ਅਸ਼ੋਕ ਵਰਮਾ
ਚੰਡੀਗੜ੍ਹ, 2 ਅਕਤੂਬਰ 2020 - ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਤਾਲਮੇਲ ਵਜੋਂ 13 ਜ਼ਿਲ੍ਹਿਆਂ ‘ਚ ਅਣਮਿਥੇ ਸਮੇਂ ਦੇ ਧਰਨੇ ਵਧਾ ਕੇ ਅੱਜ 40 ਥਾਂਵਾਂ ‘ਤੇ ਲਾਏ ਗਏ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 4 ਥਾਵਾਂ ਧਬਲਾਨ(ਪਟਿਆਲਾ), ਸੁਨਾਮ(ਸੰਗਰੂਰ), ਬੁਢਲਾਡਾ(ਮਾਨਸਾ) ਗਿੱਦੜਬਾਹਾ (ਮੁਕਤਸਰ) ’ਚ ਰੇਲ ਪਟੜੀਆਂ ਜਾਮ ਕੀਤੀਆਂ ਗਈਆਂ ਹਨ।
ਇਸੇ ਤਰ੍ਹਾਂ ਹੀ 4 ਭਾਜਪਾ ਆਗੂਆਂ ਦੇ ਘਰਾਂ ਅੱਗੇ-ਸਤਵੰਤ ਸਿੰਘ ਪੂਨੀਆ(ਸੰਗਰੂਰ),ਬਿਕਰਮਜੀਤ ਸਿੰਘ ਚੀਮਾ(ਪਾਇਲ), ਸੁਨੀਤਾ ਗਰਗ(ਕੋਟਕਪੂਰਾ),ਅਰੁਣ ਨਾਰੰਗ ਐਮ ਐਲ ਏ (ਅਬੋਹਰ) ‘ਚ ਧਰਨੇ ਦਿੱਤੇ ਗਏ ਹਨ। ਕਿਸਾਨ ਆਗੂ ਅਨੁਸਾਰ ਕਾਲਾਝਾੜ (ਸੰਗਰੂਰ), ਬਡਬਰ (ਬਰਨਾਲਾ),ਲਹਿਰਾਬੇਗਾ ਤੇ ਜੀਦਾ (ਬਠਿੰਡਾ), ਕੱਥੂਨੰਗਲ (ਗੁਰਦਾਸਪੁਰ), ਸਿੰਘਾਂਵਾਲਾ (ਮੋਗਾ),ਪਥਰਾਲਾ (ਬਠਿੰਡਾ) ਅਤੇ ਮਾਮੂ ਜੋਈਆਂ (ਫਾਜਿਲਕਾ)ਸਮੇਤ ਅੱਠ ਟੋਲ ਪਲਾਜੇ ਜਾਮ ਕੀਤੇ ਹਨ ਜਦੋਂਕਿ ਬੈਸਟ ਪ੍ਰਾਈਸ ਭੁੱਚੋ (ਬਠਿੰਡਾ) ਅਤੇ ਰਿਲਾਇੰਸ ਮਾਲ , ਰੋਖਾ (ਅੰਮਿ੍ਰਤਸਰ) ਅੱਗੇ ਧਰਨਿਆਂ ਤੋਂ ਇਲਾਵਾ ਅਡਾਨੀ ਸੈਲੋ ਗੋਦਾਮ- ਡਗਰੂ (ਮੋਗਾ) ਤੇ ਛਾਜਲੀ (ਸੰਗਰੂਰ) ਵੀ ਕਿਸਾਨ ਸੰਘਰਸ਼ ਦਾ ਨਿਸ਼ਾਨਾ ਬਣੇ ਹਨ।
ਉਨਾਂ ਦੱਸਿਆ ਕਿ15 ਰਿਲਾਇੰਸ ਪੰਪ-ਧਨੌਲਾ (ਬਰਨਾਲਾ) ,ਸੰਘੇੜਾ (ਬਰਨਾਲਾ), ਨਿਆਲ (ਪਟਿਆਲਾ),ਧੂਰੀ (ਸੰਗਰੂਰ), ਦਿੜਬਾ (ਸੰਗਰੂਰ), ਭਵਾਨੀਗੜ (ਸੰਗਰੂਰ),ਮਲੇਰਕੋਟਲਾ (ਸੰਗਰੂਰ), ਅਹਿਮਦਗੜ (ਸੰਗਰੂਰ)ਲਹਿਰਾ (ਸੰਗਰੂਰ),ਸੰਗਰੂਰ, ਸੁਨਾਮ (ਸੰਗਰੂਰ), ਰਾਮਪੁਰਾ (ਬਠਿੰਡਾ), ਜਲਾਲਾਬਾਦ (ਫਾਜਲਿਕਾ), ਵਲੂਰ (ਫਿਰੋਜਪੁਰ), ਗਿੱਦੜਬਾਹਾ (ਮੁਕਤਸਰ) ,4 ਐੱਸ ਆਰ ਪੰਪ- ਧੌਲਾ (ਬਰਨਾਲਾ),ਭੋਤਨਾ(ਬਰਨਾਲਾ) ,ਕਾਤਰੋਂ (ਪਟਿਆਲਾ), ਭੁੱਚੋ ਮੰਡੀ (ਬਠਿੰਡਾ) ਅਤੇ ਪ੍ਰਾਈਵੇਟ ਥਰਮਲ ਪਲਾਂਟ ਵਣਾਂਵਾਲੀ (ਮਾਨਸਾ) ਵਿਖੇ ਇਹ ਧਰਨੇ ਦਿਨੇ ਰਾਤ ਜਾਰੀ ਹਨ। ਅੱਜ ਇਹਨਾਂ ਧਰਨਿਆਂ ਵਿੱਚ ਅੱਜ ਨਰਿੰਦਰ ਮੋਦੀ ਅਤੇ ਕਾਰਪੋਰੇਟ ਪ੍ਰਤੀਕ ਅੰਕਲ ਸੈਮ ਦੇ ਫੋਟੋ ਬੋਰਡ ਬਣਾ ਕੇ ਧਰਨਾਕਾਰੀਆਂ ਨੇ ਉਹਨਾਂ ‘ਤੇ ਛਿੱਤਰ ਪਰੇਡ ਵੀ ਕੀਤੀ ਜੋ ਰੋਜ਼ਾਨਾ ਜਾਰੀ ਰਹੇਗੀ ਅਤੇ ਕੱਲ ਤੋਂ ਇਹ ਸਿਲਸਿਲਾ ਪਿੰਡ ਪਿੰਡ ਚਲਾਇਆ ਜਾਵੇਗਾ। ਉਨਾਂ ਆਖਿਆ ਕਿ ਪਿੰਡਾਂ ਸ਼ਹਿਰਾਂ ’ਚ ਸੰਘਰਸ਼ ਪ੍ਰਤੀ ਹਰ ਵਰਗ ਵਿੱਚ ਉਤਸ਼ਾਹ ਹਅਤੇ ਲੋਕ ਆਪਮੁਹਾਰੇ ਧਰਨਿਆਂ ’ਚ ਪੁੱਜ ਰਹੇ ਹਨ।
ਭਾਰੀ ਗਿਣਤੀ ‘ਚ ਨੌਜਵਾਨਾਂ ਤੇ ਔਰਤਾਂ ਸਮੇਤ ਥਾਂ ਥਾਂ ਸੈਂਕੜਿਆਂ ਹਜ਼ਾਰਾਂ ਦੀ ਗਿਣਤੀ ‘ਚ ਪੁੱਜੇ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਹਰਿੰਦਰ ਕੌਰ ਬਿੰਦੂ, ਸਨੇਹਦੀਪ, ਰਾਜਵਿੰਦਰ ਸਿੰਘ ਰਾਮਨਗਰ, ਸ਼ਿੰਗਾਰਾ ਸਿੰਘ ਮਾਨ ਸਮੇਤ ਵੱਖ ਵੱਖ ਜਿਲਾ ਆਗੂ ਅਤੇ ਨਵੇਂ ਨੌਜਵਾਨ ਬੁਲਾਰੇ ਵੀ ਸ਼ਾਮਲ ਸਨ । ਬੁਲਾਰਿਆਂ ਨੇ ਮੋਦੀ ਦੁਆਰਾ ਭਾਜਪਾ ਕਾਰਕੁਨਾਂ ਨੂੰ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਪ੍ਰਚਾਰ ਕਰਨ ਦੇ ਸੱਦੇ ਦਾ ਚੈਲੰਜ ਕਬੂਲ ਕਰਦਿਆਂ ਕਿਸਾਨਾਂ ਅਜਿਹੇ ਮੋਦੀ-ਭਗਤਾਂ ਦਾ ਘਿਰਾਓ ਕਰਨ ਅਤੇ ਸਵਾਲ ਪੁੱਛ ਕੇ ਲਾਜਾਵਾਬ ਕਰਨ ਦਾ ਸੱਦਾਾ ਵੀ ਦਿੱਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੁਸ਼ਕਿਲਾਂ ਹੱਲ ਕਰਨ ਦੀ ਬਜਾਇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਦੀ ਰਣਨੀਤੀ ਘੜੀ ਹੈ ਜਿਸ ਨੂੰ ਸਾਂਝੇ ਸੰਘਰਸ਼ੀ ਹੱਲਿਆਂ ਰਾਹੀਂ ਪਛਾੜਿਆ ਜਾਏਗਾ।