ਸੜਕ ਹਾਦਸਿਆਂ ਦੇ ਸੱਲ
ਬਲਜੀਤ ਬੱਲੀ
ਪਿਛਲੇ ਹਫ਼ਤੇ ਸ਼ਾਮ ਨੂੰ ਆਪਣੇ ਮੁਹਾਲੀ ਵਿਚਲੇ ਦਫ਼ਤਰ ਤੋਂ ਪਰਤ ਰਿਹਾ ਸੀ। ਥੋੜ੍ਹਾ ਮੂੰਹ ਨ੍ਹੇਰਾ ਸੀ। ਫੇਜ਼ 10 ਨੇੜੇ ਬੱਤੀਆਂ ਵਾਲੇ ਇੱਕ ਚੌਕ ਵਿੱਚ ਮੇਰੀ ਕਾਰ ਸੜਕ ਵਿਚਕਾਰ ਡਿੱਗੇ ਖੰਭੇ ਵਿੱਚ ਵੱਜਦੀ ਮਸਾਂ ਹੀ ਬਚੀ। ਸੁੱਖ ਦਾ ਸਾਹ ਲਿਆ ਕਿ ਹਾਦਸੇ ਤੋਂ ਬਚ ਗਿਆ। ਖੰਭੇ ਦਾ ਬਾਹਰਲਾ ਸਿਰਾ ਸੜਕ ਦੇ ਵਿਚਕਾਰ ਪਿਆ ਸੀ ਜੋ ਦੂਰੋਂ ਬਿਲਕੁਲ ਦਿਖਾਈ ਨਹੀਂ ਸੀ ਦੇ ਰਿਹਾ। ਅਗਲਾ ਖ਼ਿਆਲ ਆਇਆ ਕਿ ਮੈਂ ਤਾਂ ਬਚ ਗਿਆ, ਕੋਈ ਹੋਰ ਇਸੇ ਖੰਭੇ ਕਾਰਨ ਹਾਦਸੇ ਦਾ ਸ਼ਿਕਾਰ ਹੋ ਸਕਾ ਹੈੈ। ਸੋਚਿਆ ਕਿ ਕਿਸੇ ਨੂੰ ਫ਼ੋਨ ਕਰਾਂ ਪਰ ਜ਼ਿਹਨ ਵਿੱਚ ਆਇਆ ਕਿ ਇਸ ਮਕਸਦ ਲਈ ਕਿਹੜੇ ਫ਼ੋਨ ’ਤੇ, ਕਿਸਨੂੰ ਕਹਾਂ? ਸੋਚਦੇ-ਸੋਚਦੇ ਪਿਛਲੇ ਮਹੀਨੇ ਮਲੋਟ ਕੋਲ ਹੋਏ ਇੱਕ ਭਿਆਨਕ ਹਾਦਸੇ ਦੀ ਯਾਦ ਆ ਗਈ।
ਗਿੱਦੜਬਾਹਾ ਤੇ ਮਲੋਟ ਵਿਚਕਾਰ ਇੱਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਦੇਰ ਰਾਤੀਂ ਉਦੋਂ ਵਾਪਰਿਆ ਸੀ ਜਦੋਂ ਇੱਕ ਤੇਜ਼ ਰਫ਼ਤਾਰ ਕਾਰ, ਸੜਕ ਵਿਚਕਾਰ ਖੜ੍ਹੀ, ਲੱਕੜਾਂ ਭਰੀ ਇੱਕ ਟਰਾਲੀ ਵਿੱਚ ਜਾ ਵੱਜੀ ਸੀ। ਮਰਨ ਵਾਲੇ ਮਲੋਟ ਦੇ ਵਾਸੀ ਸਨ। ਮਲੋਟ ਵਿੱਚ ਸੋਗ ਵੀ ਛਾਇਆ ਸੀ ਤੇ ਰੋਸ ਵੀ। ਕਾਰਨ ਲੱਕੜਾਂ ਭਰੀ ਖ਼ਰਾਬ ਟਰਾਲੀ ਦੋ ਦਿਨ ਤੋਂ ਉਥੇ ਖੜ੍ਹੀ ਸੀ ਪਰ ਪੁਲੀਸ ਜਾਂ ਕਿਸੇ ਹੋਰ ਏਜੰਸੀ ਨੇ ਨਾ ਹੀ ਟਰਾਲੀ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਸੜਕ ’ਤੇ ਖ਼ਤਰੇ ਦਾ ਕੋਈ ਨਿਸ਼ਾਨ ਲਾਉਣ ਦੀ ਸੋਚੀ। ਟਰਾਲੀ ਦੇ ਪਿੱਛੇ ਕੋਈ ਰਿਫਲੈਕਟਰ ਲੱਗਾ ਨਹੀਂ ਸੀ ਅਤੇ ਕਾਰ ਚਾਲਕਾਂ ਨੂੰ ਅੱਗੋਂ ਪੈ ਰਹੀ ਕਿਸੇ ਹੋਰ ਮੋਟਰ ਗੱਡੀ ਦੀ ਰੌਸ਼ਨੀ ਕਾਰਨ ਉਹ ਟਰਾਲੀ ਦਿਸੀ ਨਹੀਂ ਸੀ ਤੇ ਤਿੰਨ ਕੀਮਤੀ ਜਾਨਾਂ ਅਜਾਈਂ ਗਈਆਂ।
ਇਸ ਅਫ਼ਸੋਸਨਾਕ ਹਾਦਸੇ ਨੇ ਮੈਨੂੰ ਅੱਜ ਤੋਂ 21 ਵਰ੍ਹੇ ਪਹਿਲਾਂ ਡੇਰਾਬਸੀ ਨੇੜੇ ਅਜਿਹੇ ਹੀ ਇੱਕ ਵਾਪਰੇ ਹਾਦਸੇ ਦੀ ਦਰਦ ਭਰੀ ਭਰੀ ਘਟਨਾ ਯਾਦ ਆ ਦਿਵਾ ਦਿੱਤੀ ਜਿਸ ਵਿੱਚ ਮੈਂ ਵੀ ਸ਼ਾਮਲ ਸੀ। ਵਾਕਿਆ 20 ਸਤੰਬਰ 1990 ਦਾ ਹੈ। ਸਵੇਰ ਪੌਣੇ ਕੁ ਪੰਜ ਵਜੇ ਦਾ ਵਕਤ ਹੋਣ ਕਾਰਨ ਥੋੜ੍ਹਾ ਮੂੰਹ ਨ੍ਹੇਰਾ ਜਿਹਾ ਸੀ। ਉਸ ਵੇਲੇ ਦੀ ਲਗਜ਼ਰੀ ਮੰਨੀ ਜਾਂਦੀ ਕਾਰ ਐਨ ਈ 118 ਵਿੱਚ ਅਸੀਂ ਚਾਰ ਸਵਾਰ ਦਿੱਲੀ ਜਾ ਰਹੇ ਸਾਂ। ਮੇਰੇ ਤੋਂ ਇਲਾਵਾ ਕਾਰ-ਮਾਲਕ ਅਤੇ ਟਿਊਬਵੈੱਲ ਇੰਜੀਨੀਅਰ ਸਵਰਗੀ ਗੁਰਨਾਮ ਸਿੰਘ ਡੇਰਾਬਸੀ ਦਾ ਛੋਟਾ ਤੇ ਨੌਜਵਾਨ ਪੁੱਤਰ ਅਮਰਦੀਪ ਸਿੰਘ ਅਤੇ ਤੀਜਾ ਟ੍ਰਿਬਿਊਨ ਦੇ ਸਾਬਕਾ ਨਿਊਜ਼ ਐਡੀਟਰ ਐਸ. ਪੀ. ਸ਼ਰਮਾ ਦਾ ਪੁੱਤਰ ਸੰਦੀਪ ਸ਼ਰਮਾ ਸੀ। ਚੌਥਾ ਜਣਾ ਮੂਰਤੀ ਨਾਮੀ ਡਰਾਈਵਰ ਸੀ। ਅਮਰਦੀਪ ਤੇ ਸੰਦੀਪ ਪਿੱਛੇ ਬੈਠੇ ਇੱਕ ਫਾਈਲ ’ਤੇ ਵਿਚਾਰ ਵਟਾਂਦਰਾ ਕਰ ਰਹੇ ਸਨ। ਇਹ ਫਾਈਲ ਅਮਰਦੀਪ ਤੇ ਉਨ੍ਹਾਂ ਦੀ ਪਰਿਵਾਰਕ ਕੰਪਨੀ ਵੱਲੋਂ ਟਿਊਬਵੈੱਲਾਂ ਵਿੱਚ ਵਰਤੇ ਜਾਂਦੇ ਫ਼ਿਲਟਰ ਤਿਆਰ ਕਰਨ ਦਾ ਕਾਰਖ਼ਾਨਾ ਲਾਉਣ ਬਾਰੇ ਸੀ। ਇਹ ਪਲਾਂਟ ਡੇਰਾਬਸੀ ਨੇੜੇ ਲਾਇਆ ਜਾਣਾ ਸੀ। ਇਹ ਫ਼ਿਲਟਰ ਇੰਪੋਰਟ ਕੀਤੇ ਜਾਂਦੇ ਸਨ ਪਰ ਮਾਸਟਰ ਆਫ਼ ਇੰਜੀਨੀਅਰਿੰਗ ਕਰਕੇ ਟਿਊਬਵੈੱਲ ਬੋਰਿੰਗ ਦੇ ਕਿੱਤੇ ਵਿੱਚ ਸ਼ਾਮਲ ਹੋਏ ਅਮਰਦੀਪ ਨੇ ਸੋਚਿਆ ਕਿ ਕਿਉਂ ਨਾ ਇਹ ਫ਼ਿਲਟਰ ਦੇਸ਼ ਵਿੱਚ ਤਿਆਰ ਕੀਤੇ ਜਾਣ। ਅਮਰਦੀਪ ਬੜੇ ਫ਼ਖ਼ਰ ਨਾਲ ਕਹਿੰਦਾ ਸੀ,‘‘ਡੇਰਾਬਸੀ ਇਲਾਕੇ ਦਾ ਕੋਈ ਮੁੰਡਾ ਵੀ ਵਿਹਲਾ ਨਹੀਂ ਰਹੇਗਾ। ਇਸ ਪਲਾਂਟ ਵਿੱਚ 5 ਹਜ਼ਾਰ ਕਾਮਿਆਂ ਦੀ ਲੋੜ ਹੈ।’’
ਖ਼ੈਰ, ਅਜੇ ਅਸੀਂ ਡੇਰਾਬਸੀ ਤੋਂ ਤੋਂ ਚੱਲ ਕੇ ਸਾਢੇ ਕੁ ਤਿੰਨ ਕਿਲੋਮੀਟਰ ਹੀ ਗਏ ਸਾਂ ਕਿ ਮੈਂ ਦੇਖਿਆ ਕਿ ਸਾਡੀ ਕਾਰ ਸੜਕ ਦੇ ਵਿਚਕਾਰ ਖੜ੍ਹੀ ਲੱਕੜਾਂ ਭਾਰੀ ਇੱਕ ਟਰਾਲੀ ਵਿੱਚ ਵੱਜਣ ਲੱਗੀ ਸੀ। ਸੁੱਤੇ-ਸਿੱਧ ਹੀ ਆਪਣੇ ਆਪ ਨੂੰ ਬਚਾਉਣ ਲਈ ਮੇਰਾ ਸਿਰ ਹੇਠਾਂ ਨੂੰ ਝੁਕਿਆ। ਡਰਾਈਵਰ ਨੇ ਬਥੇਰਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਕਾਰ ਦਾ ਮੇਰੇ ਵਾਲਾ ਪਾਸਾ ਟਰਾਲੀ ਵਿੱਚ ਪੂਰੇ ਜ਼ੋਰ ਨਾਲ ਜਾ ਵੱਜਾ। ਮੈਂ ਬੇਹੋਸ਼ ਹੋ ਗਿਆ। ਕੁਝ ਮਿੰਟਾਂ ਬਾਅਦ ਜਦ ਹੋਸ਼ ਆਈ ਤਾਂ ਮੱਥੇ ਦੇ ਖੱਬੇ ਪਾਸਿਓਂ ਖ਼ੂਨ ਵਗ ਰਿਹਾ ਸੀ। ਕਾਰ ਦੀ ਛੱਤ ਵੀ ਗ਼ਾਇਬ ਸੀ। ਕਾਰ ਵਿੱਚੋਂ ਬਾਹਰ ਨਿਕਲਿਆ ਤਾਂ ਦੇਖਿਆ ਕਿ ਪਿੱਛੇ ਅਮਰਦੀਪ ਲਹੂ-ਲੁਹਾਨ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਕੁਦਰਤ ਦਾ ਕ੍ਰਿਸ਼ਮਾ ਸੀ ਕਿ ਡਰਾਈਵਰ ਅਤੇ ਸੰਦੀਪ ਦੋਵੇਂ ਹੀ ਸੱਟ-ਫੇਟ ਤੋਂ ਬਚ ਗਏ ਸਨ। ਅਮਰਦੀਪ ਨੂੰ ਕਾਰ ਤੋਂ ਹੇਠਾਂ ਲਾਹਿਆ ਅਤੇ ਕਿਸੇ ਹੋਰ ਮੋਟਰ ਗੱਡੀ ਨੂੰ ਰੋਕ ਕੇ ਹਸਪਤਾਲ ਪੁਚਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਕਿਸੇ ਨੇ ਗੱਡੀ ਨਹੀਂ ਰੋਕੀ। ਮਾਯੂਸ ਹੋ ਕੇ ਜਦ ਡਰਾਈਵਰ ਆਪਣੀ ਕਾਰ ਸਟਾਰਟ ਕਰਕੇ ਦੇਖੀ ਤਾਂ ਉਹ ਚੱਲ ਪਈ। ਅਸੀਂ ਮੁੜ ਅਮਰਦੀਪ ਨੂੰ ਚੁੱਕ ਕੇ ਟੁੱਟੀ-ਫੁੱਟੀ ਛੱਤ ਵਾਲੀ ਉਸੇ ਕਾਰ ਵਿੱਚ ਪਾਇਆ ਤੇ ਚੰਡੀਗੜ੍ਹ ਵੱਲ ਚੱਲ ਪਏ। ਅਮਰਦੀਪ ਦੀ ਗੰਭੀਰ ਹਾਲਤ ਦੇਖ ਕੇ ਮੈਨੂੰ ਮੇਰੀ ਮੱਥੇ ਵਾਲੀ ਸੱਟ ਭੁੱਲ ਗਈ। ਪੇਸ਼ੇ ਵਜੋਂ ਇੱਕ ਇੰਜੀਨੀਅਰ ਹੋਣ ਦੇ ਬਾਵਜੂਦ ਉਹ ਸਾਹਿਤਕ ਰੁਚੀਆਂ ਨਾਲ ਭਰਪੂਰ ਸੀ ਅਤੇ ਲੇਖਕਾਂ ਅਤੇ ਪੱਤਰਕਾਰਾਂ ਦਾ ਬੇਹੱਦ ਕਦਰਦਾਨ ਸੀ। ਦਿੱਲੀ ਜਾਣ ਵੇਲੇ ਅਕਸਰ ਉਸ ਦੀ ਕੋਸ਼ਿਸ਼ ਹੁੰਦੀ ਕਿ ਮੈਂ ਜ਼ਰੂਰ ਨਾਲ ਚੱਲਾਂ।
ਖੈਰ, ਉਸ ਵੇਲੇ ਇੱਕੋ ਨਿਸ਼ਾਨਾ ਸੀ, ਜਿੰਨੀ ਜਲਦੀ ਹੋਵੇ ਹਸਪਤਾਲ ਪੁੱਜੀਏ। ਬਦਕਿਸਮਤੀ ਨਾਲ ਥੋੜ੍ਹੀ ਦੂਰ ਜਾ ਕੇ ਉਹ ਕਾਰ ਪੈਂਚਰ ਹੋ ਗਈ। ਫੇਰ ਇੱਕ ਹੋਰ ਕਾਰ ’ਤੇ ਅਸੀਂ ਆਖ਼ਰ ਪੀ. ਜੀ. ਆਈ. ਪੁੱਜ ਗਏ ਸਾਂ। ਇੰਨੇ ਨੂੰ ਡੇਰਾਬਸੀ ਵਾਲਾ ਸਾਰਾ ਪਰਿਵਾਰ ਵੀ ਪੁੱਜ ਗਿਆ ਸੀ। ਅਮਰਦੀਪ ਨੂੰ ਐੱਮਰਜੈਂਸੀ ਵਿੱਚ ਦਾਖ਼ਲ ਕਰਾਉਣ ਤੋਂ ਤੁਰੰਤ ਬਾਅਦ ਮੈਂ ਬੇਹੋਸ਼ ਗਿਆ। ਜਦੋਂ ਹੋਸ਼ ਆਈ ਤਾਂ ਪਤਾ ਲੱਗਾ ਕਿ ਮੱਥੇ ਦੇ ਖੱਬੇ ਪਾਸੇ ਹੋਏ ਜ਼ਖ਼ਮ ਨੂੰ ਬੰਦ ਕਰਨ ਲਈ 13 ਟਾਂਕੇ ਲਾਉਣੇ ਪਏ ਸਨ। ਡਾਕਟਰਾਂ ਨੇ ਦੱਸਿਆ ਸੀ ਕਿ ਅਮਰਦੀਪ ਦੇ ਦਿਮਾਗ਼ ਵਿੱਚ ਗੰਭੀਰ ਸੱਟ ਲੱਗੀ ਸੀ ਜੋ ਕਿ ਉਸ ਲਈ ਘਾਤਕ ਸਾਬਤ ਹੋਈ। ਬਦਕਿਸਮਤੀ ਨਾਲ ਇੱਕ ਹਫ਼ਤੇ ਬਾਅਦ 27 ਸਤੰਬਰ 1990 ਨੂੰ ਅਮਰਦੀਪ ਦੀ ਹਸਪਤਾਲ ਵਿੱਚ ਹੀ ਮੌਤ ਹੋ ਗਈ। ਉਸ ਦੀ ਉਮਰ ਉਸ ਵੇਲੇ ਸਿਰਫ਼ 28 ਵਰ੍ਹੇ ਸੀ। ਇੱਕ ਹੋਣਹਾਰ ਜਿੰਦੜੀ ਸਿਰਫ਼ ਇਸ ਕਰਕੇ ਅਜਾਂਈ ਚਲੀ ਗਈ ਕਿ ਸਾਡੀ ਕਾਰ ਵੀ ਬਿਲਕੁਲ ਮਲੋਟ ਵਾਂਗ ਹੀ ਹਾਦਸੇ ਦਾ ਸ਼ਿਕਾਰ ਹੋਈ ਸੀ। ਅੱਗੋਂ ਆ ਰਹੇ ਇੱਕ ਟਰੱਕ ਦੀਆਂ ਲਾਈਟਾਂ ਕਰਨ ਸੜਕ ਵਿਚਕਾਰ ਖ਼ਰਾਬ ਖੜ੍ਹੀ ਟਰਾਲੀ ਡਰਾਈਵਰ ਨੂੰ ਦਿਸੀ ਨਹੀਂ। ਇਸ ਦੇ ਵੀ ਕੋਈ ਰਿਫਲੈਕਟਰ ਨਹੀਂ ਸਨ ਲੱਗੇ ਹੋਏ। ਕਸੂਰ ਉਦੋਂ ਵੀ ਓਸ ਟਰਾਲੀ ਮਾਲਕ ਦਾ ਸੀ ਜੋ ਇਸ ਨੂੰ ਲਾਵਾਰਿਸ ਸੜਕ ਦੇ ਵਿਚਕਾਰ ਖੜ੍ਹੀ ਕਰਕੇ ਛੱਡ ਕੇ ਚਲਾ ਗਿਆ ਸੀ ਪਰ ਇਸ ਲਈ ਉਸੇ ਸਰਕਾਰੀਤੰਤਰ ਦੀ ਨਾਲਾਇਕੀ ਅਤੇ ਲਾਪਰਵਾਹੀ ਵੀ ਓਨੀ ਹੀ ਜ਼ਿੰਮੇਵਾਰ ਹੈ ਜਿੰਨੀ ਕਿ ਦੋ ਦਹਾਕੇ ਪਹਿਲਾਂ ਸੀ। ਪਤਾ ਨਹੀਂ ਹੋਰ ਕਿੰਨੀਆਂ ਜਾਨਾਂ ਇਸੇ ਬਦਇੰਤਜ਼ਾਮੀ ਅਤੇ ਕੁਤਾਹੀ ਕਰਕੇ ਹੁਣ ਤਕ ਅਜਾਈਂ ਗਈਆਂ ਹੋਣਗੀਆਂ। ਸਾਡੇ ਨੇਤਾ ਪੰਜਾਬ ਦੇ ਵਿਕਾਸ ਦੀਆਂ ਟਾਹਰਾਂ ਬਹੁਤ ਮਾਰਦੇ ਨੇ,ਸੁਧਾਰਾਂ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ, ਪੁਲੀਸ ਅਤੇ ਟ੍ਰੈਫਿਕ ਪ੍ਰਬੰਧ ਸੁਚਾਰੂ ਬਣਾਉਣ ਲਈ ਕਰੋੜਾਂ ਰੁਪਏ ਖ਼ਰਚਣ ਦੇ ਐਲਾਨ ਵੀ ਬਹੁਤ ਸੁਣੇ ਨੇ ਪਰ ਸਾਰੀ ਪੁਲੀਸ ਮਸ਼ੀਨਰੀ ,ਮਹਿਕਮਾ ਜਾਂ ਸੜਕ ਮਹਿਕਮਾ ਸਿਰਫ਼ ਐਨੀ ਗੱਲ ਯਕੀਨੀ ਨਹੀਂ ਬਣਾ ਸਕਦਾ ਕਿ ਜੇ ਕਿਸੇ ਸੜਕ ਵਿਚਕਾਰ ਕੋਈ ਖ਼ਰਾਬ ਟਰਾਲੀ ਜਾਂ ਮੋਟਰ ਛੱਡ ਗਿਆ ਤਾਂ ਉਸ ਨੂੰ ਕਿਸੇ ਤਰੀਕੇ ਪਾਸੇ ਕਰ ਦਿੱਤਾ ਜਾਵੇ ਜਾਂ ਘੱਟੋ-ਘੱਟ ਉਦੋਂ ਤਕ ਕੋਈ ਅਜਿਹੀ ਚਮਕੀਲੀ ਲਾਲ ਨਿਸ਼ਾਨੀ ਲਾਈ ਜਾਵੇ ਜਿਸ ਨਾਲ ਹਾਦਸਿਆਂ ਤੋਂ ਬਚਿਆ ਜਾ ਸਕੇ। ਵਿਚਾਰਨ ਵਾਲਾ ਮੁੱਦਾ ਇਹ ਹੈ ਕਿ 21 ਵਰ੍ਹੇ ਬਾਅਦ ਵੀ ਸਾਡੀ ਸਰਕਾਰ, ਪੁਲੀਸ, ਟ੍ਰੈਫਿਕ ਤੇ ਟਰਾਂਸਪੋਰਟ ਮਹਿਕਮਾ ਉੱਥੇ ਦਾ ਉਥੇ ਹੀ ਖੜ੍ਹਾ ਹੈ। ਅੱਜ ਵੀ ਇਨ੍ਹਾਂ ਅਜਾਈਂ ਮੌਤਾਂ ਲਈ ਉਹੀ ਨਾਕਸ ਪ੍ਰਬੰਧ ਜ਼ਿੰਮੇਵਾਰ ਹੈ। ਰੋਜ਼ਾਨਾ ਸੜਕਾਂ, ਮੋਟਰ ਗੱਡੀਆਂ ਤੇ ਆਵਾਜਾਈ ਦੀ ਰਫ਼ਤਾਰ ਵਿਚ ਵਾਧਾ ਹੋ ਰਿਹਾ ਹੈ। ਪੰਜਾਬ ’ਚ ਸੜਕ ਹਾਦਸੇ ਵਧ ਰਹੇ ਨੇ। ਇਨ੍ਹਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਫ਼ੀਸਦੀ ਵਧਦੀ ਜਾ ਰਹੀ ਹੈ। ਰਿਕਾਰਡ ਗਵਾਹ ਹੈ। ਪੰਜਾਬ ਵਿੱਚ ਰੋਜ਼ਾਨਾ 18 ਹਾਦਸੇ ਹੁੰਦੇ ਨੇ ਜਿਨ੍ਹਾਂ ਵਿੱਚ ਔਸਤਨ 16 ਜਣੇ ਫੱਟੜ ਹੁੰਦੇ ਨੇ ਅਤੇ 9 ਮੌਤਾਂ ਹੋ ਜਾਂਦੀਆਂ ਨੇ। ਸਾਲ 2010 ਵਿੱਚ ਹਾਦਸਿਆਂ ’ਚ ਮੌਤਾਂ ਦੀ ਗਿਣਤੀ 3424 ਸੀ। ਜੂਨ 2011 ਤਕ ਛੇ ਮਹੀਨੇ ’ਚ ਹੀ 1645 ਮੌਤਾਂ ਹਾਦਸਿਆਂ ਵਿੱਚ ਹੋ ਚੁੱਕੀਆਂ ਸਨ। ਜੇ ਸਮੇਂ ਸਿਰ ਸੜਕਾਂ ਅਤੇ ਰਸਤਿਆਂ ਵਿਚਕਾਰ ਖ਼ਰਾਬ ਖੜ੍ਹੀਆਂ ਮੋਟਰ-ਗੱਡੀਆਂ ਅਤੇ ਹਾਦਸਿਆਂ ਦਾ ਕਾਰਨ ਬਣਦੇ ਹੋਰ ਅੜਿੱਕੇ ਹਟਾ ਦਿੱਤੇ ਜਾਣ ਤਾਂ ਅਮਰਦੀਪ ਵਰਗੀਆਂ ਕਾਫ਼ੀ ਕੀਮਤਾਂ ਜਾਨਾਂ ਬਚ ਸਕਦੀਆਂ ਹਨ।
ਗੱਲ ਬਹੁਤ ਛੋਟੀ ਹੈ ਪਰ ਇਸ ਦੇ ਅਸਰ ਵੱਡੇ ਹਨ। ਕੋਈ ਅਜਿਹਾ ਕੰਟਰੋਲ ਰੂਮ ਅਤੇ ਫ਼ੋਨ ਨੰਬਰ ਹੋਣਾ ਚਾਹੀਦਾ ਹੈ ਜਿੱਥੇ ਕਿਸੇ ਖ਼ਰਾਬ ਖੜ੍ਹੀ ਮੋਟਰ ਗੱਡੀ, ਕਿਸੇ ਡਿੱਗੇ ਹੋਏ ਖੰਭੇ ਜਾਂ ਸੜਕ ਵਿਚਾਲੇ ਪਏ ਕਿਸੇ ਖੱਡੇ, ਮਰੇ ਹੋਏ ਜਾਨਵਰ ਜਾਂ ਹਾਦਸੇ ਦਾ ਕਾਰਨ ਬਣ ਸਕਦੇ ਕਿਸੇ ਅੜਿੱਕੇ ਬਾਰੇ ਤੁਰੰਤ ਦੱਸਿਆ ਜਾ ਸਕੇ। ਅਜਿਹੀ ਸੂਚਨਾ ’ਤੇ ਤੁਰੰਤ ਕਾਰਵਾਈ ਹੋਵੇ। ਸਾਡੇ ਮੁਲਕ ਦੀ ਇਹ ਤਰਾਸਦੀ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਬਜ਼ਾਰਮੁਖੀ ਤੇ ਮੁਨਾਫ਼ਾ ਪ੍ਰਧਾਨ ਨਿਜ਼ਾਮ ਦੀ ਰੀਸ ਕਰਕੇ, ਟੋਲ ਨਾਕਿਆਂ ਦੀ ਤਾਂ ਭਰਮਾਰ ਕਰ ਦਿੱਤੀ ਹੈ, ਪਰ ਸਫ਼ਰ ਦੌਰਾਨ ਕੀਮਤੀ ਮਨੁੱਖੀ ਜਾਨਾਂ ਦੇ ਬਚਾਅ ਲਈ ਉਨ੍ਹਾਂ ਵਰਗੇ ਕਦਮ ਕਿਓਂ ਨਹੀਂ ਚੁੱਕਦੇ ਜਿੱਥੇ ਸੜਕ ਵਿਚਲੀ ਕਿਸੇ ਵੀ ਰੁਕਾਵਟ ਨੂੰ ਹਟਾਉਣ ਲਈ ਮਿੰਟਾ ਵਿੱਚ ਹੈਲੀਕੈਪਟਰ ਤਕ ਪੁੱਜ ਜਾਂਦੇ ਹਨ। * ਸੰਪਰਕ:99151-77722
-
BY BALJIT BALLI,PUNJABI TRIBUNE,SEPT.27.2011,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.