- ਅਕਾਲੀ ਦਲ ਤੇ ਭਾਜਪਾ ਆਗੂਆਂ ਵਿਚਾਲੇ ਗੁਪਤ ਮੀਟਿੰਗਾਂ ਸ਼ੁਰੂ
ਫਿਰੋਜ਼ਪੁਰ, 27 ਸਤੰਬਰ 2020 : ਕਿਸਾਨ ਵਿਰੋਧੀ ਖੇਤੀ ਬਿੱਲ ਜਿੱਥੇ ਕਿਸਾਨਾਂ ਨੂੰ ਵੱਡੀ ਪੱਧਰ ਨੁਕਸਾਨ ਦੇਣ ਵਾਲਾ ਹੈ ਉੱਥੇ ਹੀ ਕਿਸਾਨ ਵਿਰੋਧੀ ਬਿੱਲ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਉਥੇ ਹੀ ਇਸ ਬਿੱਲ ਕਾਰਨ ਅਕਾਲੀ-ਭਾਜਪਾ ਗਠਜੋੜ ਟੁੱਟਣ ਤੋਂ ਬਾਅਦ ਵੱਡੀ ਗਿਣਤੀ 'ਚ ਭਾਜਪਾਈਆਂ ਦੇ ਪਾਰਟੀ ਨੂੰ ਅਲਵਿਦਾ ਕਹਿਣ ਦੇ ਨਾਲ ਨਾਲ ਅਕਾਲੀ ਦਲ ਬਾਦਲ 'ਚ ਸਾਮਿਲ ਹੋਣ ਦੀਆਂ ਕਨਸੋਆਂ ਚਲ ਰਹੀਆਂ ਹਨ।
ਦੱਸਣਯੋਗ ਹੈ ਕਿ ਕਿਸਾਨ ਮਾਰੂ ਬਿੱਲ ਦੇ ਵਿਰੋਧ ਵਿੱਚ ਪੰਜਾਬ ਦਾ ਅੰਨਦਾਤਾ ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਿਹਾ ਹੈ ਰੇਲਵੇ ਟਰੈਕ, ਪੱਥਰਾਂ ਤੇ ਬੈਠੀਆਂ ਕਿਸਾਨਾਂ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੱਜ ਕੇ ਭੜਾਸ ਕੱਢੀ ਜਾ ਰਹੀ ਹੈ। ਬੀਤੇ ਕੱਲ੍ਹ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾਈਆ ਦਾ ਡੱਟ ਕੇ ਵਿਰੋਧ ਤੇ ਪਿੰਡਾ ਅੰਦਰ ਵੜਨ ਦੀ ਮੁਕੰਮਲ ਬਾਈਕਾਟ ਦੇ ਕੀਤੇ ਐਲਾਨ ਤੇ ਉਧਰ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਭਾਜਪਾ ਗੱਠਜੋੜ ਤੋੜ ਕੇ ਕਿਸਾਨ ਹਤੈਸ਼ੀ ਹੋਣ ਦੇ ਦਿੱਤੇ ਸਬੂਤ ਤੋਂ ਬਾਅਦ ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਅੰਦਰ ਗਠਜੋੜ ਦੇ ਚੱਲਦਿਆਂ ਭਾਜਪਾ ਦੇ ਹਿਸੇ ਆਉਂਦੀ ਰਹੀ ਸ਼ਹਿਰੀ ਸੀਟ ਦੇ ਹੁਣ ਸਮੀਕਰਨ ਬਦਲਦੇ ਨਜ਼ਰ ਆ ਰਹੇ ਹਨ।
ਸਿਆਸੀ ਮਾਹਿਰਾਂ ਅਨੁਸਾਰ ਫਿਰੋਜ਼ਪੁਰ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਦੀਆਂ ਆਪ ਹੁਦਰੀਆਂ ਤੇ ਭਾਜਪਾਈਆਂ ਦੀ ਆਪਸੀ ਖਿੱਚੋਤਾਣ ਕਰਕੇ ਪਾਰਟੀ ਦਾ ਅਕਸ ਪਹਿਲਾਂ ਤੋਂ ਹੀ ਖਰਾਬ ਚੱਲ ਰਿਹਾ ਸੀ। ਕਿਸਾਨ ਅੰਦੋਲਨ ਅਤੇ ਅਕਾਲੀ-ਭਾਜਪਾ ਗੱਠਜੋੜ ਦੇ ਟੁੱਟਣ ਤੋਂ ਬਾਅਦ ਸਾਫ ਚਰਿੱਤਰ ਵਾਲੇ ਲੀਡਰ ਤੋਂ ਸੱਖਣੀ ਤੇ ਲਾਵਾਰਸਾਂ ਵਾਂਗ ਦਿਨ ਬਸਰ ਕਰ ਰਹੀ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਦਾ ਭਾਜਪਾ ਨੂੰ ਅਲਵਿਦਾ ਕਹਿਣ ਵਾਲਿਆਂ ਚ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਓਐਸਡੀ ਅਰਵਿੰਦਰ ਸਿੰਘ ਛੀਨਾ, ਫਿਰੋਜਪੁਰ ਸ਼ਹਿਰੀ ਹਲਕੇ ਤੋ ਪਿਛਲੇ 10 ਸਾਲ ਤੋ ਭਾਜਪਾ ਦਿਹਾਤੀ ਮੰਡਲ ਦੇ ਜਨਰਲ ਸਕੱਤਰ ਚਰਨਦੀਪ ਸਿੰਘ ਬੱਗੇ ਵਾਲਾ, ਕਿੱਕਰ ਸਿੰਘ ਕੁਤਬੇਵਾਲਾ ਜਿਲਾ ਪ੍ਰਧਾਨ ਕਿਸਾਨ ਮੋਰਚਾ ਭਾਜਪਾ ਫਿਰੋਜ਼ਪੁਰ ਸਮੇਤ ਵੱਡੇ ਪੱਧਰ ਤੇ ਹੋਰ ਆਗੂਆਂ ਵੱਲੋਂ ਵੀ ਭਾਜਪਾ ਨਾਲੋ ਟੁਟਣ ਦੀਆਂ ਕਨਸੋਆਂ ਸ਼ੂਰੁ ਹੋ ਗਈਆ ਹਨ। ਲੰਮੇ ਅਰਸੇ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਝੰਡੇ ਹੇਠ ਦਿਨ ਰਾਤ ਇੱਕ ਕਰਕੇ ਹਾਸਲ ਕੀਤੀਆਂ ਵੱਡੀਆਂ ਅਹੁਦੇਦਾਰੀਆਂ ਨੂੰ ਛੱਡ ਕੇ ਸ੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਲ ਹੋਣ ਦੀਆ ਭਾਜਪਾਈਆਂ ਵਲੋਂ ਗੁਪਤ ਮੀਟਿੰਗਾਂ ਦੇ ਸ਼ੁਰੂ ਹੋਏ ਦੌਰ ਕਾਰਨ ਆਉਣ ਵਾਲੇ ਦਿਨਾਂ ਵਿੱਚ ਫਿਰੋਜ਼ਪੁਰ ਸ਼ਹਿਰੀ ਹਲਕੇ ਅੰਦਰ ਵੱਡੀ ਫੇਰ ਬਦਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।