ਐਡਾਲਫ ਹਿਟਲਰ ਵਿਚ ਮੇਰੀ ਦਿਲਚਸਪੀ ਉਨ੍ਹਾਂ ਬੱਚਿਆਂ ਨੂੰ ਮਿਲਣ 'ਤੇ ਪੈਦਾ ਹੋਈ ਜਿਨ੍ਹਾਂ ਨੂੰ ਉਨ੍ਹਾਂ ਦੀ ਮਾਂ ਹਿਟਲਰ ਦੀ ਚੇਲੀ ਬਣ ਕੇ ਆਰੀਆ ਨਸਲ ਵਿਚ ਵਾਧਾ ਕਰਨ ਦੇ ਮੰਤਵ ਨਾਲ ਪੈਦਾ ਤਾਂ ਕਰਦੀ ਰਹੀ ਪਰ ਦੂਜੀ ਵੱਡੀ ਜੰਗ ਦੇ ਖ਼ਾਤਮੇ ਤੋਂ ਬਾਅਦ ਅਨਾਥ ਰੁਲਦੇ ਛੱਡ ਕੇ ਭਜ ਗਈ। ਉਨ੍ਹਾਂ ਬੱਚਿਆਂ ਦੀ ਉਮਰ ਸੱਤਰਾਂ ਸਾਲਾਂ ਤੋਂ ਉੱਤੇ ਹੈ ਤੇ ਉਹ ਕਿਹੋ ਜਿਹਾ ਜੀਵਨ ਜੀ ਰਹੇ ਹਨ, ਇਹ ਬੜੀ ਦੁਖਦਾਈ ਕਹਾਣੀ ਹੈ। ਹਾਲ ਦੀ ਘੜੀ ਮੈਂ ਉਨ੍ਹਾਂ ਸ਼ਹਿਰਾਂ ਦਾ ਜ਼ਿਕਰ ਕਰਾਂਗਾ ਜਿਨ੍ਹਾਂ ਦਾ ਹਿਟਲਰ ਦੀ ਖੂਨੀ ਚੜ੍ਹਤ ਤੇ ਭਿਅੰਕਰ ਅੰਤ ਨਾਲ ਸਬੰਧ ਹੈ। ਪਹਿਲਾ ਨਿਊਰਨਬਰਗ ਹੈ ਤੇ ਦੂਜਾ ਬਰਲਿਨ। ਹਿਟਲਰ ਪਿਛਲੀ ਸਦੀ ਦੇ ਤੀਹਵਿਆਂ ਦੇ ਮੰਦਵਾੜੇ ਦੀ ਉਪਜ ਸੀ ਤੇ ਨਿਊਰਨਬਰਗ ਉਸ ਦੇ ਵੱਲੋਂ ਯਹੂਦੀਆਂ ਉੱਤੇ ਢਾਹੇ ਗਏ ਜ਼ੁਲਮਾਂ ਦੀ ਸਿਖਰ। ਆਪਣੇ ਸਮਿਆਂ ਵਿਚ ਆਰੀਆ ਨਸਲ ਦੀ ਸ਼ੁੱਧਤਾ ਦਾ ਉਸ ਨੇ ਅਜਿਹਾ ਗੁੱਡਾ ਬੰਨ੍ਹਿਆ ਕਿ ਟੇਢੇ-ਮੇਢੇ ਢੰਗ ਨਾਲ ਆਰੀਆ ਬਣੇ ਲੋਕ ਸਭ ਚੰਗੀਆਂ ਮੰਦੀਆਂ ਕੀਮਤਾਂ ਨੂੰ ਛਿੱਕੇ ਟੰਗ ਕੇ ਉਸ ਦੇ ਪਿੱਛੇ ਲਗ ਤੁਰੇ। ਰਾਤੋ ਰਾਤ ਹਿਟਲਰ ਨੂੰ ਰੱਬ ਦਾ ਪਿਤਾਮਾ ਮੰਨ ਕੇ ਉਨ੍ਹਾਂ ਨੇ ਹਿਟਲਰ ਦੀ ਗਲੀ ਦੇ ਕੂਕਰ ਬਣ ਕੇ ਯਹੂਦੀਆਂ ਨੂੰ ਵੱਢਣ ਦਾ ਧੰਦਾ ਅਪਣਾ ਲਿਆ। ਯਹੂਦੀਆਂ ਉੱਤੇ ਅਬੂਰ ਹਾਸਲ ਕਰਨ ਦਾ ਇਕ ਢੰਗ ਆਰੀਆ ਨਸਲ ਵਿਚ ਵਾਧਾ ਕਰਨਾ ਵੀ ਸੀ। ਉਨ੍ਹਾਂ ਨੇ ਇਸ ਢੰਗ ਨੂੰ ਨੰਬਰ ਦੋ ਉੱਤੇ ਰੱਖ ਕੇ ਇਕ ਬਹੁਤ ਹੀ ਸੌਖਾ ਰਸਤਾ ਲੱਭ ਲਿਆ। ਉਹ ਸੀ ਹਰ ਯਹੂਦੀ ਬੱਚੇ ਨੂੰ ਦੇਖਦੇ ਸਾਰ ਪਾਰ ਬੁਲਾਉਣ ਦਾ। ਹਿਟਲਰ ਦੇ ਕੂਕਰਾਂ ਨੇ ਇਹ ਕੰਮ ਕਿੰਨੀ ਬੇਰਹਿਮੀ ਨਾਲ ਅਤੇ ਕਿੰਨੀ ਵੱਡੀ ਪੱਧਰ ਉੱਤੇ ਨਿਭਾਇਆ, ਇਸ ਦਾ ਸਹੀ ਰੂਪ ਵੇਖਣਾ ਹੋਵੇ ਤਾਂ ਨਿਊਰਨਬਰਗ ਦਾ ਉਹ ਅਜਾਇਬ ਘਰ ਹੈ, ਜਿਹੜਾ ਵੇਲੇ ਦੀ ਸਰਕਾਰ ਨੇ ਹਿਟਲਰੀ ਪ੍ਰਸ਼ਾਸਨ ਦੀ ਅੱਠ ਫੁੱਟ ਚੌੜੀਆਂ ਕੰਧਾਂ ਵਾਲੀ ਇਮਾਰਤ ਵਿਚ ਚੋਰ ਮੋਰੀਆਂ ਕਰਕੇ ਪ੍ਰਭਾਵੀ ਢੰਗ ਨਾਲ ਤਿਆਰ ਕੀਤਾ ਹੈ। ਇਸ ਅਜਾਇਬ ਘਰ ਵਿਚ ਪੇਸ਼ ਤਸਵੀਰਾਂ ਤੇ ਡਾਕੂਮੈਂਟਰੀਆਂ ਅਤੇ ਇਨ੍ਹਾਂ ਦੀ ਪੇਸ਼ਕਾਰੀ ਦੇ ਢੰਗ-ਤਰੀਕੇ ਤਕਨੀਕੀ ਮਾਹਿਰਾਂ ਦੀ ਉੱਚੀ ਯੋਗਤਾ ਉੱਤੇ ਮੋਹਰ ਲਾਉਂਦੇ ਹਨ। ਹਰ ਤਸਵੀਰ ਦਾ ਨੰਬਰ ਹੈ ਜਿਸ ਦੀ ਵਾਰਤਾ ਅਜਿਹੀ ਵਾਕੀ ਟਾਕੀ ਵਿਚ ਭਰੀ ਗਈ ਹੈ ਜਿਹੜਾ ਕਿ ਹਰ ਇਕ ਦਰਸ਼ਕ ਤੇ ਸਰੋਤੇ ਨੂੰ ਦੇ ਦਿੱਤਾ ਜਾਂਦਾ ਹੈ। ਇਹ ਵਾਕੀ ਟਾਕੀ ਸੈੱਟ ਸੁਆਗਤੀ ਕਾਊਂਟਰ ਵਾਲਿਆਂ ਕੋਲ ਸੈਂਕੜਿਆਂ ਦੀ ਗਿਣਤੀ ਵਿਚ ਮੌਜੂਦ ਹਨ ਤੇ ਦਾਖਲਾ ਟਿਕਟ ਦੇ ਪੈਸੇ ਭਰਦੇ ਸਾਰ ਮਿਲ ਜਾਂਦੇ ਹਨ। ਦਰਸ਼ਕਾਂ ਨੇ ਕੇਵਲ ਸਾਹਮਣੇ ਆਈ ਤਸਵੀਰ ਜਾਂ ਫ਼ਿਲਮ ਦਾ ਨੰਬਰ ਦੱਬਣਾ ਹੁੰਦਾ ਹੈ ਤੇ ਸੰਬੰਧਿਤ ਦ੍ਰਿਸ਼ ਦੀ ਪੂਰੀ ਕਹਾਣੀ ਸਾਫ਼ ਤੇ ਸਪੱਸ਼ਟ ਸ਼ਬਦਾਂ ਵਿਚ ਉਨ੍ਹਾਂ ਦੇ ਕੰਨਾਂ ਵਿਚ ਪੈਣੀ ਸ਼ੁਰੂ ਹੋ ਜਾਂਦੀ ਹੈ। ਕਿਹੜੀ ਭਾਸ਼ਾ ਵਿਚ ਸੁਣਨੀ ਹੈ, ਇਸ ਦਾ ਫ਼ੈਸਲਾ ਭਾਸ਼ਾ ਵਾਲਾ ਬਟਨ ਦੱਬ ਕੇ ਕਰ ਲਿਆ ਜਾਂਦਾ ਹੈ। ਜਰਮਨ, ਫ੍ਰਾਂਸੀਸੀ, ਅੰਗਰੇਜ਼ੀ ਤੇ ਡੱਚ ਹਰ ਭਾਸ਼ਾ ਵਿਚ ਸ਼ੁੱਧ ਉਚਾਰਨ ਵਾਲੀਆਂ ਕਰੁਣਾਮਈ ਸੁਰਾਂ ਕਮਾਲ ਦੀਆਂ ਹਨ। ਵੇਖਣ ਵਾਲੇ ਨੂੰ ਕਿਸੇ ਤੋਂ ਕੁਝ ਵੀ ਪੁੱਛੇ ਬਿਨਾਂ ਇਹ ਪਤਾ ਲੱਗ ਜਾਂਦਾ ਹੈ ਕਿ ਹਿਟਲਰ ਅਤੇ ਉਸ ਦੇ ਚੇਲੇ ਕਿਸੇ ਯਹੂਦੀ ਦੀ ਜਾਨ ਲੈਣ ਵਾਸਤੇ ਬੰਦੂਕ ਦੀ ਗੋਲੀ ਵਰਤਣੀ ਵੀ ਮਹਿੰਗੀ ਸਮਝਦੇ ਸਨ। ਹਿਟਲਰ ਨੂੰ ਕਿਹੋ ਜਿਹੀਆਂ ਤੇ ਕਿੰਨੀਆਂ ਸਲਾਮਾਂ ਹੁੰਦੀਆਂ ਸਨ ਅਤੇ ਯਹੂਦੀ ਕਿੰਨੀ ਬੇਰਹਿਮੀ ਨਾਲ ਤੇ ਕਿਹੋ ਜਿਹੇ ਤਸੀਹੇ ਦੇ ਕੇ ਮਾਰੇ ਗਏ, ਇਹ ਨੁਮਾਇਸ਼ ਉਨ੍ਹਾਂ ਦੀ ਮੂੰਹ ਬੋਲਦੀ ਤਸਵੀਰ ਹੈ।
ਜੇ ਨਿਊਰਨਬਰਗ ਹਿਟਲਰ ਦੀ ਚੜ੍ਹਤ ਤੇ ਯਹੂਦੀਆਂ ਦੀ ਤਬਾਹੀ ਦਾ ਮੰਜ਼ਰ ਹੈ ਤਾਂ ਬਰਲਿਨ ਉਸ ਦੀ ਹਾਰ ਦਾ। ਹਿਟਲਰ ਦੀਆਂ ਮੁਢਲੀਆਂ ਜਿੱਤਾਂ ਨੇ ਹਿਟਲਰ ਦਾ ਦਿਮਾਗ ਏਨਾ ਖਰਾਬ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਦੇਸ਼ ਉੱਤੇ ਜਿੱਤ ਪ੍ਰਾਪਤ ਕਰਨਾ ਚੁਟਕੀ ਦੀ ਮਾਰ ਸਮਝਣ ਲਗ ਪਿਆ ਸੀ। ਪਰ ਰੂਸ ਵਾਲਿਆਂ ਨੇ ਉਸ ਦਾ ਏਨਾ ਡਟ ਕੇ ਮੁਕਾਬਲਾ ਕੀਤਾ ਕਿ ਰੂਸੀ ਬਰਲਿਨ ਤੱਕ ਪਹੁੰਚ ਗਏ। ਸੰਨ 1945 ਦੀ ਗਰਮੀ ਰੁੱਤੇ ਇਸ ਸ਼ਹਿਰ ਵਿਚ ਸਾਂਝੀਆਂ ਫ਼ੌਜਾਂ ਤੋਂ ਏਨੀ ਮਾਰ ਪਈ ਕਿ ਇਸ ਨਾਲ ਇਹ ਘੁੱਗ ਵਸਦਾ ਸ਼ਹਿਰ ਹੀ ਤਬਾਹ ਨਹੀਂ ਹੋਇਆ, ਹਿਟਲਰ ਨੂੰ ਵੀ ਆਪਣੀ ਜਾਨ ਆਪਣੇ ਹਥੀਂ ਲੈਣੀ ਪੈ ਗਈ। ਉਸ ਤੋਂ ਪਿੱਛੋਂ ਬਰਲਿਨ ਉੱਤੇ ਕੀ ਬੀਤੀ, ਇਸ ਦੀ ਕਹਾਣੀ 'ਬਰਲਿਨ ਦੀ ਕੰਧ' ਦੇ ਮੂੰਹੋਂ ਸੁਣੀ ਜਾ ਸਕਦੀ ਹੈ। ਕੰਧ ਢਹਿ ਚੁੱਕੀ ਹੈ। ਪੂਰਬੀ ਤੇ ਪੱਛਮੀ ਜਰਮਨੀ ਇਕ ਹੋ ਚੁੱਕੇ ਹਨ। ਪਰ ਵਸਨੀਕਾਂ ਦੇ ਚਿਹਰਿਆਂ ਉੱਤੇ ਨਾਜ਼ੀ ਅੱਤਿਆਚਾਰਾਂ ਦੇ ਚਿੰਨ੍ਹ ਹਾਲੀ ਵੀ ਦੇਖੇ ਜਾ ਸਕਦੇ ਹਨ। ਮੈਂ ਇਹ ਚਿੰਨ੍ਹ ਇਥੋਂ ਦੇ ਸ਼ਹਿਰੀ ਵਸਨੀਕਾਂ ਵਿਚ ਵੀ ਤੱਕੇ ਹਨ ਤੇ ਪੇਂਡੂ ਚਿਹਰਿਆਂ ਉਤੇ ਵੀ। ਇਨ੍ਹਾਂ ਦੀ ਮੂੰਹ ਬੋਲਦੀ ਤਸਵੀਰ ਦਿਖਾਉਣ ਵਾਸਤੇ ਮੈਨੂੰ ਊਤੇ ਨਾਂਅ ਦੀ ਜਰਮਨ ਕੁੜੀ ਨੋਇਨਗਾਮੇ ਨਾਂਅ ਦੇ ਸਥਾਨ ਉੱਤੇ ਲੈ ਗਈ, ਜਿਥੇ 40ਵਿਆਂ ਵਿਚ ਕੈਦੀਆਂ ਦੀਆਂ ਬੈਰਕਾਂ ਹੁੰਦੀਆਂ ਸਨ। ਇਸ ਨੂੰ ਕਨਸੈਂਟਰੇਸ਼ਨ ਕੈਂਪ ਕਹਿੰਦੇ ਸਨ। ਇਥੇ ਕੈਦੀਆਂ ਵਾਸਤੇ ਛੇ-ਛੇ ਸੌ ਵਰਗ ਮੀਟਰ ਦੇ ਚਾਰ ਬਲਾਕ ਸਨ। ਹਰ ਬਲਾਕ ਵਿਚ ਦੋ ਵੱਡੀਆਂ ਡਾਰਮੇਟਰੀਜ਼ (ਹਾਲ ਕਮਰੇ) ਅਤੇ ਸਾਂਝੇ ਗੁਸਲਖਾਨੇ ਤੇ ਟੱਟੀਆਂ ਸਨ। ਇਹ ਚਾਰੇ ਬਲਾਕ 1000 ਕੈਦੀਆਂ ਲਈ ਬਣੇ ਸਨ ਪਰ ਨਾਜ਼ੀਆਂ ਨੇ ਇਨ੍ਹਾਂ ਵਿਚ 2000 ਕੈਦੀ ਤਾੜ ਰੱਖੇ ਸਨ। ਹਿਟਲਰ ਕੈਦੀਆਂ ਨੂੰ ਦੁਸ਼ਮਣਾਂ ਸਮਾਨ ਸਮਝਦਾ ਸੀ ਤੇ ਉਨ੍ਹਾਂ ਨਾਲ ਦੁਸ਼ਮਣਾਂ ਵਾਲਾ ਵਿਹਾਰ ਕਰਦਾ ਸੀ। ਅੰਤਾਂ ਦਾ ਵਹਿਸ਼ੀਆਨਾ।
ਇਸ ਸਥਾਨ ਉਤੇ ਲੱਗੀ ਨੁਮਾਇਸ਼ ਨਿਊਰਨਬਰਗ ਵਾਲੀ ਨੁਮਾਇਸ਼ ਦੀ ਧੀ ਜਾਪਦੀ ਹੈ ਪਰ ਨਾਜ਼ੀ ਅਤਿਆਚਾਰਾਂ ਦੀ ਪੇਸ਼ਕਾਰੀ ਵਿਚ ਇਸ ਨੂੰ ਉਸ ਦੀ ਮਾਂ ਕਹਿ ਸਕਦੇ ਹਾਂ। ਇਹ ਦੱਸਦੀ ਹੈ ਕਿ ਕਿਵੇਂ ਕੈਦੀਆਂ ਨੂੰ ਨੇੜਲੇ ਦਰਿਆ ਤੋਂ ਜੰਗੀ ਸਾਮਾਨ ਦੇ ਟਰਾਲੇ ਹੱਥੀਂ ਖਿੱਚ ਕੇ ਲਿਆਉਣ ਦਾ ਕੰਮ ਦਿੱਤਾ ਜਾਂਦਾ ਸੀ, ਹਥਿਆਰ ਤੇ ਜੰਗੀ ਸਮੱਗਰੀ ਬਣਵਾਈ ਜਾਂਦੀ ਸੀ। ਜਦੋਂ ਉਹ ਮਿਹਨਤ ਕਰਨ ਦੇ ਯੋਗ ਨਹੀਂ ਸਨ ਰਹਿ ਜਾਂਦੇ ਤਾਂ ਗੋਲੀ ਨਾਲ ਉਡਾ ਦਿੱਤਾ ਜਾਂਦਾ ਸੀ। ਭਿਆਨਕ ਗੱਲ ਇਹ ਕਿ ਨਿੱਕੇ-ਨਿੱਕੇ ਯਹੂਦੀ ਬਾਲਕਾਂ ਨੂੰ ਤਪਦਿਕ ਦੇ ਟੀਕੇ ਲਾ ਕੇ ਕੀਟਾਣੂਆਂ ਦਾ ਅਸਰ ਦੇਖਣ ਲਈ ਜਾਨਵਰਾਂ ਵਾਲੇ ਤਜਰਬੇ ਕੀਤੇ ਜਾਂਦੇ ਸਨ। ਸਾਨੂੰ ਦੱਸਿਆ ਗਿਆ ਕਿ ਇਸ ਕੈਂਪ ਵਿਚ ਲਿਆਉਣ ਤੋਂ ਪਹਿਲਾਂ ਕੈਦੀਆਂ ਨੂੰ ਪਿੰਡਾਂ ਦੇ ਛੋਟੇ ਕੈਂਪਾਂ ਵਿਚ ਰੱਖਿਆ ਜਾਂਦਾ ਸੀ। ਭੁੱਖ ਅਤੇ ਅੰਤਾਂ ਦੇ ਕੰਮ ਨੇ ਇਨ੍ਹਾਂ ਦੇ ਸਰੀਰ ਏਨੇ ਖੋਖਲੇ ਕਰ ਦਿੱਤੇ ਸਨ ਕਿ ਹਿਟਲਰ ਦੇ ਮਰਨ ਤੇ ਜੰਗ ਦੇ ਖ਼ਤਮ ਹੋਣ ਤੋਂ ਪਿੱਛੋਂ ਵੀ ਉਨ੍ਹਾਂ ਦੇ ਸਾਹਾਂ ਵਿਚ ਸਾਹ ਭਰਨਾ ਸੰਭਵ ਨਹੀਂ ਸੀ। ਪੇਸ਼ਕਾਰੀ ਏਨੀ ਜਾਨਦਾਰ ਹੈ ਕਿ ਕੈਦੀ ਨੇੜਲੇ ਦਰਿਆ ਐਲਬੇ ਵਿਚ ਡੁਬਦੇ ਦਿਖਾਈ ਦਿੰਦੇ ਹਨ।
-
Gulzar Singh Sandhu/Courtesy Ajit,July,27,2011,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.