Sukhinder Singh9:11pm Aug 7
ਤਬਸਰਾ :
'ਵਿਸ਼ਵ ਪੰਜਾਬੀ ਕਾਨਫਰੰਸ - 2011, ਓਕਵਿਲ, ਕੈਨੇਡਾ'
ਦੂਜਾ ਦਿਨ : ਅਗਸਤ 6, 2011
ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਤਕਰੀਬਨ 22 ਪਰਚੇ ਪੇਸ਼ ਕੀਤੇ ਗਏ.
ਆਵਾਜਾਈ ਦੇ ਸਾਧਨਾਂ ਦੀਆਂ ਕੁਝ ਮਜਬੂਰੀਆਂ ਕਾਰਨ, ਮੈਂ ਕਾਨਫਰੰਸ ਵਿੱਚ ਸਮੇਂ ਸਿਰ ਨ ਪਹੁੰਚ ਸਕਿਆ.
ਜਿਸ ਕਾਰਨ ਮੈਨੂੰ ਸਾਰੇ ਪਰਚੇ ਸੁਨਣ ਦਾ ਮੌਕਾ ਨਹੀਂ ਮਿਲ ਸਕਿਆ.
ਦੂਜੇ ਦਿਨ ਦੇ ਇਨ੍ਹਾਂ 22 ਬੁਲਾਰਿਆਂ ਵਿੱਚੋਂ ਸਭ ਤੋਂ ਪ੍ਰਭਾਵਸ਼ਾਲੀ ਪੇਸ਼ਕਾਰੀ ਡਾ. ਗੁਰਪਰੀਤ ਕੌਰ ਦੀ ਰਹੀ.
ਉਸਨੇ 'ਨਾਰੀਵਾਦ' ਬਾਰੇ ਬਹੁਤ ਹੀ ਖੂਬਸੂਰਤ ਅਤੇ ਜਾਣਕਾਰੀ ਭਰਪੂਰ ਪਰਚਾ ਪੇਸ਼ ਕੀਤਾ.
ਹੋਰ ਜਿਨ੍ਹਾਂ ਬੁਲਾਰਿਆਂ ਨੇ ਕੁਝ ਵਧੀਆ ਨੁਕਤੇ ਉਠਾਏ, ਉਨ੍ਹਾਂ ਵਿੱਚ ਇਹ ਨਾਮ ਲਏ ਜਾ ਸਕਦੇ ਹਨ :
1. ਡਾ. ਸੁਰਜੀਤ ਭੱਟੀ
2. ਡਾ. ਹਰਜਿੰਦਰ ਵਾਲੀਆ
3. ਡਾ. ਸਤੀਸ਼ ਵਰਮਾ
4. ਕਮਲਜੀਤ ਕੌਰ
5. ਡਾ. ਸਵਰਾਜ ਸੰਧੂ
6. ਡਾ. ਜਸਪਾਲ ਕੌਰ ਰਾਏ
7. ਡਾ. ਹਰਵਿੰਦਰ ਕੌਰ ਚੀਮਾ
ਡਾ. ਰਾਜਿੰਦਰ ਪਾਲ ਬਰਾੜ ਅਤੇ ਡਾ. ਰਵਿੰਦਰ ਰਵੀ ਨੇ ਵੀ, ਨਿਰਸੰਦੇਹ, ਖੂਬਸੂਰਤ ਪਰਚੇ ਪੜ੍ਹੇ ਹੋਣਗੇ; ਪਰ ਮੈਨੂੰ ਉਨ੍ਹਾਂ ਦੇ ਪਰਚੇ ਸੁਨਣ ਦਾ ਮੌਕਾ ਨਹੀਂ ਮਿਲ ਸਕਿਆ.
ਇਹ 'ਵਿਸ਼ਵ ਪੰਜਾਬੀ ਕਾਨਫਰੰਸ' ਕੈਨੇਡਾ ਦੀ ਧਰਤੀ ਉੱਤੇ ਹੋ ਰਹੀ ਸੀ. ਜਿੱਥੇ ਕਿ 300 ਤੋਂ ਵੱਧ ਕੈਨੇਡੀਅਨ ਪੰਜਾਬੀ ਲੇਖਕ ਸਰਗਰਮ ਹਨ. ਜਿਨ੍ਹਾਂ ਨੇ ਕਵਿਤਾ, ਕਹਾਣੀ, ਨਾਵਲ, ਨਾਟਕ, ਸਫਰਨਾਮੇ, ਜੀਵਨੀਆਂ, ਆਲੋਚਨਾ ਅਤੇ ਪੱਤਰਕਾਰੀ ਦੇ ਵਿਸ਼ੇ ਬਾਰੇ ਆਪਣੀਆਂ ਪੁਸਤਕਾਂ ਪੰਜਾਬੀ ਵਿੱਚ ਪਰਕਾਸ਼ਿਤ ਕੀਤੀਆਂ ਹਨ.
ਜਿਨ੍ਹਾਂ ਵਿੱਚੋਂ ਬਹੁਤ ਸਾਰੇ ਕੈਨੇਡੀਅਨ ਪੰਜਾਬੀ ਲੇਖਕ ਅੰਤਰ-ਰਾਸ਼ਟਰੀ ਪੱਧਰ ਉੱਤੇ ਪੰਜਾਬੀ ਸਾਹਿਤ-ਜਗਤ ਵਿੱਚ ਚਰਚਿਤ ਹਨ ਅਤੇ ਜਿਨ੍ਹਾਂ ਦੀਆਂ ਲਿਖਤਾਂ ਬਾਰੇ ਹਿੰਦੁਸਤਾਨ ਦੀਆਂ ਅਨੇਕਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਐਮ.ਏ., ਐਮ.ਫਿਲ਼. ਅਤੇ ਪੀਐਚ.ਡੀ. ਦੀਆਂ ਡਿਗਰੀਆਂ ਲਈ ਖੋਜ ਪੱਤਰ ਲਿਖਦੇ ਹਨ; ਪਰ ਇਸ ਸਭ ਕੁਝ ਦੇ ਬਾਵਜ਼ੂਦ, ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਕੈਨੇਡਾ ਦਾ ਇੱਕ ਵੀ ਅੰਤਰ-ਰਾਸ਼ਟਰੀ ਪ੍ਰਸਿੱਧੀ ਦਾ ਪੰਜਾਬੀ ਲੇਖਕ / ਕਹਾਣੀਕਾਰ / ਕਵੀ / ਨਾਵਲਕਾਰ / ਨਾਟਕਕਾਰ / ਆਲੋਚਕ / ਪੱਤਰਕਾਰ 'ਵਿਸ਼ਵ ਪੰਜਾਬੀ ਕਾਨਫਰੰਸ' ਦੇ ਮੰਚ ਤੋਂ ਆਪਣਾ ਪਰਚਾ ਪੜ੍ਹਦਾ ਨਜ਼ਰ ਨਹੀਂ ਆਇਆ. ਨ ਹੀ ਕਿਸੇ ਹੋਰ ਬੁਲਾਰੇ ਵੱਲੋਂ ਹੀ ਕੈਨੇਡੀਅਨ ਪੰਜਾਬੀ ਕਵਿਤਾ / ਆਲੋਚਨਾ ਬਾਰੇ ਕੀਤੀ ਗਈ ਕੋਈ ਗੱਲ ਇਸ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸੁਣਾਈ ਦਿੱਤੀ. ਨ ਹੀ ਇਸ ਕਾਨਫਰੰਸ ਵਿੱਚ ਕੈਨੇਡੀਅਨ ਪੰਜਾਬੀ ਸਭਿਆਚਾਰ ਦੀਆਂ ਧਾਰਮਿਕ / ਸਭਿਆਚਾਰਕ / ਸਮਾਜਿਕ / ਰਾਜਨੀਤਿਕ / ਆਰਥਿਕ ਸਮੱਸਿਆਵਾਂ ਦਾ ਹੀ ਕਿਤੇ ਕੋਈ ਲੇਖਾ-ਜੋਖਾ ਹੁੰਦਾ ਨਜ਼ਰ ਆਇਆ. ਵਧੇਰੇ ਬੁਲਾਰੇ ਜਾਂ ਤਾਂ ਹਿੰਦੁਸਤਾਨ ਦੇ ਸੰਦਰਭ ਵਿੱਚ ਹੀ ਗੱਲਾਂ ਕਰ ਰਹੇ ਸਨ ਜਾਂ ਉਹ ਬਿਨ੍ਹਾਂ ਕਿਸੇ ਸੰਦਰਭ ਤੋਂ ਹੀ ਗੱਲਾਂ ਕਰ ਰਹੇ ਸਨ.
ਵਧੇਰੇ ਬੁਲਾਰਿਆਂ ਦਾ ਉਦੇਸ਼ ਕਿਸੇ ਨੂੰ ਵੀ ਨਰਾਜ਼ ਕਰਨਾ ਨਹੀਂ ਸੀ. ਹੋ ਸਕਦਾ ਹੈ ਕਿ ਕਾਨਫਰੰਸ ਦੇ ਪਰਬੰਧਕਾਂ ਵੱਲੋਂ ਹੀ ਪਰਚੇ ਪੇਸ਼ ਕਰਨ ਵਾਲਿਆਂ ਨੂੰ ਕਿਹਾ ਗਿਆ ਹੋਵੇ ਕਿ ਤੁਸੀਂ ਆਪਣੇ ਪਰਚਿਆਂ ਵਿੱਚ ਕਿਸੀ ਦੇ ਵੀ ਵਿਰੁੱਧ ਨਹੀਂ ਬੋਲਣਾ, ਕਿਸੇ ਦੀ ਵੀ ਨੁਕਤਾਚੀਨੀ ਨਹੀਂ ਕਰਨੀ, ਤੁਸੀਂ ਕੋਈ ਵੀ ਕਿੰਤੂ ਖੜ੍ਹਾ ਨਹੀਂ ਕਰਨਾ.
ਸੰਤ-ਬਾਬਿਆਂ ਦੇ ਡੇਰਿਆਂ ਉੱਤੇ ਆਈਆਂ ਸੰਗਤਾਂ ਵਾਂਗੂੰ ਤੁਸੀਂ ਹਰ ਕਿਸੀ ਨੂੰ ਖੁਸ਼ੀ ਖੁਸ਼ੀ ਹੀ ਘਰ ਵਾਪਸ ਭੇਜਣਾ ਹੈ. ਸੋ, ਇਸ ਵਿਸ਼ਵ ਕਾਨਫਰੰਸ ਦੀ ਸਮਾਪਤੀ ਤੋਂ ਬਾਹਦ ਸ਼ਾਇਦ ਹੀ ਹੀ ਕਿਸੀ ਨੂੰ ਦੇਰ ਤੱਕ ਕਿਸੀ ਬੁਲਾਰੇ ਵੱਲੋਂ ਉਠਾਇਆ ਗਿਆ ਕੋਈ ਕਿੰਤੂ ਯਾਦ ਰਹੇ. ਬਹੁਤਿਆਂ ਨੇ ਤਾਂ ਕਾਨਫਰੰਸ ਦੀ ਸਮਾਪਤੀ ਤੋਂ ਬਾਹਦ ਇਹੀ ਕਿਹਾ ਹੋਵੇਗਾ ਕਿ ਕਾਨਫਰੰਸ ਬਹੁਤ ਕਮਾਲ ਦੀ ਸੀ. ਚਲੋ, ਹੁਣ ਚੁੱਕੋ ਬਈ ਆਪਣੇ ਆਪਣੇ ਗਲਾਸ਼. ਪਾਓ ਦੋ ਦੋ ਪੈੱਗ ਵਿਸਕੀ ਦੇ ਜ਼ਰਾ. ਥੋੜੀ ਥਕਾਵਟ ਲਾਹੀਏ ਹੁਣ.
ਕਾਨਫਰੰਸ ਦੀ ਸਮਾਪਤੀ ਵੇਲੇ 'ਵਿਸ਼ਵ ਪੰਜਾਬੀ ਕਾਨਫਰੰਸ' ਦੇ ਪਰਬੰਧਕਾਂ ਦੀ ਤਾਰੀਫ ਕਰਨ ਵੇਲੇ ਕੁਝ ਬੁਲਾਰਿਆਂ ਨੇ ਚਮਚਾਗੀਰੀ ਕਰਨ ਦੀਆਂ ਸਭ ਹੱਦਾਂ ਬੰਨ੍ਹੇ ਤੋੜ ਦਿੱਤੇ. ਉਹ ਬੋਲਦਿਆਂ ਹੋਇਆਂ ਇੰਜ ਜਾਪ ਰਹੇ ਸਨ ਜਿਵੇਂ ਕਿਸੇ ਪੰਜਾਬੀ ਸਭਿਆਚਾਰਕ ਮੇਲੇ ਵਿੱਚ ਭੰਡ ਆਪਣੇ ਜਜਮਾਨਾਂ ਦੀਆਂ ਸਿਫਤਾਂ ਦੇ ਅੰਬਾਰ ਲਗਾ ਰਹੇ ਹੋਣ ਜਾਂ ਜਿਵੇਂ ਕਿਸੀ ਜ਼ਮਾਨੇ ਵਿੱਚ ਮਰਾਸੀ ਕਰਦੇ ਹੁੰਦੇ ਸਨ.
ਡਾ. ਸਤੀਸ਼ ਵਰਮਾ ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਪਰਬੰਧਕਾਂ ਨੂੰ 'ਪੰਜਾਬੀ ਮਾਂ ਬੋਲੀ ਦੇ ਮਹਾਨ ਸਪੁੱਤਰ' ਆਖ ਰਹੇ ਸਨ ਤਾਂ ਮੈਨੂੰ ਕੈਨੇਡੀਅਨ ਪੰਜਾਬੀ ਲੇਖਕਾ ਸੁਰਜੀਤ ਉਬਾਸੀਆਂ ਲੈਂਦੀ ਹੋਈ ਦਿਖਾਈ ਦਿੱਤੀ. ਹੋ ਸਕਦੈ, ਉਹ ਡਾ. ਸਤੀਸ਼ ਵਰਮਾ ਦੇ ਕਹੇ ਸ਼ਬਦ 'ਪੰਜਾਬੀ ਮਾਂ ਬੋਲੀ ਦੇ ਮਹਾਨ ਸਪੁੱਤਰ' ਸੁਣ ਕੇ ਸੋਚ ਰਹੀ ਸੀ ਕਿ ਜਿਹੜੀਆਂ ਕੈਨੇਡੀਅਨ ਪੰਜਾਬੀ ਔਰਤਾਂ ਨੇ ਇਸ ਵਿਸ਼ਵ ਪੰਜਾਬੀ ਕਾਨਫਰੰਸ ਨੂੰ ਸਫਲ ਕਰਨ ਲਈ ਦਿਨ ਰਾਤ ਮਿਹਨਤ ਕੀਤੀ ਸੀ 'ਪੰਜਾਬੀ ਮਾਂ ਬੋਲੀ ਦੀਆਂ ਉਨ੍ਹਾਂ ਮਹਾਨ ਸਪੁੱਤਰੀਆਂ' ਦੀ ਤਾਰੀਫ ਕਰਨ ਤੋਂ ਮਰਦ ਬੁਲਾਰਿਆਂ ਨੂੰ ਸੰਗ ਕਿਉਂ ਆ ਰਹੀ ਸੀ?
-ਸੁਖਿੰਦਰ
ਸੰਪਾਦਕ : 'ਸੰਵਾਦ'
ਟੋਰਾਂਟੋ, ਕੈਨੇਡਾ
-
Sukhinder Singh ,Editor ,Sanvaad ,Toronto,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.