ਪੰਜਾਬ ਦੇ ਮੁੱਖ ਮੰਤਰੀ ਅਤੇ ਅਨੁਭਵੀ ਸਿਆਸਤਦਾਨ ਸ: ਪ੍ਰਕਾਸ਼ ਸਿੰਘ ਬਾਦਲ ਨੇ ਪਿੰਡਾਂ ਵਿਚ ਰਹਿਣ ਦਾ ਫੈਸਲਾ ਕਰਕੇ ਪੰਜਾਬ ਦੇ ਲੋਕਾਂ, ਖਾਸ ਕਰਕੇ ਪ੍ਰਸ਼ਾਸਨ ਦੀ ਸੋਚ ਦੇ ਵਹਿਣ ਨੂੰ ਇਕ ਵੱਡਾ ਮੋੜਾ ਦੇਣ ਦਾ ਯਤਨ ਕੀਤਾ ਹੈ। ਸਾਡੇ ਸਭ ਲੋਕਾਂ ਦੀ ਤੀਬਰ ਇੱਛਾ ਸ਼ਹਿਰ ਵਿਚ ਜਾ ਕੇ ਵਸਣ ਦੀ ਬਣ ਗਈ ਹੈ। ਇਸ ਕਰਕੇ ਅੱਜ ਨਾ ਅਧਿਆਪਕ ਪਿੰਡਾਂ 'ਚ ਜਾਣ ਲਈ ਤਿਆਰ ਹਨ, ਨਾ ਡਾਕਟਰ ਪਿੰਡਾਂ ਦੇ ਲੋਕਾਂ ਨੂੰ ਡਾਕਟਰੀ ਸਹੂਲਤ ਦੇਣਾ ਪਸੰਦ ਕਰਦੇ ਹਨ। ਗੱਲ ਕੀ ਹਰ ਤਰ੍ਹਾਂ ਮੁਲਾਜ਼ਮ ਹੀ ਸ਼ਹਿਰਾਂ ਵੱਲ ਦੌੜਨ ਨੂੰ ਤਰਜੀਹ ਦਿੰਦਾ ਹੈ। ਪਿੰਡਾਂ ਦੇ ਸਕੂਲ ਅਧਿਆਪਕਾਂ ਤੋਂ ਸੱਖਣੇ ਹਨ ਤੇ ਹਸਪਤਾਲ ਡਾਕਟਰਾਂ ਨੂੰ ਤਰਸਦੇ ਹਨ। ਅਜਿਹੇ ਮੌਕੇ ਸ: ਪ੍ਰਕਾਸ਼ ਸਿੰਘ ਬਾਦਲ ਨੇ ਸੰਗਤ ਦਰਸ਼ਨ ਵਾਲੇ ਪਿੰਡਾਂ ਵਿਚ ਰਾਤਾਂ ਕੱਟਣ ਦਾ ਫੈਸਲਾ ਲੈ ਕੇ ਲੋਕਾਂ ਨੂੰ ਇਕ ਵੱਖਰਾ ਰਸਤਾ ਵਿਖਾਇਆ ਹੈ ਤੇ ਬਹੁਤ ਗੰਭੀਰ ਤੇ ਵੱਡਾ ਸੁਨੇਹਾ ਵੀ ਦਿੱਤਾ ਹੈ। ਮੁੱਖ ਮੰਤਰੀ ਦਾ ਇਹ ਫੈਸਲਾ ਕਿਸੇ ਰਾਜਸੀ ਤਿਕੜਮਬਾਜ਼ੀ ਦੇ ਮੇਚ ਆਉਣ ਵਾਲਾ ਨਹੀਂ, ਸਗੋਂ ਇਹ ਇਕ ਭਾਵਕ ਅਪੀਲ ਹੈ ਤੇ ਲੋਕਾਂ ਦੀ ਸੋਚ ਨੂੰ ਬਦਲਣ ਦਾ ਇਕ ਅਹਿਮ ਅਮਲੀ ਤਜਰਬਾ ਵੀ ਹੈ। ਕੁਝ ਰਾਜਸੀ ਨੇਤਾਵਾਂ ਨੇ ਮੁੱਖ ਮੰਤਰੀ ਵੱਲੋਂ ਸਕੂਲਾਂ ਵਿਚ ਰਾਤਾਂ ਕੱਟਣ ਦੇ ਫੈਸਲੇ ਦਾ ਮਜ਼ਾਕ ਉਡਾਉਣ ਦਾ ਵੀ ਯਤਨ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੇ ਸਕੂਲਾਂ ਵਿਚ ਸੌਣ ਨਾਲ ਸਕੂਲਾਂ ਦੀ ਮਰਿਆਦਾ ਭੰਗ ਹੋਵੇਗੀ। ਸਕੂਲਾਂ 'ਚ ਸੌਣ ਸਮੇਂ ਮੁੱਖ ਮੰਤਰੀ ਲਈ ਪ੍ਰਬੰਧ 'ਤੇ ਵਾਧੂ ਖਰਚ ਹੋਵੇਗਾ। ਪਰ ਮੁੱਖ ਮੰਤਰੀ ਦੀ ਇਸ ਭਾਵਨਾ ਨੂੰ ਸਮਝਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਮਾਜ ਦੀ ਸੋਚ ਦਾ ਵਹਿਣ ਮੋੜਨ ਵਾਲੀ ਇਸ ਪਹਿਲਕਦਮੀ ਨੂੰ ਸੌੜੀ ਰਾਜਨੀਤੀ ਦਾ ਹਿੱਸਾ ਨਾ ਬਣਾਇਆ ਜਾਵੇ, ਸਗੋਂ ਸ: ਬਾਦਲ ਦੇ ਇਸ ਫ਼ੈਸਲੇ ਦੇ ਵਡੇਰੇ ਅਰਥਾਂ ਨੂੰ ਸਮਝਣ ਦਾ ਯਤਨ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਸ: ਬਾਦਲ ਅਨੇਕ ਵਾਰ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਕਦੇ ਵੀ ਸੁੱਖ ਰਹਿਣੇ ਨਹੀਂ ਬਣੇ। ਉਹ 45 ਦਰਜੇ ਤਾਪਮਾਨ ਵਿਚ ਵੀ ਪੱਖੇ ਦੀ ਹਵਾ 'ਚ ਬੈਠ ਕੇ 6-6, 8-8 ਘੰਟੇ ਸੰਗਤ ਦਰਸ਼ਨ ਕਰਦੇ ਰਹਿੰਦੇ ਹਨ ਤੇ ਰਾਤ ਦੇ 25 ਜਾਂ 30 ਦਰਜੇ ਦੇ ਤਾਪਮਾਨ ਵਿਚ ਕਿਸੇ ਥਾਂ ਉਨ੍ਹਾਂ ਲਈ ਸੌਣਾ ਕੋਈ ਵੱਡੀ ਮੁਸ਼ਕਿਲ ਨਹੀਂ। ਮੁੱਖ ਮੰਤਰੀ ਦੇ ਪਿੰਡਾਂ ਵਿਚ ਜਾ ਕੇ ਰਹਿਣ ਨਾਲ ਉਨ੍ਹਾਂ ਦੀ ਪਿੰਡਾਂ ਦੇ ਲੋਕਾਂ ਨਾਲ ਡੂੰਘੀ ਸਾਂਝ ਤੇ ਲਗਾਅ ਦਾ ਪ੍ਰਗਟਾਵਾ ਹੁੰਦਾ ਹੈ, ਨਾਲ ਹੀ ਅਫਸਰਸ਼ਾਹੀ, ਮੁਲਾਜ਼ਮਾਂ, ਪੜ੍ਹੇ-ਲਿਖੇ ਲੋਕਾਂ, ਖਾਸਕਰ ਪਿੰਡ ਛੱਡ ਕੇ ਸ਼ਹਿਰਾਂ ਵਿਚ ਜਾ ਵਸਣ ਲਈ ਉਤਾਵਲੇ ਲੋਕਾਂ ਲਈ ਇਹ ਵੱਡਾ ਸਬਕ ਵੀ ਬਣ ਸਕਦਾ ਹੈ। ਮੁੱਖ ਮੰਤਰੀ ਜਿਥੇ ਵੀ ਠਹਿਰਦੇ, ਉਥੇ ਆਓ ਭਗਤ ਤੇ ਪ੍ਰਬੰਧ ਤਾਂ ਕੁਦਰਤੀ ਗੱਲ ਹੈ ਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵੀ ਹੈ। ਅਸਲ ਭਾਵਨਾ ਤਾਂ ਇਹ ਹੈ ਕਿ ਅਣਗੌਲੇ ਥਾਵਾਂ ਉੱਪਰ ਜਾ ਕੇ ਜੇਕਰ ਮੁੱਖ ਮੰਤਰੀ ਠਹਿਰਦੇ ਹਨ ਤਾਂ ਪ੍ਰਸ਼ਾਸਨ ਦੀ ਸਵੱਲੀ ਨਿਗ੍ਹਾ ਵੀ ਅਜਿਹੇ ਖੇਤਰਾਂ ਵੱਲ ਹੋ ਸਕਦੀ ਹੈ। ਜੇਕਰ ਸਾਡੇ ਰਾਜਨੀਤੀਵਾਨ ਤੇ ਪ੍ਰਸ਼ਾਸਨ ਮੁੱਖ ਮੰਤਰੀ ਦੀ ਭਾਵਨਾ ਦੇ ਅਨੁਕੂਲ ਕੰਮ ਕਰਨ ਤਾਂ ਇਸ ਨਾਲ ਪੰਜਾਬੀਆਂ ਦੀ ਸੋਚ ਵਿਚ ਇਕ ਵੱਡੀ ਤਬਦੀਲੀ ਵੀ ਹੋ ਸਕਦੀ ਹੈ ਤੇ ਪ੍ਰਸ਼ਾਸਨ ਵੀ ਪਿੰਡਾਂ ਵੱਲ ਧਿਆਨ ਦੇਣ ਲਈ ਵਧੇਰੇ ਰੁਚਿਤ ਹੋ ਸਕਦਾ ਹੈ।
-
Major Singh / ਮੇਜਰ ਸਿੰਘ/AJIT,
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.