ਅਸ਼ੋਕ ਵਰਮਾ
ਬਠਿੰਡਾ, 20 ਸਤੰਬਰ 2020 - ਬਾਦਲ ਮੋਰਚਾ ਹੁਣ ਰੇਲਾਂ ਜਾਮ ਕਰਨ ਦੇ ਫੈਸਲੇ ਨਾਲ ਹੋਰ ਵੀ ਭਖ ਗਿਆ ਹੈ। ਮੋਰਚੇ ’ਚ ਡਟੇ ਹਜਾਰਾਂ ਕਿਸਾਨ, ਨੌਜਵਾਨ ਤੇ ਔਰਤ ਹੁਣ ਮਾਲਵੇ ’ਚ ਵੀ ਰੇਲਾਂ ਦੇ ਰਾਹ ਰੋਕਣਗੇ। ਮੋਦੀ ਹਕੂਮਤ ਨੇ ਖੇਤੀ ਆਰਡੀਨੈਂਸਾਂ ਨੂੰ ਅੱਜ ਰਾਜ ਸਭਾ ’ਚ ਵੀ ਪਾਸ ਕਰਾ ਲਿਆ ਹੈ ਜਿਸ ਤੋਂ ਕਿਸਾਨ ਰੋਹ ’ਚ ਆ ਗਏ ਹਨ। ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ 24 ਤੋਂ 26 ਸਤੰਬਰ ਤੱਕ ਰੇਲਾਂ ਜਾਮ ਕੀਤੀਆਂ ਜਾਣੀਆਂ ਹਨ ਜਿਸ ਦੀ ਹਮਾਇਤ ’ਚ ਹੁਣ ਮਾਲਵੇ ‘ਚ ਰੇਲਾਂ ਜਾਮ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਾਦਲ ’ਚ ਕੀਤੇ ਇਸ ਨਵੇਂ ਐਲਾਨ ਤੋਂ ਬਾਅਦ ਕੇਂਦਰੀ ਹਕੂਮਤ ਅਤੇ ਕਿਸਾਨਾਂ ’ਚ ਨਵਾਂ ਟਕਰਾਅ ਬਣ ਗਿਆ ਹੈ। ਕਿਸਾਨਾਂ ਦੀ ਇਸ ਰਣਨੀਤੀ ਨਾਲ ਪ੍ਰਸ਼ਾਸ਼ਨਦੇ ਵੀ ਫਿਕਰ ਵਧ ਗਏ ਹਨ। ਪਿਛਲੇ ਕਰੀਬ ਡੇਢ ਦਹਾਕੇ ਦੌਰਾਨ ਇੱਕਾ ਦੁੱਕਾ ਵਾ ਨੂੰ ਛੱਡ ਕੇ ਪੁਲਿਸ ਨੇ ਕਦੇ ਕਿਸੇ ਸੰਘਰਸ਼ੀ ਲੋਕਾਂ ਨੂੰ ਬਾਦਲ ਦੀ ਜੂਹ ਨੇੜੇ ਨਹੀਂ ਢੁੱਕਣ ਦਿੱਤਾ ਸੀ।
ਹੁਣ ਹਾਲ ਹੈ ਕਿ ਬਾਦਲ ਪਰਿਵਾਰ ਦੀ ਰਿਹਾਇਸ਼ ਦੇ ਨੇੜੇ ਹਜਾਰਾਂ ਕਿਸਾਨ ,ਮਜਦੂਰ ਤੇ ਔਰਤਾਂ ਡਟੀਆਂ ਹੋਈਆਂ ਹਨ। ਕੇਂਦਰ ਸਰਕਾਰ ਨੇ ਤਾਂ ਅੱਜ ਆਰਡੀਨੈਂਸਾਂ ਨੂੰ ਕਾਨੂੰਨੀ ਰੂਪ ਵੀ ਦਿਵਾ ਲਿਆ ਹੈ ਜੋਕਿ ਰੋਸ ਭੜਕਣ ਦਾ ਕਾਰਨ ਬਣਿਆ ਹੈ। ਮੋਰਚੇ ਦੌਰਾਨ ਉੱਠੇ ਹਜਾਰਾਂ ਹੱਥਾਂ ਦਰਮਿਆਨ ਜਬਰਦਸਤ ਨਾਅਰੇਬਾਜੀ ਕਰਦਿਆਂ ਯੂਨੀਅਨ ਦੀ ਕਾਰਜਕਾਰੀ ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ ਤੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਨੇ ਅੱਜ ਰੇਲਾਂ ਜਾਮ ਕਰਨ ਤੇ 30 ਜੱਥੇਬੰਦੀਆਂ ਦਾ ਪੰਜਾਬ ਬੰਦ ਦਾ ਫੈਸਲਾ ਲਾਗੂ ਕਰਨ ਦਾ ਸੱਦਾ ਦਿੱਤਾ। ਮੋਰਚੇ ’ਚ ਸਟੇਜ ਸ਼ੁਰੂ ਕਰਨ ਤੋਂ ਪਹਿਲਾਂ ਹਰਿਆਣਾ ਦੇ ਕਿਸਾਨ ਘੋਲ ਦੀ ਹਮਾਇਤ ‘ਚ ਹਜਾਰਾਂ ਦੇ ਇਕੱਠ ਵੱਲੋਂ ਆਰਡੀਨੈਂਸਾਂ ਦੀਆਂ ਕਾਪੀਆਂ ਤੇ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ । ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਬਾਦਲ ਮੋਰਚੇ ਚ ਨੌਜਵਾਨਾਂ ਦੀ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ ਕਿਸਾਨੀ ਤੇ ਜਵਾਨੀ ਦੀ ਜੋਟੀ ਖੇਤੀ ਤੇ ਲੋਕ ਵਿਰੋਧੀ ਕਾਨੂੰਨਾਂ ਅਤੇ ਕਿਸਾਨ ਵਿਰੋਧੀ ਨੀਤੀਆਂ ਦਾ ਮੂੰਹ ਮੋੜ ਕੇ ਹੀ ਦਮ ਲਵੇਗੀ।
ਅੱਜ ਦੇ ਧਰਨੇ ਨੂੰ ਯੂਨੀਅਨ ਦੇ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਮਨਗਰ, ਅਜੇ ਪਾਲ ਸਿੰਘ ਘੁੱਦਾ, ਰਾਮ ਸਿੰਘ ਭੈਣੀ ਬਾਘਾ ਤੋਂ ਇਲਾਵਾ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਮਾਝੇ ਦੇ ਕਿਸਾਨਾਂ ਦੇ ਜੱਥੇ ਨਾਲ ਮੋਰਚੇ ’ਚ ਪੁੱਜੇ ਆਗੂ ਜਸਵੀਰ ਸਿੰਘ ਪਿੱਦੀ, ਪੰਜਾਬ ਖੇਤ ਮਜਦੂਰ ਯੂਨੀਅਨ ਦੇ ਆਗੂ ਲਛਮਣ ਸਿੰਘ ਸੇਵੇਵਾਲਾ, ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ ਤੇ ਮਨਜਿੰਦਰ ਸਿੰਘ ਸਰਾਂ, ਠੇਕਾ ਮੁਲਾਜਮ ਮੋਰਚੇ ਦੇ ਆਗੂ ਜਗਰੂਪ ਸਿੰਘ , ਕਿਸਾਨ ਆਗੂ ਬਲੌਰ ਸਿੰਘ ਘੱਲਕਲਾਂ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਕਿਸਾਨ ਸੰਘਰਸ਼ ਦੇ ਵੱਧ ਰਹੇ ਦਬਾਅ ਦਾ ਸਿੱਟਾ ਕਰਾਰ ਦਿੰਦਿਆਂ ਖੇਤੀ ਤਬਾਹੀ ਕਰਨ ਵਾਲੇ ਕਾਨੂੰਨ ਰੱਦ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਉਹਨਾਂ ਮੋਦੀ ਸਰਕਾਰ ਵੱਲੋਂ ਲਿਆਂਦੇ ਇਹਨਾਂ ਕਾਨੂੰਨਾਂ ਨੂੰ ਕਿਸਾਨਾਂ , ਖੇਤ ਮਜਦੂਰਾਂ, ਮੁਲਾਜਮਾਂ, ਦੁਕਾਨਦਾਰਾਂ, ਵਪਾਰੀਆਂ ਸਮੇਤ ਸਮੂਹ ਲੋਕਾਂ ਦਾ ਘਾਣ ਕਰਨ ਕਾਲੇ ਕਾਨੂੰਨ ਕਰਾਰ ਦਿੰਦਿਆਂ ਕਿ ਇਹ ਕਾਨੂੰਨ ਲਿਆਕੇ ਦੇਸ਼ ਦੇ ਲੋਕਾਂ ਨਾਲ ਗਦਾਰੀ ਕੀਤੀ ਗਈ ਹੈ।
ਉਹਨਾਂ ਆਖਿਆ ਕਿ ਇਹਨਾਂ ਕਾਨੂੰਨਾਂ ਦੇ ਜਰੀਏ ਮੋਦੀ ਹਕੂਮਤ ਵੱਲੋਂ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆਂ ਦੇ ਹਿੱਤ ਪੂਰੇ ਜਾ ਰਹੇ ਹਨ। ਉਹਨਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਕਰੋਨਾ ਦੀ ਆੜ ਹੇਠ ਲੋਕਾਂ ‘ਤੇ ਆਰਥਿਕ ਤੇ ਫਾਸ਼ੀ ਹੱਲਾ ਬੋਲ ਰੱਖਿਆ ਹੈ ਜਿਸ ਤਹਿਤ ਲੋਕਾਂ ਦੀ ਜੁਬਾਨ ਬੰਦੀ ਕੀਤੀ ਜਾ ਰਹੀ ਹੈ ਅਤੇ ਬੁੱਧੀਜੀਵੀ ਜੇਲਾਂ ਵਿੱਚ ਬੰਦ ਕੀਤੇ ਹੋਏ ਹਨ। ਉਨਾਂ ਆਖਿਆ ਕਿ ਸਰਕਾਰ ਇਸ ਗਲਤਫਹਿਮੀ ’ਚ ਹੈ ਕਿਸਾਨ ਰੌਲਾ ਪਾਕੋ ਮੁੜ ਜਾਣਗੇ ਪਰ ਬਿਨਾਂ ਕਿਸੇ ਠੋਸ ਨਤੀਜੇ ਦੇ ਸੰਘਰਸ਼ ਖਤਮ ਨਹੀਂ ਕੀਤਾ ਜਾਏਗਾ। ਇਕੱਠ ਨੂੰ ਕਿਸਾਨ ਆਗੂ ਭਾਗ ਸਿੰਘ ਮਰਖਾਈ, ਅਮਰਜੀਤ ਸਿੰਘ ਸੈਦੋਕੇ,ਗੁਰਪਾਸ਼ ਸਿੰਘ ,ਪਨਬਸ ਮੁਲਾਜ਼ਮ ਯੂਨੀਅਨ ਦੇ ਰੇਸ਼ਮ ਸਿੰਘ, ਮਨਰੇਗਾ ਯੂਨੀਅਨ ਦੇ ਆਗੂ ਵਰਿੰਦਰ ਸਿੰਘ, ਠੇਕਾ ਮੁਲਾਜਮ ਮੋਰਚੇ ਦੇ ਆਗੂ ਗੁਰਵਿੰਦਰ ਸਿੰਘ ਪੰਨੂ, ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜਮਾਂ ਦੇ ਆਗੂ ਸੰਦੀਪ ਖਾਂ, ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਆਗੂ ਜਸਕਰਨ ਸਿੰਘ, ਮਾਸਟਰ ਕੇਡਰ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਤੇ ਨੌਜਵਾਨ ਭਾਰਤ ਸਭਾ ਦੇ ਆਗੂ ਗੁਰਮੁਖ ਸਿੰਘ ਹਿੰਮਤਪੁਰਾ ਨੇ ਵੀ ਸੰਬੋਧਨ ਕੀਤਾ।