼ਾਲਸਾ ਵਿਰਾਸਤ ਭਵਨ\' ਦਾ ਦੌਰਾ ਕੀਤਾ ਅਤੇ ਤੁਰੰਤ 15 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ। ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਇਸ ਯਾਦਗਾਰ ਨੂੰ ਸਤੰਬਰ, 2004 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਥਾਪਨਾ ਦਿਵਸ ਦੀ ਚੌਥੀ ਸ਼ਤਾਬਦੀ ਤੱਕ ਮੁਕੰਮਲ ਕਰਕੇ ਮਾਨਵਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਪਰ ਇਹ ਪ੍ਰਾਜੈਕਟ ਠੋਸ ਵਿੱਤੀ ਪ੍ਰਬੰਧਾਂ ਦੀ ਅਣਹੋਂਦ ਕਾਰਨ ਸਮੇਂ ਸਿਰ ਪੂਰਾ ਨਾ ਹੋ ਸਕਿਆ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤੰਬਰ 2004 ਵਿਚ ਮਨਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੇ 48 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਇਸ ਯਾਦਗਾਰ ਨੂੰ ਹਰ ਹੀਲੇ ਮੁਕੰਮਲ ਕਰਵਾਉਣ ਦਾ ਅਹਿਦ ਵੀ ਲਿਆ। ਵਾਰ-ਵਾਰ ਵਿੱਤੀ ਸੰਕਟ ਤੋਂ ਬਾਅਦ ਅਜਿਹੀ ਯੋਜਨਾ ਤਿਆਰ ਕੀਤੀ ਗਈ ਕਿ ਇਸ ਦੇ ਨਿਰਮਾਣ ਲਈ 1/3 ਹਿੱਸਾ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਸਕੇ ਅਤੇ ਬਾਕੀ 2/3 ਹਿੱਸਾ ਪੰਜਾਬ ਸਰਕਾਰ ਅਤੇ ਦੇਸ਼-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਇਕੱਠਾ ਕੀਤਾ ਜਾ ਸਕੇ। ਪੰਜਾਬ ਸਰਕਾਰ ਨੇ 100 ਕਰੋੜ ਰੁਪਏ ਦਾ ਕਰਜ਼ਾ ਬੈਂਕ ਤੋਂ ਲੈ ਕੇ ਦਿੱਤਾ। ਪਹਿਲੇ ਪੜਾਅ ਦਾ ਕਾਰਜ ਮੁਕੰਮਲ ਹੋਣ \'ਤੇ ਇਸ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 14 ਅਪ੍ਰੈਲ, 2006 ਨੂੰ ਸਿੱਖ ਸੰਤਾਂ-ਮਹਾਂਪੁਰਸ਼ਾਂ ਹੱਥੋਂ ਪੂਰੀ ਸ਼ਾਨੋ-ਸ਼ੋਕਤ ਨਾਲ ਕਰਵਾਇਆ। ਪਰ ਪਹਿਲੇ ਪੜਾਅ ਦੌਰਾਨ ਬਣੇ ਹਿੱਸੇ ਵਿਚ ਦੇਖਣਯੋਗ ਖ਼ਾਸੀਅਤ ਨਾ ਹੋਣ ਕਰਕੇ ਇਸ ਨੂੰ ਆਮ ਸੰਗਤਾਂ ਲਈ ਖੋਲ੍ਹਿਆ ਨਾ ਜਾ ਸਕਿਆ। ਲਗਭਗ 13 ਸਾਲਾਂ ਦੀ ਲੰਬੀ ਉਡੀਕ ਤੋਂ ਬਾਅਦ ਇਤਫ਼ਾਕਨ ਅਕਾਲੀ-ਭਾਜਪਾ ਸਰਕਾਰ ਦੌਰਾਨ ਹੀ ਬਜ਼ੁਰਗ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਦੀ ਖ਼ਾਲਸਾ ਪੰਥ ਦੀ ਆਧੁਨਿਕ ਯਾਦਗਾਰ ਦੇਖਣ ਦਾ ਸੁਪਨਾ ਪੂਰਾ ਹੁੰਦਾ ਜਾਪ ਰਿਹਾ ਹੈ। ਇਸ ਵਿਚ ਬਣਾਈਆਂ ਜਾਣ ਵਾਲੀਆਂ ਕੁੱਲ 25 ਗੈਲਰੀਆਂ ਵਿਚੋਂ 15 ਮੁਕੰਮਲ ਹੋ ਗਈਆਂ ਹਨ, ਜਦੋਂਕਿ 10 ਗੈਲਰੀਆਂ ਦਾ ਨਿਰਮਾਣ ਕੀਤਾ ਜਾਣਾ ਹਾਲੇ ਬਾਕੀ ਹੈ। ਜਦੋਂ ਸਾਲ 2008 ਵਿਚ ਇਸ ਯਾਦਗਾਰ ਸਬੰਧੀ ਯੋਜਨਾ ਦਾ ਐਲਾਨ ਹੋਇਆ ਸੀ ਤਾਂ ਆਖਿਆ ਗਿਆ ਸੀ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਪੰਥ ਦੀ ਬਣਨ ਵਾਲੀ ਆਧੁਨਿਕ ਯਾਦਗਾਰ ਦੁਨੀਆ ਦਾ ਅੱਠਵਾਂ ਅਜੂਬਾ ਹੋਵੇਗੀ। ਜੇਕਰ ਇਹ ਯਾਦਗਾਰ ਸਮੇਂ ਸਿਰ ਪੂਰੀ ਤਰ੍ਹਾਂ ਮੁਕੰਮਲ ਹੋ ਜਾਵੇ, ਬਿਨ੍ਹਾਂ ਕਿਸੇ ਵਿੱਤੀ ਰੁਕਾਵਟ ਦੇ ਇਸ ਦੀਆਂ ਬਾਕੀ ਰਹਿੰਦੀਆਂ 10 ਗੈਲਰੀਆਂ ਵੀ ਜਲਦ ਤਿਆਰ ਹੋ ਜਾਣ ਤਾਂ ਨਿਰਸੰਦੇਹ \'ਵਿਰਾਸਤ-ਏ-ਖ਼ਾਲਸਾ ਕੇਂਦਰ\' ਦੁਨੀਆ ਦਾ ਅੱਠਵਾਂ ਅਜੂਬਾ ਤਾਂ ਹੋਵੇਗਾ ਹੀ, ਨਾਲ ਹੀ ਇਹ ਦੁਨੀਆ ਭਰ ਵਿਚ ਕਿਸੇ ਦੇਸ਼, ਧਰਮ, ਕੌਮ ਦੀ ਆਪਣੇ ਆਪ ਵਿਚ ਵਿਲੱਖਣ ਯਾਦਗਾਰ ਵੀ ਹੋਵੇਗੀ। \'ਵਿਰਾਸਤ-ਏ-ਖ਼ਾਲਸਾ ਕੇਂਦਰ\' ਵਿਚ ਸਿੱਖ ਪ੍ਰੰਪਰਾਵਾਂ ਨੂੰ ਧਿਆਨ ਵਿਚ ਰੱਖਦਿਆਂ ਗੁਰੂ ਸਾਹਿਬਾਨ ਦੇ ਸਿਰਫ਼ ਉਹੀ ਚਿੱਤਰ ਦਿਖਾਏ ਜਾਣਗੇ, ਜਿਹੜੇ ਰਵਾਇਤੀ ਜਨਮ ਸਾਖੀਆਂ ਵਿਚ ਪ੍ਰਚਲਿਤ ਹਨ। ਭਾਵੇਂ ਕੋਈ ਸਿੱਖ ਜਾਂ ਗੈਰ-ਸਿੱਖ, ਸ਼ਰਧਾਲੂ ਹੋਵੇ ਜਾਂ ਨਾਸਤਿਕ, ਇਹ ਵਿਰਾਸਤੀ ਕੇਂਦਰ ਸਾਰਿਆਂ ਲਈ ਸਿੱਖ ਤਵਾਰੀਖ ਨੂੰ ਜਾਨਣ ਅਤੇ ਸਮਝਣ ਲਈ ਇਕੋ-ਜਿਹੀ ਦਿਲਚਸਪੀ ਅਤੇ ਤੀਬਰਤਾ ਪੈਦਾ ਕਰੇਗਾ। ਇਸ ਕੇਂਦਰ ਦੇ ਮੁੱਢਲੇ ਨਕਸ਼ੇ ਅਨੁਸਾਰ ਇਕ ਬਾਟਾ ਰੂਪੀ ਤਲਾਬ ਵਿਚ 300 ਫ਼ੁੱਟ ਉਚੀ ਖੰਡਾਨੁਮਾ ਇਮਾਰਤ \'ਨਿਸ਼ਾਨ-ਏ-ਖ਼ਾਲਸਾ\' ਬਣਾਉਣ ਦੀ ਤਜਵੀਜ਼ ਸੀ, ਜਿਹੜੀ ਅੰਮ੍ਰਿਤ ਵਾਲੇ \'ਖੰਡੇ-ਬਾਟੇ\' ਦਾ ਅਦਭੁੱਤ ਦ੍ਰਿਸ਼ ਪੇਸ਼ ਕਰਨ ਵਾਲੀ ਹੋਣੀ ਸੀ। \'ਨਿਸ਼ਾਨ-ਏ-ਖ਼ਾਲਸਾ\' ਅਚਾਨਕ ਇਸ ਯਾਦਗਾਰ ਵਿਚੋਂ ਅਲੋਪ ਹੋਣ ਕਾਰਨ ਸਿੱਖ ਮਨਾਂ ਅੰਦਰ ਕੁਝ ਸ਼ੰਕੇ ਪੈਦਾ ਹੋਏ ਹਨ। ਚੰਗਾ ਹੋਵੇਗਾ ਜੇਕਰ ਸਿੱਖ ਜਗਤ ਦੇ ਇਸ ਸ਼ੰਕੇ ਨੂੰ ਵੀ ਦੂਰ ਕੀਤਾ ਜਾਵੇ ਅਤੇ \'ਨਿਸ਼ਾਨ-ਏ-ਖ਼ਾਲਸਾ\' ਨਾ ਉਸਾਰਨ ਦਾ ਕਾਰਨ ਵੀ ਸਪੱਸ਼ਟ ਕੀਤਾ ਜਾਵੇ।
-
BY Talwinder Singh Buttar (COURTESY: AJIT, NOV.20,2011),
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.