← ਪਿਛੇ ਪਰਤੋ
ਅੰਮ੍ਰਿਤਸਰ, 28 ਅਗਸਤ 2020 - ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਣਤੀ ਪੱਖੋਂ ਲਾਪਤਾ ਪਾਵਨ ਸਰੂਪਾਂ ਦੀ ਜਾਂਚ ਰਿਪੋਰਟ 'ਤੇ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਕਰਮਚਾਰੀਆਂ ਵਿਰੁੱਧ ਕੀਤੀ ਕਾਰਵਾਈ ਨੂੰ ਅਧੂਰਾ ਦੱਸਦੇ ਹੋਏ ਜਾਂਚ ਅਧਿਕਾਰੀ ਨੂੰ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਵਾਲ ਕੀਤਾ ਕਿ ਸਿਆਸੀ ਗੁਨਾਹਗਾਰਾ ਤੇ ਕਮੇਟੀ ਪ੍ਰਬੰਧਕਾਂ ਨੂੰ ਜਾਂਚ ਦੇ ਘੇਰੇ ਤੋਂ ਕਿਸ ਮਜਬੂਰੀ ਕਾਰਨ ਬਾਹਰ ਰੱਖਿਆ ਗਿਆ ਹੈ ? ਜਾਂਚ ਦੀ ਆਰੰਭਤਾ ਤੋਂ ਪਹਿਲਾਂ 267 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਗੱਲ ਕੀਤੀ ਗਈ ਸੀ ਤੇ ਬਾਅਦ ਵਿੱਚ ਇਸ ਗਿਣਤੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਉਜਾਗਰ ਹੋਈ ਸੀ। ਰਿਪੋਰਟ ਆਉਣ ਤੋਂ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸਾਜ਼ਿਸ਼ ਨਾਲ ਜਾਂਚ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਕਿ ਲਾਪਤਾ ਸਰੂਪ ਪ੍ਰਕਾਸ਼ਿਤ ਹੀ ਨਹੀਂ ਹੋਏ ਸਨ। ਦਰਅਸਲ ਵਿੱਚ ਉਸ ਵੇਲੇ ਹੀ ਅੰਦਾਜ਼ਾ ਲੱਗ ਗਿਆ ਸੀ ਕਿ ਲਾਪਤਾ ਸਰੂਪਾਂ ਦੀ ਜਾਂਚ ਤੇ ਪਰਦਾ ਪਾਇਆ ਜਾ ਰਿਹਾ ਹੈ। ਲੈਜਰਾਂ ਦੇ ਹਿਸਾਬ ਕਿਤਾਬ ਵਿੱਚ ਹੋਈ ਹੇਰਾ ਫੇਰੀ ਦਾ ਨਾਮ ਦੇ ਕੇ ਸਰੂਪਾਂ ਦੀ ਅਸਲ ਗਿਣਤੀ ਦੇ ਲਾਪਤਾ ਹੋਣ ਦੇ ਗੰਭੀਰ ਮੁੱਦੇ ਨੂੰ ਜਾਂਚ ਦੇ ਘੇਰੇ ਤੋ ਜਾਣ ਕੇ ਬਾਹਰ ਕੀਤਾ ਗਿਆ ਹੈ ਤਾਂ ਜੋ ਸਿਆਸੀ ਗੁਨਾਹਗਾਰਾ ਨੂੰ ਬਚਾਇਆ ਜਾ ਸਕੇ। ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ ਅਤੇ ਮਹਾਵੀਰ ਸਿੰਘ ਸੁਲਤਾਨਵਿੰਡ ਨੇ ਸਵਾਲ ਕੀਤਾ ਕਿ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਤੇ ਹੋਰ ਕਰਮਚਾਰੀਆਂ ਨੂੰ ਵਿਭਾਗੀ ਤੇ ਕਾਨੂੰਨੀ ਰਗੜੇ ਲਗਾਏ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਸਾਬਕਾ ਤੇ ਮੌਜੂਦਾ ਕਮੇਟੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਮੈਂਬਰਾਂ ਨੂੰ ਕਿਉਂ ਬਖ਼ਸ਼ਿਆ ਗਿਆ ਹੈ ? ਜਾਚ ਰਿਪੋਰਟ ਨੂੰ ਸਿਆਸਤ ਤੋਂ ਪ੍ਰੇਰਿਤ ਹੋਣ ਦਾ ਦੋਸ਼ ਲਗਾਉਂਦੇ ਹੋਏ ਕਮੇਟੀ ਆਗੂਆਂ ਨੇ ਕਿਹਾ ਕਿ ਦੋਸ਼ੀਆਂ ਦੇ ਇਕ ਧੜੇ ਨੇ ਦੂਜੇ ਨੂੰ ਬਲੀ ਦਾ ਬੱਕਰਾ ਬਣਾ ਕੇ ਜਾਂਚ ਦਾ ਅਸਲ ਮਨੋਰਥ ਖ਼ਤਮ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਪ੍ਰਧਾਨ ਤੇ ਅੰਤਰਿੰਗ ਕਮੇਟੀ ਮੈਂਬਰ ਇਸ ਸਾਰੇ ਘਟਨਾ ਦੇ ਦੋਸ਼ੀ ਹਨ ਇਸ ਲਈ ਉਹ ਫ਼ੌਰਨ ਆਪਣੇ ਅਹੁਦਿਆਂ ਤੋ ਅਸਤੀਫ਼ਾ ਦੇਣ। ਜਾਂਚ ਰਿਪੋਰਟ ਦੇਖਣ ਦਾ ਸਿੱਖ ਸੰਗਤਾਂ ਦਾ ਹੱਕ ਬਣਦਾ ਹੈ ਇਸ ਲਈ ਇਸ ਦੀ ਪੀਡੀਐਫ ਜਨਤਕ ਕੀਤੀ ਜਾਵੇ।
Total Responses : 267