- ਰਿਲਾਇੰਸ ਕੰਪਨੀਆਂ ਸਿੰਮਾਂ ਸਾੜੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ
ਗੁਰਨਾਮ ਸਿੱਧੂ
ਫਿਰੋਜ਼ਪੁਰ, 30 ਸਤੰਬਰ 2020 - ਮੋਦੀ ਸਰਕਾਰ ਤੇ ਉਨ੍ਹਾਂ ਦੀ ਕਾਰਪੋਰੇਟ ਜਗਤ ਦੇ ਖਿਲਾਫ ਦੋ - ਟੁੱਕ ਜੰਗ ਵਿੱਢਦਿਆਂ ਹਜ਼ਾਰਾਂ ਕਿਸਾਨ ਮਜ਼ਦੂਰ ਤੇ ਬੀਬੀਆਂ ਵਲੋਂ ਅੱਜ ਰੇਲਵੇ ਟਰੈਕ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਉਤੇ ਲੱਗੇ ਪੱਕੇ ਮੋਰਚੇ ਦੇ 7ਵੇਂ ਦਿਨ ਭਰਵੀਂ ਸ਼ਮੂਲੀਅਤ ਕੀਤੀ। ਅੰਦੋਲਨਕਾਰੀਆਂ ਵੱਲੋਂ ਰਿਲਾਇੰਸ ਕੰਪਨੀ ਦੀਆਂ ਜੀਓ ਸਿੰਮਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਤੇ ਰਿਲਾਇੰਸ ਤੇ ਹੋਰ ਕਾਰਪੋਰੇਟ ਕੰਪਨੀਆਂ ਦੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਐਲਾਨ ਕੀਤਾ।
ਰੇਲਵੇ ਟਰੈਕ 'ਤੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਰਣਬੀਰ ਸਿੰਘ ਠੱਠਾ, ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਨੇ ਦੋਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਵਿਰੋਧੀ ਦਿੱਤੇ ਬਿਆਨ ਦੀ ਸਖਤ ਨਿਖੇਧੀ ਕੀਤੀ ਤੇ ਕਿਸਾਨਾਂ ਦੀ ਸਰਕਾਰੀ ਮੰਡੀ ਤੋਂ ਅਜਾਦੀ ਦੇਣ, ਖਾਦਾਂ, ਦਵਾਈ, ਬੀਜ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਿਸਾਨ ਹਿਤੂ ਕਹਿਣ ਦਾ ਜਵਾਬ ਦਿੰਦਿਆਂ ਕਿਹਾ ਕਿ ਕਿਸਾਨ ਤਾਂ ਆਪਣੀ ਫਸਲ ਪਹਿਲਾਂ ਵੀ ਦੇਸ਼ ਦੇ ਕਿਸੇ ਵੀ ਹਿੱਸੇ ਵਿਚ ਵੇਚ ਸਕਦੇ ਹਨ ਤੇ ਦਵਾਈਆਂ ਖਾਦਾਂ ਤੇ ਬੀਜ ਬਣਾਉਣ ਵਾਲੀਆਂ ਕੰਪਨੀਆਂ ਨੇ ਪਹਿਲਾਂ ਹੀ ਕਈ ਤਰ੍ਹਾਂ ਦੇ ਘੁਟਾਲੇ ਕਿਸਾਨਾਂ ਨਾਲ ਕੀਤੇ ਹੋਏ ਹਨ।
ਉਕਤ ਨਿੱਜੀ ਕੰਪਨੀਆਂ ਵੱਡੇ ਮੁਨਾਫਿਆਂ ਲਈ ਕੰਮ ਕਰਦੀਆਂ ਨਾ ਕਿ ਕਿਸਾਨਾਂ ਦੇ ਹਿੱਤ ਵਿਚ। ਇਸ ਤਰ੍ਹਾਂ ਪ੍ਰਧਾਨ ਮੰਤਰੀ ਵਲੋਂ ਇਹ ਕਹਿਣਾ ਹੈ ਕਿ ਕਿਸਾਨ ਵਿਰੋਧ ਲਈ ਵਿਰੋਧ ਕਰ ਰਹੇ ਹਨ, ਵਿਚ ਕੋਈ ਸੱਚਾਈ ਨਹੀਂ ਹੈ ਕਿਉਂਕਿ ਕਾਰਪੋਰੇਟ ਆਪਣੀ ਮਾਂ ਪਿਉ ਤੇ ਗੁਰੂ (ਧਰਤੀ, ਹਵਾ ਤੇ ਪਾਣੀ) ਨੂੰ ਬਚਾਉਣ ਦਾ ਯਤਨ ਕਰ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਉਕਤ ਤਿੰਨੇ ਖੇਤੀ ਆਰਡੀਨੈਂਸਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਬਾਰੇ ਕਹਿਣਾ ਤੇ ਸ਼ਾਂਤਮਈ ਅੰਦੋਲਨਕਾਰੀਆਂ ਖਿਲਾਫ ਹਾਈਕੋਰਟ ਵਿਚ ਰਿੱਟ ਦਾਇਰ ਕਰਨੀ ਮੋਦੀ ਸਰਕਾਰ ਨਾਲ ਮਿਲੇ ਹੋਏ ਹੋਣ ਦੀ ਨਿਸ਼ਾਨੀ ਹੈ ਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਮਨਸ਼ਾ ਹੈ।
ਕਿਸਾਨ ਆਗੂਆਂ ਨੇ ਪੰਜਾਬ ਤੇ ਦੇਸ਼ ਵਿਚ ਕੀਤੇ ਜਾ ਰਹੇ ਅੰਦੋਲਨਾ ਤੇ ਪੰਜਾਬ ਵਿਚ ਪਹਿਲੀ ਅਕਤੂਬਰ ਤੋਂ ਰੇਲ ਰੋਕਣ ਕਾਰਪੋਰੇਟ ਕੰਪਨੀਆਂ ਦੇ ਸਟੋਰਾਂ ਤੇ ਦਫਤਰਾਂ ਅੱਗੇ ਧਰਨੇ ਦੇਣ ਦੀ ਪੂਰੀ ਹਮਾਇਤ ਕੀਤੀ ਹੈ ਤੇ ਜ਼ੋਰਦਾਰ ਮੰਗ ਕੀਤੀ ਹੈ ਕਿ ਉਕਤ ਤਿੰਨੇ ਖੇਤੀ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ, ਪੰਜਾਬ ਸਰਕਾਰ ਹਾਈਕੋਰਟ ਵਿਚ ਕਿਸਾਨਾਂ ਦੇ ਅੰਦੋਲਨ ਖਿਲਾਫ ਪਾਈ ਰਿੱਟ ਵਾਪਸ ਲਵੇ ਕਿਉਂਕਿ ਕਾਂਗਰਸ ਪਾਰਟੀ ਆਪ ਹਿੰਸਕ ਮੁਜ਼ਾਹਰੇ ਕਰ ਰਹੀ ਹੈ ਤੇ ਟਰੈਕਟਰ ਸਾੜ ਰਹੀ ਹੈ ਤੇ ਕੋਰੋਨਾ ਦੀਆਂ ਪਾਬੰਧੀਆਂ ਦੀਆਂ ਧੱਜੀਆਂ ਉੜਾ ਰਹੀ ਹੈ। ਇਸ ਮੌਕੇ ਸਲਵਿੰਦਰ ਸਿੰਘ ਜਾਣੀਆਂ, ਗੁਰਮੇਲ ਸਿੰਘ ਰੇੜਵਾਂ, ਗੁਰਦੀਪ ਸਿੰਘ, ਸਤਨਾਮ ਸਿੰਘ ਅਰਾਈਆਂ ਵਾਲਾ, ਸਰਵਣ ਸਿੰਘ ਬਾਊਪੁਰ, ਤਰਸੇਮ ਸਿੰਘ ਵਿੱਕੀ, ਸੁਖਪ੍ਰੀਤ ਸਿੰਘ ਸੁਲਤਾਨਪੁਰ ਲੋਧੀ, ਸੁਖਪ੍ਰੀਤ ਗਾਮੇਂ, ਰਣਜੀਤ ਸਿੰਘ ਗਾਮੇਂ, ਸਾਹਿਬ ਸਿੰਘ ਦੀਨੇਕੇ, ਸੁਖਵੰਤ ਸਿੰਘ ਲੋਹੂਕਾ, ਐਡਵੋਕੇਟ ਮਨਜਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।