ਯਾਦਵਿੰਦਰ ਸਿੰਘ ਤੂਰ
9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਕੰਟੇਨਮੈਂਟ ਜ਼ੋਨਾਂ ਦੇ ਬਾਹਰਲੇ ਖੇਤਰਾਂ ਦੇ ਸਕੂਲ ਜਾਣ ਦੀ ਆਗਿਆ
ਲੁਧਿਆਣਾ, 21 ਸਤੰਬਰ 2020 - ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਅਨਲੌਕ 4.0 ਸਬੰਧੀ ਜਾਰੀ ਨਵੇਂ ਦਿਸ਼ਾ-ਨਿਰਦੇਸ਼ਾਂ ਵਿੱਚ ਅੰਸ਼ਿਕ ਸੋਧ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਸੀ.ਆਰ.ਪੀ.ਸੀ. ਦੀ ਧਾਰਾ 144 ਅਧੀਨ ਪ੍ਰਾਪਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਪਣੇ ਅਧਿਆਪਕਾਂ ਤੋਂ ਸੇਧ ਲੈਣ ਲਈ ਕੇਵਲ ਕੰਟੇਨਮੈਂਟ ਜ਼ੋਨਾਂ ਦੇ ਬਾਹਰ ਵਾਲੇ ਖੇਤਰਾਂ ਦੇ ਸਕੂਲ ਜਾਣ ਦੀ ਆਗਿਆ ਦਿੱਤੀ ਹੈ।
ਉਨ੍ਹਾਂ ਆਪਣੇ ਆਦੇਸ਼ ਵਿੱਚ ਕਿਹਾ ਕਿ ਇਹ ਇਜਾਜ਼ਤ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ 8 ਸਤੰਬਰ, 2020 ਨੂੰ ਜਾਰੀ ਕੀਤੀ ਗਈ ਮਾਨਕ ਸੰਚਾਲਨ ਪ੍ਰਕਿਰਿਆਵਾਂ (ਐਸ.ਓ.ਪੀਜ਼) ਦੇ ਅਨੁਸਾਰ 21 ਸਤੰਬਰ, 2020 ਤੋਂ ਉਨ੍ਹਾਂ ਦੇ ਮਾਪਿਆਂ/ਸਰਪ੍ਰਸਤਾਂ ਦੀ ਲਿਖਤੀ ਸਹਿਮਤੀ ਦੇ ਅਧੀਨ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਆਪਣੇ ਆਦੇਸ਼ ਵਿੱਚ ਕਿਹਾ ਕਿ ਰਾਜ ਦੇ ਗ੍ਰਹਿ ਵਿਭਾਗ ਨੇ ਕੌਮੀ ਹੁਨਰ ਸਿਖਲਾਈ ਸੰਸਥਾਵਾਂ, ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.), ਕੌਮੀ ਹੁਨਰ ਵਿਕਾਸ ਨਿਗਮ ਜਾਂ ਰਾਜ ਦੇ ਹੁਨਰ ਵਿਕਾਸ ਵਿੱਚ ਰਜਿਸਟਰਡ ਥੋੜ੍ਹੇ ਸਮੇਂ ਦੇ ਸਿਖਲਾਈ ਕੇਂਦਰਾਂ ਵਿੱਚ ਹੁਨਰ ਜਾਂ ਉੱਦਮੀ ਸਿਖਲਾਈ ਨੂੰ ਵੀ ਆਗਿਆ ਦੇਣ ਲਈ ਵਿਸਥਾਰ ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾ ਅੱਗੇ ਕਿਹਾ ਨੈਸ਼ਨਲ ਇੰਸਟੀਚਿਊਟ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਸਮਾਲ ਬਿਜ਼ਨਸ ਡਿਵੈਲਪਮੈਂਟਜ਼ (ਐਨ.ਆਈ.ਈ.ਐੱਸ.ਬੀ.ਯੂ.ਡੀ.), ਇੰਡੀਅਨ ਇੰਸਟੀਚਿਊਟ ਆਫ ਐਂਟਰਪ੍ਰਨਿਓਰਸ਼ਿਪ (ਆਈ.ਆਈ.ਈ.) ਅਤੇ ਉਨ੍ਹਾਂ ਦੇ ਸਿਖਲਾਈ ਦੇਣ ਵਾਲੇ ਵਾਲਿਆਂ ਨੂੰ ਵੀ 21 ਸਤੰਬਰ, 2020 ਤੋਂ ਆਗਿਆ ਦਿੱਤੀ ਗਈ ਹੈ, ਜੋ ਉਪਰੋਕਤ ਐਸ.ਓ.ਪੀਜ਼ ਦੀ ਸਖਤੀ ਨਾਲ ਪਾਲਣਾ ਕਰਨ ਦੇ ਅਧੀਨ ਹੈ।
ਉੱਚ ਵਿਦਿੱਅਕ ਸੰਸਥਾਵਾਂ ਨੂੰ ਰੀਸਰਚ ਸਕੋਲਰ (ਪੀ.ਐਚ.ਡੀ.) ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਕੇਵਲ ਟੈਕਨੀਕਲ ਅਤੇ ਪ੍ਰੋਫੈਸ਼ਨਲ ਪ੍ਰੋਗਰਾਮ, ਜਿੰਨ੍ਹਾਂ ਲਈ ਲੈਬਾਰਟਰੀ/ਪ੍ਰਯੋਗਸ਼ਾਲਾਵਾਂ ਦੀ ਜਰੂਰਤ ਹੈ, ਨੂੰ ਖੋਲ੍ਹਣ ਦੀ ਆਗਿਆ ਹੋਵੇਗੀ।
ਓਪਨ ਏਅਰ ਥੀਏਟਰਾਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋ ਕਰਦੇ ਹੋਏ ਖੁੱਲ੍ਹਣ ਦੀ ਆਗਿਆ ਹੋਵੇਗੀ। ਸਿਨੇਮਾ ਹਾਲ, ਸਵੀਮਿੰਗ ਪਾਰਕ, ਥੀਏਟਰ ਅਤੇ ਅਜਿਹੇ ਹੋਰ ਸਥਾਨ ਬੰਦ ਰਹਿਣਗੇ।
ਇਸ ਦੌਰਾਨ, ਰਾਜ ਸਰਕਾਰ ਦੁਆਰਾ 9 ਸਤੰਬਰ, 2020 ਨੂੰ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਐਤਵਾਰ ਦੇ ਕਰਫਿਊ/ਬੰਦ ਸਮੇਤ ਸ਼ਹਿਰੀ ਖੇਤਰਾਂ ਵਿੱਚ ਵਾਧੂ ਪਾਬੰਦੀਆਂ ਜਾਰੀ ਰਹਿਣਗੀਆਂ।