ਅਸ਼ੋਕ ਵਰਮਾ
ਬਰਨਾਲਾ, 1 ਨਵੰਬਰ 2020 - ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਨੇ ਅੱਜ ਭਾਰਤ ਬੰਦ ਦੀਆਂ ਤਿਆਰੀਆਂ ਲਈ ਸੱਦੀ ਮੀਟਿੰਗ ਦੌਰਾਨ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਤੇਜ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕੀਤੀ। ਇਸ ਮੌਕੇ 5 ਨਵੰਬਰ ਦੇ ਦੇਸ਼-ਪੱਧਰੀ ਚੱਕਾ-ਜਾਮ ਦੇ ਨਾਲ ਨਾਲ 26-27 ਨਵੰਬਰ ਦੇ ਦਿੱਲੀ-ਚੱਲੋ ਦੇ ਸੱਦੇ ਸਬੰਧੀ ਵਿਉਂਤਬੰਦੀ ਕੀਤੀ ਗਈ। ਕਿਸਾਨ ਆਗੂਆਂ ਨੇ ਪ੍ਰਦੂਸ਼ਣ ਰੋਕੂ ਆਰਡੀਨੈਂਸ ਨੂੰ ਕਿਸਾਨੀ ਤੇ ਇੱਕ ਹੋੋਰ ਜਾਬਰ ਹੱਲਾ ਕਰਾਰ ਦਿੰਦਿਆਂ ਆਰ ਪਾਰ ਦੀ ਲਅੜਾਈ ਦਾ ਅਹਿਦ ਵੀ ਕੀਤਾ।
ਇਸ ਮੌਕੇ ਸੂਬਾ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਖਜ਼ਾਨਚੀ ਰਾਮ ਸਿੰਘ ਮਟੋਰੜਾ, ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਅਤੇ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਨੇ ਕਿਹਾ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਐਨ ਇਹ ਸਾਬਿਤ ਕਰਦੇ ਹਨ ਕਿ ਪੰਜਾਬ ਦਾ ਕਿਸਾਨ ਦਿੱਲੀ ਦੇ ਪ੍ਰਦੂਸ਼ਣ ਲਈ ਜਿੰਮੇਵਾਰ ਨਹੀਂ ਹੈ ਫਿਰ ਵੀ ਕੇਂਦਰ ਸਰਕਾਰ ਨੇ 1 ਕਰੋੜ ਰੁਪਏ ਤੱਕ ਜੁਰਮਾਨਾ ਅਤੇ ਜੇਲ੍ਹ ਭੇਜਣ ਸਬੰਧੀ ਫੈਸਲਾ ਲੈ ਕੇ ਕਿਸਾਨਾਂ ‘ਤੇ ਜ਼ਬਰ ਕੀਤਾ ਹੈ, ਜਿਸ ਨੂੰ ਕਦਾਚਿਤ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫੰਡਾਂ ਦੀ ਜਾਂਚ ਬਹਾਨੇ ਪੰਜਾਬ ਦਾ ਪੇਂਡੂ ਵਿਕਾਸ ਫੰਡ ਰੋਕਣਾ ਵੀ ਪੰਜਾਬ ਨੂੰ ਆਰਥਿਕ ਤੌਰ ‘ਤੇ ਸੱਟ ਮਾਰਨ ਵਾਲਾ ਫੈਸਲਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ-ਟਰੈਕ ਖਾਲੀ ਕੀਤੇ ਜਾਣ ਉਪਰੰਤ ਵੀ ਮਾਲ-ਗੱਡੀਆਂ ਨਹੀਂ ਚਲਾਈਆਂ ਗਈਆਂ ਅਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਦੀ ਬਜਾਏ ਅੜੀਅਲ ਵਤੀਰੇ ‘ਤੇ ਉਤਰ ਆਈ ਹੈ। ਉਹਨਾਂ ਕਿਹਾ ਕਿ ਦੇਸ਼ ਭਰ ਦੀਆਂ ਕਰੀਬ 346 ਜਥੇਬੰਦੀਆਂ ਦੀ ਇੱਕਜੁੱਟਤਾ ਮੋਦੀ-ਸਰਕਾਰ ਨੂੰ ਖੇਤੀ-ਕਾਨੂੰਨ ਵਾਪਿਸ ਲੈਣ ਲਈ ਮਜ਼ਬੂਰ ਕਰ ਦੇਵੇਗੀ। ਉਹਨਾਂ ਸਮੂਹ ਕਿਸਾਨ ਆਗੂਆਂ ਨੂੰ ਅਗਾਮੀ ਸਾਰੇ ਦੀ ਸਫਲਤਾ ਲਈ ਅੱਜ ਤੋਂ ਹੀ ਜੁਟਣ ਦੀ ਅਪੀਲ ਵੀ ਕੀਤੀ।