ਹਰਿੰਦਰ ਨਿੱਕਾ
- ਸਿੰਗਲਾ ਦੀ ਅਗਵਾਈ ’ਤੇ ਭਰੋਸਾ ਜਤਾਉਂਦਿਆਂ ਆੜਤੀ ਐਸੋਸੀਏਸ਼ਨ ਨੇ ਖੇਤੀ ਬਿਲਾਂ ਦੀ ਨਿਖੇਧੀ ਕਰਦਿਆਂ ਕੀਤਾ ਮਤਾ ਪਾਸ
ਸੰਗਰੂਰ, 20 ਸਤੰਬਰ 2020 - ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ ਆੜਤੀਆ ਐਸੋਸੀਏਸ਼ਨਾਂ ਤੋਂ ਆਏ ਨੁਮਾਇੰਦਿਆਂ ਨੇ ਐਤਵਾਰ ਨੂੰ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ’ਤੇ ਪੂਰਾ ਵਿਸ਼ਵਾਸ ਜਤਾਇਆ ਹੈ। ਐਸੋਸੀਏਸ਼ਨ ਦੇ ਆਗੂਆਂ ਨੇ ਸਿੰਗਲਾ ਨਾਲ ਸੰਗਰੂਰ ਸਥਿਤ ਉਨਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਅਤੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਬਿਲਾਂ ਦੀ ਨਿੰਦਾ ਕਰਦਿਆਂ ਇੱਕ ਮਤਾ ਵੀ ਪਾਸ ਕੀਤਾ।
ਮੀਟਿੰਗ ਵਿਚ ਸ਼ਾਮਲ ਆੜਤੀਆ ਭਾਈਚਾਰੇ ਦੇ ਨੁਮਾਇੰਦਿਆਂ ਨੇ ਨਵੇਂ ਖੇਤੀ ਬਿਲਾਂ ਨੂੰ ਆੜਤੀਆਂ ਲਈ ‘ਮੌਤ ਦਾ ਵਾਰੰਟ’ ਕਰਾਰ ਦਿੰਦਿਆਂ ਕਿਹਾ ਕਿ ਇਨਾਂ ਕਾਨੂੰਨਾਂ ਦਾ ਸਖ਼ਤ ਖ਼ਿਲਾਫ਼ਤ ਕਰਨ ਲਈ ਉਹ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨਗੇ।
ਆੜਤੀਆ ਭਾਈਚਾਰੇ ਨੇ ਮਤੇ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਬਿਲਾਂ ਨੂੰ ਰੱਦ ਕਰਨ ਕਿਉਂਕਿ ਉਨਾਂ ਨੇ ‘‘ਵਪਾਰਕ ਖੇਤਰ’’, ‘‘ਵਪਾਰੀ’’ ਅਤੇ ‘‘ਵਿਵਾਦ ਨਿਪਟਾਰਾ’’ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ ਜੋ ਰਵਾਇਤੀ ਅਨਾਜ ਮੰਡੀ ਪ੍ਰਣਾਲੀ ਦਾ ਅੰਤ ਸਾਬਤ ਹੋਵੇਗੀ। ਮਤੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਕਾਰਪੋਰੇਟ ਸੈਕਟਰ ਨਾਲ ‘ਘਿਉ-ਖਿਚੜੀ’ ਹਨ ਜੋ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਨੂੰ ਹੜੱਪਣ ਅਤੇ ਉਨਾਂ ਤੋਂ ਵੱਧ ਤੋਂ ਵੱਧ ਮੁਨਾਫਾ ਕਮਾਉਣ ਲਈ ਰਵਾਇਤੀ ਖੇਤੀ ਆਰਥਿਕਤਾ ਨੂੰ ਢਾਹ ਲਾਉਣ ਲਈ ਕਾਹਲੇ ਪ੍ਰਤੀਤ ਹੁੰਦੇ ਹਨ।
ਨਵੇਂ ਖੇਤੀ ਬਿਲਾਂ ਨੇ ਕਾਰਪੋਰੇਟਾਂ ਨੂੰ ਖੇਤੀ ਬਾਜ਼ਾਰਾਂ ਵਿਚ ਪੇਸ਼ ਕਰ ਦਿੱਤਾ ਹੈ ਜਿਨਾਂ ਨੂੰ ਰਿਕਾਰਡ ਸਮੇਂ ਵਿਚ ਵੱਡੇ ਪੱਧਰ ’ਤੇ ਫਸਲਾਂ ਦੀ ਖਰੀਦ ਨੂੰ ਯਕੀਨੀ ਬਣਾਉਣ ਲਈ ਚੋਖੀ ਮੁਹਾਰਤ ਦੀ ਲੋੜ ਹੈ।
ਇਸ ਮਤੇ ਵਿਚ ਇਹ ਵੀ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਜੇਕਰ ਇਸ ਬਿਲ ਨੂੰ ਮੌਜੂਦਾ ਰੂਪ ਵਿਚ ਲਾਗੂ ਕੀਤਾ ਜਾਂਦਾ ਹੈ ਤਾਂ ਪੰਜਾਬ ਦੀਆਂ 1860 ਅਨਾਜ ਮੰਡੀਆਂ ਵਿਚ ਫੈਲੇ 28 ਹਜ਼ਾਰ ਲਾਇਸੈਂਸਸ਼ੁਦਾ ਆੜਤੀਆਂ, ਉਨਾਂ ਦੇ ਕਲਰਕਾਂ, ਮਜ਼ਦੂਰਾਂ ਸਣੇ 7 ਲੱਖ ਲੋਕ ਬੇਰੁਜ਼ਗਾਰ ਹੋ ਜਾਣਗੇ।
ਨਵੇਂ ਬਿਲਾਂ ਮੁਤਾਬਕ ਫਸਲਾਂ ਦੀ ਖਰੀਦ ਸਬੰਧੀ ਗਤੀਵਿਧੀਆਂ ਨੂੰ ਕਿਸੇ ਵੀ ਜਗਾ ‘ਤੇ ਜਿਵੇਂ ਖੇਤ ਵਿਚ, ਕਿਸਾਨ ਦੇ ਭੰਡਾਰ , ਫੈਕਟਰੀ , ਗੁਦਾਮ, ਸਿਲੋ, ਕੋਲਡ ਸਟੋਰ, ਫਾਰਮ ਗੇਟ ਜਾਂ ਭਾਰਤੀ ਖੇਤਰ ਵਿਚ ਕਿਸੇ ਵੀ ਜਗਾ ਅਮਲ ’ਚ ਲਿਆਂਦਾ ਜਾ ਸਕਦਾ ਹੈ। ਗੁਣਵੱਤਾ ਨਿਗਰਾਨ ਪ੍ਰਣਾਲੀ (ਕਵਾਲਟੀ ਮਾਨੀਟਰਿੰਗ) ਦੀ ਅਣਹੋਂਦ ਵਿਚ ਉਪਭੋਗਤਾ ਅਤੇ ਕਿਸਾਨ ਦੋਵੇਂ ਮਾਰ ਝੱਲਣ ਲਈ ਮਜਬੂਰ ਹਨ।
ਇਸ ਮੌਕੇ ਪੰਜਾਬ ਦੇ ਸਾਰੇ ਜ਼ਿਲਿਆਂ ਤੋਂ ਆਏ ਆੜਤੀਆ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।