ਅਸ਼ੋਕ ਵਰਮਾ
ਮਾਨਸਾ, 22 ਅਗਸਤ 2020 - ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨੇ ਦੱਸਿਆ ਕਿ ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਜਾਣਕਾਰੀ ਤੋਂ ਅਪਡੇਟ ਕਰਵਾਉਣ, ਕਰਫਿਊ ਦੌਰਾਨ ਜ਼ਰੂਰੀ ਕੰਮਾਂ ਲਈ ਆਉਣ-ਜਾਣ ਲਈ ਕਰਫਿਊ ਪਾਸ ਦੀ ਸਹੂਲਤ ਅਤੇ ਹੋਰ ਕਈ ਜ਼ਰੂਰੀ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਪੰਜਾਬ ਕੋਵਾ ਐਪ ਬਣਾਈ ਗਈ ਹੈ, ਜੋ ਕਿ ਸੂਬਾ ਵਾਸੀਆਂ ਲਈ ਕਾਫ਼ੀ ਲਾਭਦਾਇਕ ਸਿੱਧ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਜਿੱਥੇ ਸੂਬਾ ਵਾਸੀਆਂ ਨੂੰ ਪੰਜਾਬ ਵਿੱਚ ਕੋਵਿਡ-19 ਦੀ ਸਥਿਤੀ ਬਾਰੇ ਪਤਾ ਚੱਲਦਾ ਹੈ, ਉਥੇ ਹੀ ਦੇਸ਼ ਵਿੱਚ ਕੋਰੋਨਾ ਸਬੰਧੀ ਹਾਲਾਤਾਂ ਬਾਰੇ ਵੀ ਜਾਣਕਾਰੀ ਹਾਸਿਲ ਹੁੰਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਇਸ ਕੋਵਾ ਐਪ ਵਿੱਚ ਕੁਝ ਹੋਰ ਮਹੱਤਵਪੂਰਣ ਸੁਵਿਧਾਵਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਕਈ ਹੋਰ ਨਵੀਆਂ ਜਾਣਕਾਰੀਆਂ ਪ੍ਰਾਪਤ ਹੋ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਵਾ ਐਪ ਵਿੱਚ ਨਵੀਂ ਜਾਣਕਾਰੀ ਦਰਜ ਕੀਤੀ ਗਈ ਹੈ ਜਿਸ ਰਾਹੀਂ ਸਾਨੂੰ ਜ਼ਿਲ੍ਹਾ ਵਾਈਜ਼ ਹਸਪਤਾਲਾਂ ਵਿੱਚ ਬੈੱਡਾਂ ਦੀ ਸੰਖਿਆ ਦੀ ਜਾਣਕਾਰੀ ਪ੍ਰਾਪਤ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ਅੰਦਰ ਕਿੱਥੇ-ਕਿੱਥੇ ਅਸੀਂ ਕੋਰੋਨਾ ਟੈਸਟ ਕਰਵਾ ਸਕਦੇ ਹਾਂ ਉਸ ਸਬੰਧੀ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਕੋਵਿਡ-19 ਨਾਲ ਪੀੜਤ ਲੋਕਾਂ ਦੀ ਜਾਨ ਦੀ ਰੱਖਿਆ ਲਈ ਆਪਣਾ ਪਲਾਜ਼ਮਾ ਕਿੱਥੇ ਦਾਨ ਕਰਨਾ ਹੈ, ਉਸ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਮੋਬਾਇਲ ਫੋਨਾਂ ਵਿੱਚ ਕੋਵਾ ਐਪ ਨੂੰ ਜ਼ਰੂਰ ਡਾਊਨਲੋਡ ਕਰਨ, ਤਾਂ ਜੋ ਕੋਵਿਡ-19 ਸਬੰਧੀ ਹਰੇਕ ਨਵੀਂ ਅਪਡੇਟ ਤੋਂ ਜਾਣੂ ਹੋ ਸਕਣ ਅਤੇ ਐਪ ਵਿੱਚ ਦਰਜ ਹੋਰ ਵਿਸ਼ੇਸ਼ ਜਾਣਕਾਰੀਆਂ ਪ੍ਰਾਪਤ ਕਰ ਸਕਣ।