ਅਸ਼ੋਕ ਵਰਮਾ
ਬਠਿੰਡਾ, 12 ਨਵੰਬਰ 2020- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੰਗਤ ਅਤੇ ਬਠਿੰਡਾ ਬਲਾਕ ਵੱਲੋਂ ਰਿਲਾਇੰਸ ਮਾਲ ਬਠਿੰਡਾ ਅੱਗੇ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਅੱਜ ਵੀ ਜਾਰੀ ਰਿਹਾ। ਧਰਨੇ ਨੂੰ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਰਾਮ ਸਿੰਘ ਕੋਟਗੁਰੂ ਅਤੇ ਨੌਜਵਾਨ ਭਾਰਤ ਸਭ ਦੇ ਬਲਕਰਨ ਸਿੰਘ ਨੇ ਸੰਬੋਘਨ ਕਰਦਿਆਂ ਕਿਹਾ ਕਿ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਨੇ ਨਿੱਜੀਕਰਨ ਦੀਆਂ ਨੀਤੀਆਂ ਤੇਜ਼ ਕੀਤੀਆਂ ਹਨ,ਜਿਹਨਾਂ ਕਰਕੇ ਇੱਕਲੀ ਖੇਤੀ ਹੀ ਨਹੀਂ ਸਗੋਂ ਇੱਥੋਂ ਦਾ ਵਪਾਰੀ ਵਰਗ,ਮੱਧ ਵਰਗ,ਮਜਦੂਰ,ਦੁਕਾਨਦਾਰ ਵੀ ਨਿੱਜੀਕਰਨ ਦੀ ਮਾਰ ਹੰਢਾ ਰਹੇ ਹਨ। ਉਹਨਾਂ ਕਿਹਾ ਕਿ ਅਜੇ ਤੱਕ ਇਹ ਲੋਕ ਵਿਰੋਧੀ ਕਾਨੂੰਨ ਲਾਗੂ ਨਹੀਂ ਹੋਏ, ਪਰ ਕਿਸਾਨਾਂ ਦੀਆਂ ਫਸਲਾਂ ਹੁਣ ਵੀ ਰੁਲ ਰਹੀਆਂ ਹਨ। ਉਹਨਾਂ ਆਖਿਆ ਕਿ ਅਸਲ ’ਚ ਮੋਦੀ ਸਰਕਾਰ ਦੇ ਇਸ਼ਾਰੇ ਤੇ ਕਾਰਪੋਰੇਟ ਜਮੀਨਾਂ ਹੜੱਪਣਾ ਚਾਹੁੰਦੇ ਹਨ ਪਰ ਅਜਿਹਾ ਹੋਣ ਨਹੀਂ ਦਿੱਤਾ ਜਾਏਗਾ।
ਉਹਨਾਂ ਕਿਹਾ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਕਿਸਾਨਾਂ-ਮਜਦੂਰਾਂ ਦੀ ਲੁੱਟ ਹੋਰ ਤੇਜ਼ ਹੋਏਗੀ, ਜ਼ਮੀਨਾਂ ਖੁੱਸਣਗੀਆਂ ਅਤੇ ਮਜਦੂਰਾਂ ਦੇ ਰੁਜ਼ਗਾਰ ਦਾ ਉਜਾੜਾ ਹੋਣਾ ਹੈ। ਉਹਨਾਂ ਕਿਹਾ ਕਿ ਇਸ ਲਈ ਸਾਰੇ ਹੀ ਵਰਗਾਂ ਨੂੰ ਇਕੱਠੇ ਹੋਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਸਰਕਾਰ ਚਿਤਾਵਨੀ ਦਿੱਤੀ ਕਿ ਖੇਤੀ ਕਾਨੂੰਨ ਰੱਦ ਹੋਣ ਤੱਕ ਕਾਰਪੋਰੇਟ ਘਰਾਣਿਆਂ ਦੇ ਘਿਰਾਓ ਜਾਰੀ ਰਹਿਣਗੇ। ਉੱਧਰ ਬਠਿੰਡਾ ਜਿਲ੍ਹੇ ’ਚ ਜੀਦਾ ਟੋਲ ਪਲਾਜਾ,ਬੈਸਟ ਪ੍ਰਾਈਸ ਭੁੱਚੋ ਮੰਡੀ, ਬਠਿੰਡਾ-ਚੰਡੀਗੜ ਰੋਡ ‘ਤੇ ਟੋਲ ਪਲਾਜਾ ਲਹਿਰਾ ਬੇਗਾ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਜਾਰੀ ਰਹੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਅਤੇ ਹਰਵਿੰਦਰ ਕੌਰ ਬਿੰਦੂ ਸਮੇਤ ਹੋਰਨ ਆਗੂਆਂ ਨੇ ਸੰਬੋਧਨ ਕਰਦਿਆਂ ਕਾਰਪੋਰੇਟ ਘਰਾਣਿਆਂ ਖਿਲਾਫ ਆਰ ਪਾਰ ਦੀ ਲੜਾਈ ਲੜਨ ਦਾ ਸੱਦਾ ਦਿੱਤਾ।
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨ ਮਾਰੂ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਇਹ ਭੁਲੇਖਾ ਕੱਢ ਦੇਵੇ ਕਿ ਕਿਸਾਨ ਮੋਰਚਿਆਂ ਤੋਂ ਵਾਪਿਸ ਚਲੇ ਜਾਣਗੇ ਬਲਕਿ ਕਾਨੂੰਨਾਂ ਦੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ। ਕਿਸਾਨ ਆਗੂਆਂ ਨੇ ਕਿਹਾ ਜੇਕਰ ਪੰਜਾਬ ਦੇ ਲੋਕ ਬੱਚਿਆਂ ਦਾ ਸੁਨਹਿਰਾ ਭਵਿੱਖ ਚਾਹੁੰਦੇ ਹਨ ਤਾਂ ਉਹ ਕਿਸਾਨਾਂ ਦਾ ਸਾਥ ਦੇਕੇ ਕੇਂਦਰ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਅਡਾਨੀ ਤੇ ਅੰਬਾਨੀ ਦੇ ਫਾਰਮਾਂ ਵਿਚ ਮਜ਼ਦੂਰੀ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਮੋਰਚਿਆਂ ਨੂੰ ਹਰਗੋਬਿੰਦ ਸਿੰਘ,ਅਜੇਪਾਲ ਸਿੰਘ, ਹਰਭਜਨ ਸਿੰਘ ਅਤੇ ਧਰਮਪਾਲ ਜੰਡੀਆ ਨੇ ਵੀ ਸੰਬੋਧਨ ਕੀਤਾ।