ਹਰਿੰਦਰ ਨਿੱਕਾ
- ਪਿੰਡਾਂ ਵਿੱਚੋਂ ਮਿਲ ਰਿਹਾ ਭਰਵਾਂ ਹੁੰਗਾਰਾ, ਔਰਤਾਂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਹੋ ਰਹੇ ਹਨ ਸ਼ਾਮਿਲ-ਗੁਰਦੇਵ ਮਾਂਗੇਵਾਲ,ਜਗਰਾਜ ਹਰਦਾਸਪੁਰਾ
ਬਰਨਾਲਾ, 23 ਸਤੰਬਰ 2020 - ਮੋਦੀ ਸਰਕਾਰ ਦੁਆਰਾ 5 ਜੂਨ ਨੂੰ ਜਾਰੀ ਕੀਤੇ ਆਰਡੀਨੈਂਸਾਂ ਅਤੇ ਹੁਣ ਲੋਕ ਸਭਾ ਅਤੇ ਰਾਜ ਸਭਾ ਵਿੱਚੋਂ ਅਖੌਤੀ ਜਮਹੂਰੀਅਤ ਦੇ ਸਭ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗਕੇ ਪਾਸ ਕਰਵਾਏ ਬਿਲਾਂ ਖਿਲਾਫ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਦਿੱਤੇ 25 ਸਤੰਬਰ ਦੇ ਪੰਜਾਬ ਬੰਦ ਨੂੰ ਸਫਲ ਬਨਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡਾਂ ਵਿੱਚ ਅਰਥੀ ਸਾੜ੍ਹ ਪ੍ਰੋਗਰਾਮ ਅੱਜ ਵੀ ਜਾਰੀ ਰਹੇ। ਮਹਿਲ ਕਲਾਂ ਬਲਾਕ ਦੇ ਪਿੰਡਾਂ ਦਸੌਂਦਾ ਸਿੰਘ ਵਾਲਾ, ਗੋਬਿੰਦਗੜ੍ਹ ਅਤੇ ਨਿਹਾਲੂਵਾਲ ਵਿਖੇ ਰੱਖੇ ਗਏ ਮੋਦੀ ਸਰਕਾਰ ਦੇ ਅਰਥੀ ਸਾੜ੍ਹ ਮੁਜਾਹਰਿਆਂ ਸਮੇਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੀਆਂ ਔਰਤਾਂ, ਨੌਜਵਾਨ ਅਤੇ ਹੋਰ ਤਬਕਿਆਂ ਦੇ ਚਿਹਰਿਆਂ ਤੇ ਅਸਮਾਨੀਂ ਚੜ੍ਹਿਆ ਗੁੱਸਾ ਸਪਸ਼ਟ ਝਲਕਦਾ ਸੀ।
ਪਿੰਡਾਂ ਅੰਦਰ ਮੋਦੀ ਸਰਕਾਰ ਦੇ ਅਰਥੀ ਸਾੜ੍ਹ ਮੁਜਾਹਰਿਆਂ ਨੂੰ ਸੰਬੋਧਨ ਕਰਦਿਆਂ ਗੁਰਦੇਵ ਸਿੰਘ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਅਜਮੇਰ ਕਾਲਸਾਂ ਅਤੇ ਕੇਵਲ ਸਿੰਘ ਨੇ ਕਿਹਾ ਕਿ ਇਨਾਂ ਆਰਡੀਨੈਂਸਾਂ (ਬਿਲਾਂ) ਰਾਹੀਂ ਕਿਸਾਨੀ ਨੂੰ ਜਮੀਨ ਤੋਂ ਬੇਦਖਲ ਕਰਕੇ ਉਨਾਂ ਦੀ ਮੌਤ ਦੇ ਵਰੰਟ ਜਾਰੀ ਤਾਂ ਕੀਤੇ ਹੀ ਜਾ ਰਹੇ ਹਨ। ਪਰ ਇਨਾਂ ਆਰਡੀਨੈਂਸਾਂ(ਬਿਲਾਂ) ਦਾ ਮਾਰੂ ਅਸਰ ਸਿਰਫ ਕਿਸਾਨੀ ਤੱਕ ਸੀਮਤ ਰਹਿਣ ਵਾਲਾ ਨਹੀਂ । ਸਗੋਂ ਇਸ ਦਾ ਅਸਰ ਆੜਤੀਆਂ, ਰੇਤ ਤੇਲ ਬੀਜ ਡੀਲਰਾਂ, ਛੋਟੇ ਸ਼ਹਿਰੀ ਕਾਰੋਬਾਰੀਆਂ, ਛੋਟੇ ਦੁਕਾਨਦਾਰਾਂ, ਮੰਡੀਆਂ ਵਿੱਚ ਕੰਮ ਕਰਦੇ ਲੱਖਾਂ ਕਿਰਤੀ ਪ੍ਰੀਵਾਰਾਂ ਉੱਪਰ ਵੀ ਪਵੇਗਾ।
ਆਉਣ ਵਾਲੇ ਸਮੇਂ ਵਿੱਚ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਖਿਲਾਫ ਤੂਫਾਨੀ ਵੇਗ ਨਾਲ ਉੱਠਣ ਵਾਲੇ ਸੰਘਰਸ਼ਾਂ ਵਿੱਚ ਕਿਸਾਨ ਔਰਤਾਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨੂੰ ਹਾਲਤਾਂ ਦਾ ਹਾਂ ਪੱਖੀ ਅਹਿਮ ਮੋੜ ਕਰਾਰ ਦਿੱਦਿਆਂ ਨੌਜਵਾਨਾਂ ਅਤੇ ਔਰਤਾਂ ਦੀ 25 ਸਤੰਬਰ ਦੇ ਮੁਕੰਮਲ ਪੰਜਾਬ ਬੰਦ ( ਸੜਕੀ ਅਤੇ ਰੇਲ ਆਵਾਜਾਈ ਅਤੇ ਹਰ ਕਿਸਮ ਦਾ ਕਾਰੋਬਾਰ) ਵਿੱਚ ਸ਼ਮੂਲੀਅਤ ਹੋਰ ਵਧਾਉਣ ਦੀ ਲੋੜ ਤੇ ਜੋਰ ਦਿੱਤਾ। ਆਗੂਆਂ ਨੇ ਕਿਹਾ ਕਿ 25 ਸਤੰਬਰ ਦੇ ਪੰਜਾਬ ਅੰਦਰ ਮੁਕੰਮਲ ਬੰਦ ਅਤੇ ਉਸ ਤੋਂ ਪਹਿਲਾਂ ਹਫਤਾ ਭਰ ਮੋਦੀ ਸਰਕਾਰ ਦੇ ਅਰਥੀ ਫੂਕ ਮੁਜਾਹਰੇ ਇਸੇ ਤਰ੍ਹਾਂ ਜਾਰੀ ਰਹਿਣਗੇ ।
ਇਨ੍ਹਾਂ ਅਰਥੀ ਸਾੜ੍ਹ ਮੁਜਾਹਰਿਆਂ ਨੂੰ ਸਫਲ ਬਨਾਉਣ ਸਮੇਂ ਕਿਸਾਨ ਆਗੂਆਂ ਜੱਗੀ ਰਾਏਸਰ, ਜੱਗਾ ਸਿੰਘ ਛਾਪਾ ਤੋਂ ਇਲਾਵਾ ਜਗਰੂਪ ਸਿੰਘ ਨਿਹਾਲੂਵਾਲ ਦੀਪਾ ਨਿਹਾਲੂਵਾਲ, ਮਹਿੰਦਰ ਸਿਮਘ, ਗੁਰਪ੍ਰੀਤ ਸਿੰਘ, ਬਲਜੀਤ ਸਿੰਘ,ਲਵਦੀਪ ਸਿੰਘ, ਮਲਕੀਤ ਸਿੰਘ ਨੇ ਭਰਵਾਂ ਸਹਿਯੋਗ ਕੀਤਾ। ਆਗੂਆਂ ਨੇ ਸਮੂਹ ਲੋਕਾਂ ਨੂੰ ਮੋਦੀ ਸਰਕਾਰ ਕਿਸਾਨ ਅਤੇ ਲੋਕ ਮਾਰੂ ਫੈਸਲਿਆਂ ਖਿਲਾਫ 25 ਸਤੰਬਰ ਪੰਜਾਬ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਲਈ ਪੂਰਨ ਸਹਿਯੋਗ ਕਰਨ ਦੀ ਜੋਰਦਾਰ ਅਪੀਲ ਕੀਤੀ।