ਗਿਆਨ ਸਾਗਰ ਹਸਪਤਾਲ ਵਿਚ ਹੋਰ 200 ਬਿਸਤਰੇ ਕਰਵਾਏ ਉਪਲੱਬਧ
8 ਹੋਰ ਐਂਬੂਲੈਂਸਾਂ ਕਾਰਜਸ਼ੀਲ
ਮੁਹਾਲੀ ਵਿੱਚ 2 ਹੋਰ ਟੈਸਟਿੰਗ ਕੇਂਦਰ ਕੀਤੇ ਜਾਣਗੇ ਸਥਾਪਤ
ਐਲ 2 ਹਸਪਤਾਲਾਂ ਦਾ ਕੀਤਾ ਜਾਵੇਗਾ ਨਿਰੀਖਣ
ਐਸ ਏ ਐਸ ਨਗਰ, 24 ਅਗਸਤ 2020: ਅਗਲੇ ਪੰਦਰਵਾੜੇ ਵਿਚ ਲੈਵਲ 3 ਹਸਪਤਾਲਾਂ ਵਿਚ ਕੋਈ ਇਲੈਕਟਿਵ ਸਰਜਰੀ ਨਹੀਂ ਕੀਤੀ ਜਾਵੇਗੀ। ਇਹ ਹੁਕਮ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਾਨ ਵਲੋਂ ਅੱਜ ਇਥੇ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਹੋ ਰਹੇ ਵਾਧੇ ਦੀ ਸਮੀਖਿਆ ਕਰਨ ਸਬੰਧੀ ਹੋਈ ਮੀਟਿੰਗ ਦੌਰਾਨ ਦਿੱਤੇ।
ਉਹਨਾਂ ਕਿਹਾ, “ਕੋਵੀਡ -19 ਕੇਸਾਂ ਵਿਚ ਹੋ ਰਹੇ ਤੇਜ਼ੀ ਨਾਲ ਵਾਧੇ ਕਾਰਨ ਲੈਵਲ 3 ਹਸਪਤਾਲਾਂ ਵਿਚ ਬੈਡਾਂ ਦੀ ਗਿਣਤੀ ਵਧਾਉਣ ਦੀ ਜ਼ਰੂਰਤ ਹੈ, ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੀਆਂ ਸਰਜਰੀਆਂ ਨੂੰ ਤੁਰੰਤ ਡਾਕਟਰੀ ਪ੍ਰਕਿਰਿਆ ਦੀ ਜ਼ਰੂਰਤ ਨਹੀਂ ਹੈ, ਉਹਨਾਂ ਸਰਜਰੀਆਂ ਨੂੰ ਬਾਅਦ ਵਿਚ ਕੀਤਾ ਜਾ ਸਕਦਾ ਹੈ, ਘੱਟੋ ਘੱਟ ਪੰਦਰਾਂ ਦਿਨਾਂ ਲਈ ਉਹ ਸਰਜਰੀਆਂ ਨਹੀਂ ਕੀਤੀਆਂ ਜਾਣਗੀਆਂ।" ਜੁਆਇੰਟ ਰਿਪਲੇਸਮੈਂਟ, ਮੋਤੀਆਂ ਦਾ ਆਪਰੇਸ਼ਨ, ਲੀਗਾਮੈਂਟ ਦੇ ਆਪਰੇਸ਼ਨ ਆਦਿ ਸਬੰਧੀ ਸਰਜਰੀਆਂ ਕਰਨ ਤੋਂ ਗੁਰੇਜ਼ ਕਰਨ ਨਾਲ, ਗੰਭੀਰ ਮਰੀਜਾਂ ਲਈ ਬੈਡ ਰਾਂਖਵੇਂ ਰੱਖੇ ਜਾ ਸਕਦੇ ਹਨ।
ਸ੍ਰੀ ਦਿਆਲਨ ਨੇ ਕਿਹਾ ਕਿ ਅਸੀਂ ਗਿਆਨ ਸਾਗਰ ਹਸਪਤਾਲ ਵਿਚ ਹੋਰ 200 ਬੈਡ ਉਪਲੱਬਧ ਕਰਵਾ ਕੇ ਲੈਵਲ 2 ਹਸਪਤਾਲਾਂ ਦੀ ਬੈਡ ਸਮਰੱਥਾ ਵਿਚ ਵਾਧਾ ਕੀਤਾ ਹੈ। ਇਸਦੇ ਨਾਲ ਹੀ, 8 ਨਵੀਆਂ ਐਂਬੂਲੈਂਸਾਂ ਵੀ ਕਾਰਜਸ਼ੀਲ ਕੀਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਅਸੀਂ ਹੋਰ ਵੈਂਟੀਲੇਟਰ ਅਤੇ ਹਾਈ ਫਲੋ ਨੈਸਲ ਕੈਨੂਲਾਜ਼ ਵੀ ਖਰੀਦ ਰਹੇ ਹਾਂ।
ਉਹਨਾਂ ਅੱਗੇ ਕਿਹਾ ਕਿ ਸਿਵਲ ਹਸਪਤਾਲ ਵਿਖੇ ਕੋਵਿਡ 19 ਦਾ ਟੈਸਟ ਕਰਵਾਉਣ ਲਈ ਵੱਡੀ ਗਿਣਤੀ ਵਿਚ ਲੋਕ ਆ ਰਹੇ ਹਨ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਵਿਖੇ ਲੋਕਾਂ ਦੀ ਆਮਦ ਨੂੰ ਕੰਟਰੋਲ ਕਰਨ ਅਤੇ ਟੈਸਟ ਕਰਵਾਉਣ ਲਈ ਮਰੀਜ਼ ਦੇ ਉਡੀਕ ਸਮੇਂ ਨੂੰ ਘੱਟ ਕਰਨ ਲਈ ਨਯਾਗਾਓਂ ਅਤੇ ਸੋਹਾਣਾ ਵਿਖੇ ਦੋ ਹੋਰ ਟੈਸਟਿੰਗ ਸੈਂਟਰ ਸਥਾਪਤ ਕੀਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ “ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਮੌਜੂਦਾ ਸਹੂਲਤਾਂ 'ਤੇ ਨਜ਼ਰ ਵੀ ਰੱਖੀ ਜਾਵੇਗੀ ਤਾਂ ਜੋ ਮਰੀਜ਼ਾਂ ਦੀ ਵੱਧਦੀ ਆਮਦ ਦਾ ਅਸਰ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਤੇ ਨਾ ਪਵੇ।” ਉਹਨਾਂ ਕਿਹਾ, “ਅਸੀਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਹਨ ਜੋ ਡਾਕਟਰਾਂ ਨਾਲ ਮਿਲ ਕੇ ਕੋਵਿਡ -19 ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਪੱਧਰ 'ਤੇ ਨਜ਼ਰ ਰੱਖਣ ਲਈ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੀਆਂ।