ਰਾਜਵੰਤ ਸਿੰਘ
- ਟੈਸਟ ਨਾ ਕਰਾਉਣ ਵਾਲੇ’ਤੇ ਸਖਤੀ ਕੀਤੇ ਜਾਣ ਦਾ ਵੀ ਫੈਸਲਾ
ਸ੍ਰੀ ਮੁਕਤਸਰ ਸਾਹਿਬ, 22 ਅਗਸਤ 2020 - ਜ਼ਿਲ੍ਹੇ ਅੰਦਰ ਕੋਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਹੁਣ ਵਧੇਰੇ ਚੌਕਸ ਹੋ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐਮਕੇ ਅਰਾਵਿੰਦ ਕੁਮਾਰ ਵੱਲੋ ਅੱਜ ਇੱਕ ਪੱਤਰ ਜਾਰੀ ਕਰਦਿਆਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੋਰੋਨਾ ਟੈਸਟ ਕਰਾਉਣ ਸਬੰਧੀ ਹਦਾਇਤ ਕੀਤੀ ਗਈ ਹੈ। ਕਰੀਬ 14 ਵਿਭਾਗਾਂ ਦੇ ਮੁਖੀਆਂ ਨੂੰ ਦਿੱਤੀ ਹਦਾਇਤ ਵਿੱਚ ਕਿਹਾ ਗਿਆ ਹੈ ਕਿ ਉਹ ਆਪਣੇ ਵਿਭਾਗ ਵਿੱਚ ਕੰਮ ਕਰਦੇ ਅਧਿਕਾਰੀਆਂ/ਕਰਮਚਾਰੀਆਂ ਦਾ ਸਡਿਊਲ ਤਿਆਰ ਕਰਕੇ ਟੈਸਟ ਕਰਾਉਣੇ ਯਕੀਨੀ ਕਰਨ ਤੇ ਜੇਕਰ ਇਸ ਸਬੰਧੀ ਅਧਿਕਾਰੀ ਜਾਂ ਕਰਮਚਾਰੀ ਅਣਗਹਿਲੀ ਵਰਤੇਗਾ ਤਾਂ ਉਸ ਖ਼ਿਲਾਫ਼ ਸਖਤੀ ਕੀਤੇ ਜਾਣ ਦੀ ਗੱਲ ਵੀ ਆਖ਼ੀ ਗਈ ਹੈ।
ਕਿਹੜੇ-ਕਿਹੜੇ ਵਿਭਾਗਾਂ ਨੂੰ ਹੋਈ ਹੈ ਹਦਾਇਤ ਜਾਰੀ
ਡਿਪਟੀ ਕਮਿਸ਼ਨਰ ਵੱਲੋਂ ਕੋਰੋਨਾ ਟੈਸਟਾਂ ਨੂੰ ਲੈ ਕੇ ਜਾਰੀ ਕੀਤੇ ਗਏ ਪੱਤਰ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ, ਮੈਨੇਜਰ ਲੀਡ ਬੈਂਕ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਲੱਖੇਵਾਲੀ ਤੇ ਬਰੀਵਾਲਾ ਤੋਂ ਇਲਾਵਾ ਜ਼ਿਲ੍ਹਾ ਫੂਡ ਸਪਲਾਈ ਤੇ ਕੰਟਰੋਲਰ, ਆਬਕਾਰੀ ਤੇ ਕਰ ਕਮਿਸ਼ਨ, ਕਾਰਜ ਸਾਧਰ ਅਫ਼ਸਰ ਨਗਰ ਕੌਂਸਲ, ਸਕੱਤਰ ਮਾਰਕਿਟ ਕਮੇਟੀ ਸ੍ਰੀ ਮੁਕਤਸਰ ਸਾਹਿਬ ਤੇ ਬਰੀਵਾਲਾ, ਕਾਰਜਕਾਰੀ ਇੰਜਨੀਅਰ (ਬੀ ਐਂਡ ਆਰ) , ਕਾਰਜਕਾਰੀ ਇੰਜਨੀਅਰ (ਜਲ ਸਪਲਾਈ ਤੇ ਸੈਨੀਟੇਸ਼ਨ) ਸ੍ਰੀ ਮੁਕਤਸਰ ਸਾਹਿਬ ਮੰਡਲ 1 ਅਤੇ 2, ਸੇਵਾ ਕੇਂਦਰ ਡਬ ਡਵੀਜ਼ਨ ਇੰਚਾਰਜ, ਕਾਰਜਕਾਰੀ ਇੰਜਨੀਅਰ ਪੀਐਸਪੀਸੀਐਲ ਨੂੰ ਇਹ ਹਦਾਇਤ ਜਾਰੀ ਹੋਈ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਇਹ ਕਿਹਾ ਗਿਆ ਹੈ ਕਿ ਸ਼ਹਿਰ ਅੰਦਰ ਨਾਈ, ਬਿਊਟੀ ਪਾਰਲਰ, ਟੈਕਸੀ ਸਟੈਂਡ, ਮੈਰਿਜ ਪੈਲਿਸ ਵਿਚ ਕੰਮ ਕਰਦੇ ਵਿਅਕਤੀ ਦੇ ਕੋਰੋਨਾ ਟੈਸਟ ਕਰਾਉਣੇ ਲਾਜ਼ਮੀ ਕੀਤੇ ਜਾਣ। ਇਸੇ ਤਰ੍ਹਾਂ ਮਾਰਕਿਟ ਕਮੇਟੀ ਦੇ ਸਕੱਤਰ ਨੂੰ ਜਾਰੀ ਹਦਾਇਤ ਵਿੱਚ ਸ਼ਹਿਰ ਅੰਦਰ ਆਉਂਦੇ ਸਬਜ਼ੀ ਮੰਡੀ, ਰੇਹੜੀ ਵਾਲਿਆਂ ਤੇ ਮੰਡੀ ਵਿੱਚ ਸਥਿਤ ਦੁਕਾਨਾਂ ਦੇ ਵਿਅਕਤੀਆਂ ਦੇ ਕੋਰੋਨਾ ਟੈਸਟ ਕਰਨੇ ਲਾਜ਼ਮੀ ਕਰਨ ਲਈ ਕਿਹਾ ਗਿਆ ਹੈ। ਜਾਰੀ ਹਦਾਇਤਾਂ ਵਿੱਚ ਵੱਖ-ਵੱਖ ਵਿਭਾਗਾਂ ਦੇ 10 ਤੋਂ ਲੈ ਕੇ 50 ਤੱਕ ਔਸਤਨ ਰੋਜ਼ਾਨਾ ਵਿਅਕਤੀਆਂ ਦੇ ਕੋਰੋਨਾ ਟੈਸਟ ਲਈ ਕਿਹਾ ਗਿਆ ਹੈ।