ਪੰਜਾਬ ਤੇ ਕੇਰਲ ਵਰਗੇ ਰਾਜਾਂ ਦਾ ਅਰਥਚਾਰਾ ਹੌਲੀ-ਹੌਲੀ ਆਪਣੇ ਉਨ੍ਹਾਂ ਲੋਕਾਂ ਵੱਲੋਂ ਭੇਜੀ ਜਾਂਦੀ ਪੂੰਜੀ 'ਤੇ ਨਿਰਭਰ ਕਰਨ ਲੱਗਾ ਹੈ ਜੋ ਵਿਦੇਸ਼ਾਂ 'ਚ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਰਾਜਾਂ ਦਾ ਸ਼ਾਇਦ ਹੀ ਅਜਿਹਾ ਕੋਈ ਪਰਿਵਾਰ ਹੋਵੇ ਜਿਸ ਨਾਲ ਸੰਬੰਧਿਤ ਕੋਈ ਵਿਅਕਤੀ ਯੂਰਪ, ਅਮਰੀਕਾ, ਕੈਨੇਡਾ ਜਾਂ ਖਾੜੀ ਦੇ ਦੇਸ਼ਾਂ ਵਿਚ ਨਾ ਗਿਆ ਹੋਵੇ।
ਸਾਨੂੰ ਉਨ੍ਹਾਂ 2.7 ਕਰੋੜ ਪ੍ਰਵਾਸੀ ਭਾਰਤੀਆਂ ਦੇ ਮਸ਼ਕੂਰ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੇ ਅਰਥਚਾਰੇ ਵਿਚ ਪਿਛਲੇ ਵਰ੍ਹੇ 55 ਬਿਲੀਅਨ ਡਾਲਰ ਦਾ ਯੋਗਦਾਨ ਪਾਇਆ। ਇਸ ਵਰ੍ਹੇ ਅਸੀਂ ਇਸ ਤੋਂ ਵੀ ਵੱਧ ਯੋਗਦਾਨ ਦੀ ਉਨ੍ਹਾਂ ਤੋਂ ਆਸ ਕਰ ਸਕਦੇ ਹਾਂ। ਜਿਥੋਂ ਤੱਕ ਵਿਦੇਸ਼ਾਂ ਤੋਂ ਆਉਂਦੀ ਪੂੰਜੀ ਦਾ ਸਬੰਧ ਹੈ, ਇਨ੍ਹਾਂ ਪ੍ਰਵਾਸੀ ਲੋਕਾਂ ਜੋ 190 ਦੇਸ਼ਾਂ ਵਿਚ ਫੈਲੇ ਹੋਏ ਹਨ, ਨੇ ਭਾਰਤ ਨੂੰ ਪਹਿਲੀ ਥਾਂ ਦਿਵਾਈ ਹੈ। ਚੀਨ ਜੋ ਪਹਿਲਾਂ ਇਸ ਪੱਖੋਂ ਪਹਿਲੀ ਥਾਂ 'ਤੇ ਸੀ, ਹੁਣ ਦੂਜੀ ਥਾਂ 'ਤੇ ਆ ਗਿਆ ਹੈ। ਵਿਸ਼ਵ ਬੈਂਕ ਦੇ ਅੰਕੜੇ ਇਸ ਮਾਮਲੇ 'ਚ ਹੋਏ ਨਾਟਕੀ ਵਾਧੇ ਨੂੰ ਦਰਸਾਉਂਦੇ ਹਨ। ਉਸ ਮੁਤਾਬਿਕ ਪਿਛਲੇ ਅੱਠ ਸਾਲਾਂ ਵਿਚ ਬਾਹਰਲੇ ਦੇਸ਼ਾਂ 'ਚ ਵਸੇ ਭਾਰਤੀਆਂ ਵੱਲੋਂ ਵਾਪਸ ਭੇਜੀ ਗਈ ਰਕਮ 'ਚ 162 ਫ਼ੀਸਦੀ ਦਾ ਵਾਧਾ ਹੋਇਆ ਹੈ। 2003 ਵਿਚ ਪ੍ਰਵਾਸੀ ਭਾਰਤੀਆਂ ਨੇ ਤਕਰੀਬਨ 21 ਬਿਲੀਅਨ ਡਾਲਰ ਭਾਰਤ ਭੇਜੇ ਹਨ। 2010 ਵਿਚ ਇਹ ਰਕਮ ਹੈਰਾਨੀਜਨਕ ਢੰਗ ਨਾਲ 55 ਬਿਲੀਅਨ ਡਾਲਰ ਰਹੀ ਹੈ। ਵਿਸ਼ਵ ਬੈਂਕ ਦੇ ਅੰਕੜੇ ਵੀ ਦਰਸਾਉਂਦੇ ਹਨ ਕਿ ਚੀਨ, ਮੈਕਸੀਕੋ, ਫਿਲਪਾਈਨਜ਼ ਅਤੇ ਫਰਾਂਸ ਇਸ ਮਾਮਲੇ 'ਚ ਭਾਰਤ ਤੋਂ ਪਿੱਛੇ ਰਹੇ ਹਨ।
ਪੰਜਾਬੀਆਂ ਦਾ ਯੋਗਦਾਨ
ਇਸ ਯੋਗਦਾਨ ਵਿਚ ਵੱਡੀ ਗਿਣਤੀ 'ਚ ਪੰਜਾਬੀਆਂ ਦਾ ਹਿੱਸਾ ਹੈ। ਇਥੋਂ ਦੇ ਅਨੇਕਾਂ ਪਰਿਵਾਰ ਇਸੇ ਪੂੰਜੀ ਦੇ ਸਹਾਰੇ ਜਿਊਂਦੇ ਹਨ। ਹੋਰ ਪੰਜਾਬੀ ਇਸੇ ਪੈਸੇ ਦੇ ਸਿਰ 'ਤੇ ਵੱਡੇ-ਵੱਡੇ ਵਿਆਹ ਸਮਾਗਮ ਰਚਾਉਣ, ਕਾਰਾਂ ਕੋਲ ਰੱਖਣ ਤੇ ਮਹਿੰਗੇ ਆਲੀਸ਼ਾਨ ਮਕਾਨ ਬਣਾਉਣ ਦੇ ਸਮਰੱਥ ਹੋ ਸਕੇ ਹਨ। ਗੱਲਾਂ ਦੀ ਗੱਲ ਇਹ ਹੈ ਕਿ ਇਸ ਵਿਦੇਸ਼ੋਂ ਭੇਜੀ ਜਾਂਦੀ ਪੂੰਜੀ ਨੇ ਰਾਜ ਦੇ ਅਰਥਚਾਰੇ ਨੂੰ ਹੁਲਾਰਾ ਦਿੱਤਾ ਹੈ। ਇਨ੍ਹਾਂ ਡਾਲਰਾਂ ਤੇ ਪੌਂਡਾਂ ਤੋਂ ਬਿਨਾਂ ਪੰਜਾਬ ਪੰਜਾਬ ਨਹੀਂ ਹੋਵੇਗਾ। ਪਰ ਕਈ ਵਾਰ ਇਸ ਵਿਦੇਸ਼ੋਂ ਆਈ ਪੂੰਜੀ ਦਾ ਸੱਭਿਆਚਾਰ 'ਤੇ ਪੈ ਰਿਹਾ ਅਸਰ ਚਿੰਤਾ ਦਾ ਵਿਸ਼ਾ ਨਜ਼ਰ ਆਉਂਦਾ ਹੈ। ਚੋਣਾਂ ਹੋਣ, ਤਾਂ ਇਹ ਪੈਸਾ ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਤੋਂ ਹਜ਼ਾਰਾਂ ਡਾਲਰਾਂ 'ਚ ਆਉਂਦਾ ਹੈ। ਕੁਝ ਸਿਆਸੀ ਆਗੂ ਫੰਡ ਇਕੱਠੇ ਕਰਨ ਅਤੇ ਸਿਆਸੀ ਲਾਹਾ ਲੈਣ ਲਈ ਕੈਨੇਡਾ ਤੇ ਅਮਰੀਕਾ ਦੇ ਦੌਰਿਆਂ 'ਤੇ ਜਾਂਦੇ ਹਨ।
ਸਾਡੀ ਕੇਂਦਰ ਤੇ ਰਾਜ ਸਰਕਾਰ ਖੁਸ਼ ਹੈ। ਪ੍ਰਵਾਸੀ ਮਾਮਲਿਆਂ ਬਾਰੇ ਮੰਤਰਾਲਾ ਇਸ ਯੋਗਦਾਨ 'ਤੇ ਫ਼ਖ਼ਰ ਮਹਿਸੂਸ ਕਰ ਰਿਹਾ ਹੈ। ਭਾਵੇਂ 2009 ਵਿਚ ਵਿਦੇਸ਼ੋਂ ਆਈ ਰਕਮ 2008 ਦੀ ਰਕਮ ਨਾਲੋਂ ਘੱਟ ਸੀ ਪਰ 2010 ਵਿਚ ਇਹ ਮੁੜ ਵਧ ਗਈ ਤੇ ਪਿਛਲੇ ਸਾਰੇ ਅੰਕੜੇ ਛੋਟੇ ਪਾ ਦਿੱਤੇ। ਇਸ ਰਕਮ 'ਚ ਹੋਇਆ ਵਾਧਾ ਇਹ ਸੰਕੇਤ ਕਰਦਾ ਹੈ ਕਿ ਪ੍ਰਵਾਸੀ ਭਾਰਤੀਆਂ ਦਾ ਅਮਰੀਕਾ ਦੇ ਮਾੜੀ ਹਾਲਤ ਵਾਲੇ ਬੈਂਕਾਂ ਨਾਲੋਂ ਭਾਰਤੀ ਬੈਂਕਾਂ 'ਚ ਭਰੋਸਾ ਜ਼ਿਆਦਾ ਹੈ। ਇਸ ਤੋਂ ਇਲਾਵਾ ਭਾਰਤ ਵਿਚ ਵਿਆਜ ਦਰ ਦੂਜੇ ਦੇਸ਼ਾਂ ਦੀ ਵਿਆਜ ਦਰ ਨਾਲੋਂ ਕਿਤੇ ਜ਼ਿਆਦਾ ਭਾਵ ਚਾਰ ਤੋਂ ਪੰਜ ਗੁਣਾ ਜ਼ਿਆਦਾ ਹੈ। ਵਿਦੇਸ਼ਾਂ ਤੋਂ ਭਾਰਤੀਆਂ ਵੱਲੋਂ, ਘਰੇਲੂ ਜਾਂ ਸਮਾਜਿਕ ਖਪਤ, ਜਾਇਦਾਦ, ਸਿਹਤ ਅਤੇ ਸਿੱਖਿਆ ਦੇ ਕੰਮਾਂ ਲਈ ਪੂੰਜੀ ਭੇਜੀ ਜਾਂਦੀ ਹੈ। ਇਸ ਦਾ ਬਹੁਤਾ ਹਿੱਸਾ ਸ਼ੁੱਧ ਪੂੰਜੀ ਹੈ ਜੋ ਸਥਾਨਕ ਅਰਥਚਾਰੇ ਦਾ ਕਾਫੀ ਵੱਡਾ ਹਿੱਸਾ ਬਣਦੀ ਹੈ ਅਤੇ ਪੂੰਜੀ ਦਾ ਇਕ ਹਿੱਸਾ ਹੀ ਬੈਂਕਾਂ ਵਿਚ ਜਮ੍ਹਾ ਹੁੰਦਾ ਹੈ।
ਪੰਜਾਬ ਤੇ ਕੇਰਲ ਵਰਗੇ ਰਾਜਾਂ ਦਾ ਅਰਥਚਾਰਾ ਹੌਲੀ-ਹੌਲੀ ਆਪਣੇ ਉਨ੍ਹਾਂ ਲੋਕਾਂ ਵੱਲੋਂ ਭੇਜੀ ਜਾਂਦੀ ਪੂੰਜੀ 'ਤੇ ਨਿਰਭਰ ਕਰਨ ਲੱਗਾ ਹੈ ਜੋ ਵਿਦੇਸ਼ਾਂ 'ਚ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਰਾਜਾਂ ਦਾ ਸ਼ਾਇਦ ਹੀ ਅਜਿਹਾ ਕੋਈ ਪਰਿਵਾਰ ਹੋਵੇ ਜਿਸ ਨਾਲ ਸੰਬੰਧਿਤ ਕੋਈ ਵਿਅਕਤੀ ਯੂਰਪ, ਅਮਰੀਕਾ, ਕੈਨੇਡਾ ਜਾਂ ਖਾੜੀ ਦੇ ਦੇਸ਼ਾਂ ਵਿਚ ਨਾ ਗਿਆ ਹੋਵੇ। ਪੰਜਾਬੀਆਂ ਬਾਰੇ ਇਕ ਚੁਟਕਲਾ ਮਸ਼ਹੂਰ ਹੈ ਕਿ ਆਲੂਆਂ ਵਾਂਗ ਪੰਜਾਬੀ ਵੀ ਦੁਨੀਆ 'ਚ ਹਰ ਕਿਤੇ ਮਿਲ ਜਾਂਦੇ ਹਨ। ਆਲੂਆਂ ਤੋਂ ਬਿਨਾਂ ਕਿਤੇ ਵੀ ਸਬਜ਼ੀ ਅਧੂਰੀ ਮੰਨੀ ਜਾਂਦੀ ਹੈ। ਇਸ ਦਾ ਅਰਥ ਇਹ ਨਿਕਲਦਾ ਹੈ ਕਿ ਹਰੇਕ ਪਰਿਵਾਰ ਕੁਝ ਨਾ ਕੁਝ ਵਿਦੇਸ਼ ਦੀ ਪੂੰਜੀ ਹਾਸਲ ਕਰਦਾ ਹੈ ਜੋ ਅਨੇਕਾਂ ਢੰਗਾਂ ਨਾਲ ਖਰਚੀ ਜਾਂਦੀ ਹੈ। ਇਸ ਨਾਲ ਅਰਥਚਾਰੇ ਨੂੰ ਮਜ਼ਬੂਤੀ ਮਿਲਦੀ ਹੈ। ਬਹੁਤੀਆਂ ਵਿਦਿਅਕ ਸੰਸਥਾਵਾਂ ਵਿਚ ਪ੍ਰਵਾਸੀ ਵਿਦਿਆਰਥੀਆਂ ਲਈ ਸੀਟਾਂ ਵੀ ਰਾਖਵੀਆਂ ਹਨ। ਇਸ ਨਾਲ ਉਨ੍ਹਾਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਪੈਸਾ ਮਿਲਦਾ ਹੈ ਕਿਉਂਕਿ ਅਜਿਹੀ ਸੀਟ ਲਈ ਭਾਰੀ ਫੀਸ ਵਸੂਲੀ ਜਾਂਦੀ ਹੈ। ਇਸੇ ਤਰ੍ਹਾਂ ਮੈਡੀਕਲ ਸੰਸਥਾਵਾਂ ਪੈਸੇ ਬਟੋਰਦੀਆਂ ਹਨ।
ਏਜੰਟਾਂ ਵੱਲੋਂ ਲੁੱਟ
ਕਿਉਂਕਿ ਪੰਜਾਬ 'ਚ ਰੁਜ਼ਗਾਰ ਦੇ ਚੰਗੇ ਵਸੀਲੇ ਨਹੀਂ ਪੈਦਾ ਕੀਤੇ ਜਾ ਰਹੇ, ਇਸ ਲਈ ਇਥੇ ਵਿਦੇਸ਼ ਜਾਣ ਦੀ ਵੱਡੀ ਹੋੜ ਲੱਗੀ ਹੋਈ ਹੈ। ਏਜੰਟਾਂ ਵੱਲੋਂ ਅਨੇਕਾਂ ਨਾਲ ਧੋਖਾਧੜੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਵਰਤਾਰੇ ਨੂੰ ਕਬੂਤਰਬਾਜ਼ੀ ਕਿਹਾ ਜਾਣ ਲੱਗਾ ਹੈ। ਵਾਰ-ਵਾਰ ਵਾਅਦੇ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਅਜਿਹੀ ਚੰਗੀ ਪ੍ਰਣਾਲੀ ਮੁਹੱਈਆ ਕਰਾਉਣ 'ਚ ਅਸਫਲ ਰਹੀ ਹੈ ਜੋ ਉਨ੍ਹਾਂ ਲੋਕਾਂ ਦੇ ਹਿਤਾਂ ਦਾ ਖਿਆਲ ਕਰ ਸਕੇ, ਜੋ ਵਿਦੇਸ਼ ਵਿੱਦਿਆ ਲਈ, ਕੰਮ ਲਈ ਤੇ ਆਪਣੇ ਰਿਸ਼ਤੇਦਾਰਾਂ ਨਾਲ ਵਸਣ ਲਈ ਬਾਹਰ ਜਾਣਾ ਚਾਹੁੰਦੇ ਹਨ। ਹਰ ਰੋਜ਼ ਅਖ਼ਬਾਰਾਂ 'ਚ ਏਜੰਟਾਂ ਤੇ ਹੋਰ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਧੋਖਾਧੜੀਆਂ ਦੀਆਂ ਖ਼ਬਰਾਂ ਛਪਦੀਆਂ ਹਨ। ਅਨੇਕਾਂ ਅਜਿਹੀਆਂ ਪੰਜਾਬਣ ਔਰਤਾਂ ਹਨ, ਜਿਨ੍ਹਾਂ ਨੇ ਵਿਦੇਸ਼ 'ਚ ਵਸੇ ਲਾੜੇ ਨਾਲ ਵਿਆਹ ਕਰਵਾਇਆ ਪਰ ਉਹ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰ ਰਹੀਆਂ ਹਨ। ਪੰਜਾਬੀ ਸਮਾਜ ਨੂੰ ਇਸ ਬਦਲੇ ਵੱਡੀ ਕੀਮਤ ਤਾਰਨੀ ਪੈ ਰਹੀ ਹੈ। ਇਸ ਪਾਸੇ ਧਿਆਨ ਕੌਣ ਦੇਵੇਗਾ ਤੇ ਪੀੜਤਾਂ ਦੀ ਸਹਾਇਤਾ ਕੌਣ ਕਰੇਗਾ? ਇਸ ਵਰਤਾਰੇ ਵਿਚ ਹਾਂ-ਪੱਖੀ ਬਦਲਾਅ ਵੀ ਆਏ ਹਨ। ਅਜਿਹੇ ਪੜ੍ਹੇ-ਲਿਖੇ ਭਾਰਤੀ ਜੋ ਆਰਜ਼ੀ ਤੌਰ 'ਤੇ ਦੇਸ਼ ਤੋਂ ਬਾਹਰ ਕੰਮ ਕਰਨ ਲਈ ਗਏ ਹਨ, ਵੱਲੋਂ ਵਧੇਰੇ ਪੈਸੇ ਭੇਜੇ ਜਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਿਹੜੇ ਪਹਿਲਾਂ ਦੇ, ਦੇਸ਼ ਛੱਡ ਕੇ ਅਮਰੀਕਾ ਤੇ ਕੈਨੇਡਾ ਗਏ ਅਤੇ ਜੋ ਉਥੇ ਲਗਭਗ ਵਧੀਆ ਢੰਗ ਨਾਲ ਵਸ ਗਏ, ਉਨ੍ਹਾਂ ਨੇ ਖਾਸ ਲੋੜ ਵਾਲੀ ਹਾਲਤ ਨੂੰ ਛੱਡ ਕੇ ਆਮ ਹਾਲਤ 'ਚ ਆਪਣੇ ਘਰ ਬਹੁਤਾ ਪੈਸਾ ਨਹੀਂ ਭੇਜਿਆ। ਪਹਿਲਾਂ ਜਿਹੜਾ ਪੈਸਾ ਭਾਰਤ ਭੇਜਿਆ ਜਾਂਦਾ ਸੀ, ਉਹ ਉਨ੍ਹਾਂ ਬਹੁਤਾ ਗਰੀਬ ਲੋਕਾਂ ਦਾ ਹੁੰਦਾ ਸੀ, ਜੋ ਖਾੜੀ ਦੇ ਦੇਸ਼ਾਂ 'ਚ ਗਏ ਹੋਏ ਸਨ ਤੇ ਆਪਣੀ ਆਮਦਨ ਦਾ ਵੱਡਾ ਹਿੱਸਾ ਆਪਣੇ ਘਰ ਭੇਜਦੇ ਸਨ। ਪਰ ਹੁਣ ਕੰਮ ਕਰਦੇ ਲੋਕ ਸੋਚ-ਸਮਝ ਕੇ ਪੈਸਾ ਭਾਰਤ ਭੇਜਦੇ ਹਨ। ਸਾਰਿਆਂ ਦਾ ਕਹਿਣਾ ਹੈ ਕਿ ਖਾੜੀ ਦੇ ਦੇਸ਼ਾਂ ਦਾ ਪੈਸਾ ਵੀ ਆਸਟਰੇਲੀਆ, ਫਿਲਪਾਈਨਜ਼, ਸਿੰਗਾਪੁਰ ਜਾਂ ਮਲੇਸ਼ੀਆ ਵਰਗੇ ਦੇਸ਼ਾਂ ਤੋਂ ਆਏ ਪੈਸੇ ਜਿੰਨਾ ਹੀ ਅਹਿਮ ਹੈ। ਵਿਦੇਸ਼ ਗਏ ਵੱਡੇ ਗਿਣਤੀ 'ਚ ਭਾਰਤੀ ਕਾਰੀਗਰ ਅਤੇ ਅਰਧ-ਕਾਰੀਗਰ ਹਨ।
ਠੋਸ ਕਦਮਾਂ ਦੀ ਲੋੜ
ਇਹੀ ਸਮਾਂ ਹੈ ਕਿ ਸਰਕਾਰ ਵੱਡੇ-ਵੱਡੇ ਪਰਵਾਸੀ ਸੰਮੇਲਨ ਕਰਾ ਕੇ ਜ਼ਬਾਨੀ ਜਮ੍ਹਾ ਖਰਚ ਕਰਨਾ ਬੰਦ ਕਰੇ ਤੇ ਇਨ੍ਹਾਂ ਪਰਵਾਸੀਆਂ ਦੀ ਸਹੀ ਅਰਥਾਂ 'ਚ ਮਦਦ ਕਰੇ। ਘੱਟੋ-ਘੱਟ ਸਾਡੇ ਵਿਦੇਸ਼ਾਂ ਵਿਚ ਸਥਿਤ ਸਫ਼ਾਰਤਖਾਨੇ ਇਨ੍ਹਾਂ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕਰਨ ਅਤੇ ਉਦੋਂ ਉਨ੍ਹਾਂ ਦੀ ਮਦਦ ਲਈ ਹੱਥ ਖੁੱਲ੍ਹੇ ਰੱਖਣ, ਜਦੋਂ ਉਹ ਆਪਣੀ ਸਰ ਜ਼ਮੀਨ ਦੀ ਯਾਤਰਾ ਕਰਨੀ ਚਾਹੁਣ। ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਵਿਚ ਭਾਰਤੀ ਸਫ਼ਾਰਤਖਾਨਿਆਂ ਦੇ ਬਾਹਰ ਲੱਗੀਆਂ ਲੰਮੀਆਂ ਕਤਾਰਾਂ ਉਨ੍ਹਾਂ ਲਈ ਬੇਇੱਜ਼ਤੀ ਭਰਿਆ ਤਜਰਬਾ ਹੁੰਦਾ ਹੈ। ਇਨ੍ਹਾਂ ਪਰਵਾਸੀਆਂ ਦੇ ਹਿਤਾਂ ਦੀ ਰਾਖੀ ਕਰਨ ਦੀ ਬੇਹੱਦ ਜ਼ਰੂਰਤ ਹੈ। ਪੰਜਾਬ ਨੇ ਇਸ ਲਈ ਵੱਖਰਾ ਮਹਿਕਮਾ ਬਣਾਇਆ ਹੈ ਪਰ ਇਸ ਦੀ ਕਾਰਗੁਜ਼ਾਰੀ ਆਸ ਨਾਲੋਂ ਕਿਤੇ ਘੱਟ ਰਹੀ ਹੈ। ਜਦੋਂ ਉਹ ਵਾਪਸ ਘਰ ਪਰਤਦੇ ਹਨ ਤਾਂ ਸਾਨੂੰ ਉਨ੍ਹਾਂ ਦੀ ਸਹਾਇਤਾ ਕਰਨ ਲਈ ਯੋਜਨਾਵਾਂ ਬਣਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਇੰਜ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਹ ਠੱਗੇ ਗਏ ਹਨ। ਇਹ ਸਿਰਫ ਪੈਸਾ ਹੀ ਨਹੀਂ ਹੈ, ਜੋ ਭਾਰਤ ਪਹੁੰਚ ਰਿਹਾ ਹੈ, ਭਾਰਤੀ ਵੀ ਵੱਡੀ ਗਿਣਤੀ 'ਚ ਵਾਪਸ ਆਉਂਦੇ ਹਨ। ਤਕਰੀਬਨ 8 ਲੱਖ ਭਾਰਤੀ ਹਰ ਸਾਲ ਵਲਾਇਤ ਜਾਂਦੇ ਹਨ, ਜਦੋਂ ਕਿ ਤਕਰੀਬਨ ਇਕ ਲੱਖ ਲੋਕ ਵਲਾਇਤ ਛੱਡ ਕੇ ਆਪਣੇ ਦੇਸ਼ ਪਰਤਦੇ ਹਨ। ਇਨ੍ਹਾਂ ਪਰਤਣ ਵਾਲੇ ਭਾਰਤੀਆਂ ਦੀ ਇਹ ਤਾਦਾਦ ਘੱਟ ਨਹੀਂ ਹੈ। ਆਓ, ਉਨ੍ਹਾਂ 'ਤੇ ਮਾਣ ਕਰੀਏ ਤੇ ਉਨ੍ਹਾਂ ਦੀ ਮਦਦ ਲਈ ਅੱਗੇ ਆਈਏ।
ਜਿਹੜੇ ਭਾਰਤੀ ਵਾਪਸ ਆਉਣਾ ਚਾਹੁੰਦੇ ਹਨ ਅਤੇ ਆਪਣੇ ਦੇਸ਼ 'ਚ ਸਨਅਤ ਲਾਉਣਾ ਚਾਹੁੰਦੇ ਹਨ ਜਾਂ ਕਾਰੋਬਾਰ ਖੋਲ੍ਹਣਾ ਚਾਹੁੰਦੇ ਹਨ ਜਾਂ ਫਿਰ ਨੌਕਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ 'ਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਨੂੰ ਗਲੀਆਂ ਵਿਚ ਤੁਰਨ, ਆਪਣੇ ਕਦਮਾਂ ਨੂੰ ਦੇਖਣ ਅਤੇ ਠੋਕਰਾਂ ਤੋਂ ਬਚਣ ਦੇ ਸਮਰੱਥ ਹੋਣਾ ਚਾਹੀਦਾ ਹੈ। ਭ੍ਰਿਸ਼ਟਾਚਾਰ ਦੀ ਤਰ੍ਹਾਂ ਇਥੇ ਵੱਡੀ ਮਾਤਰਾ 'ਚ ਪ੍ਰਦੂਸ਼ਣ ਫੈਲਿਆ ਹੋਇਆ ਹੈ। ਉਨ੍ਹਾਂ ਨੂੰ ਇਨ੍ਹਾਂ ਚੁਣੌਤੀਆਂ ਨਾਲ ਨਿਪਟਣ ਦੇ ਸਮਰੱਥ ਹੋਣਾ ਚਾਹੀਦਾ ਹੈ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ ਉਨ੍ਹਾਂ ਦੇ ਇਸ ਦੇਸ਼ ਵਿਚ ਠਹਿਰਨ ਦਾ ਇਕ ਕਾਰਨ ਇਹ ਹੈ ਕਿ ਉਹ ਭਾਰਤੀ ਅਰਥਚਾਰੇ ਦੀ ਉਸਾਰੀ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ 'ਚ ਆਪਣੇ ਜੱਦੀ ਦੇਸ਼ 'ਚ ਰਹਿਣ ਦੀ ਤਾਂਘ ਹੈ।
'ਰੋਜ਼ਾਨਾ ਅਜੀਤ' ਤੋਂ ਧੰਨਵਾਦ ਸਹਿਤ
-
Mr. Gobind Thakural/Courtesy Ajit,July 30,2011,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.