ਅਸ਼ੋਕ ਵਰਮਾ
- ਲਗਾਤਾਰ ਤੀਜੇ ਸਾਲ ਪੰਜਾਬ ਚੋਂ ਪਹਿਲੇ ਨੰਬਰ ਤੇ ਬਠਿੰਡਾ
ਬਠਿੰਡਾ, 20 ਅਗਸਤ 2020 - ਬਠਿੰਡਾ ਦੀ ਸਫਾਈ ਦੇ ਮਾਮਲੇ ’ਚ ਤੀਸਰੀ ਵਾਰ ਝੰਡੀ ਰਹੀ ਹੈ। ਕੇਂਦਰ ਸਰਕਾਰ ਵੱਲੋਂ ਕਰਵਾਏ ਸਵੱਛਤਾ ਸਰਵੇਖਣ ’ਚ ਬਠਿੰਡਾ ਨੇ ਸੀਐਮ ਸਿਟੀ ਪਟਿਆਲਾ ਨੂੰ ਪਛਾੜ ਦਿੱਤਾ ਹੈ। ਉਂਝ ਬਠਿੰਡਾ ਕੌਮੀ ਪੱਧਰ 'ਤੇ ਵੀ ਚੰਗਾ ਚਮਕਿਆ ਹੈ। ਸਵੱਛਤਾ ਸਰਵੇਖਣ ’ਚੋਂ ਬਠਿੰਡਾ ਨੂੰ ਪਹਿਲਾ ਸਥਾਨ ਹਾਸਿਲ ਕਰਵਾਉਣ ’ਚ ਨਿਗਮ ਦੇ ਸਫ਼ਾਈ ਕਾਮਿਆਂ ਦਾ ਅਹਿਮ ਯੋਗਦਾਨ ਹੈ। ਮੀਂਹ ਆਵੇ ਜਾਂ ਹਨੇਰੀ ਸਫ਼ਾਈ ਕਾਮੇ ਦਿਨ ਚੜਨ ਤੋਂ ਪਹਿਲਾਂ ਹੀ ਸਫ਼ਾਈ ’ਚ ਜੁਟ ਜਾਂਦੇ ਹਨ ਜਦੋਂਕਿ ਕੁੱਝ ਖੇਤਰਾਂ ’ਚ ਤਾਂ ਰਾਤ ਨੂੰ ਵੀ ਸਫ਼ਾਈ ਕੀਤੀ ਜਾਂਦੀ ਹੈ ਸ਼ਹਿਰ ਦੇ ਖੇਤਰਫ਼ਲ ਦੇ ਹਿਸਾਬ ਨਾਲ ਸਫ਼ਾਈ ਕਾਮਿਆਂ ਦੀ ਗਿਣਤੀ ਘੱਟ ਹੈ ਪਰ ਇਸਦੇ ਬਾਵਜ਼ੂਦ ਉਨਾਂ ਦੀ ਮਿਹਨਤ ਨੇ ਰੰਗ ਲਿਆਈ ਹੈ ।
ਕੌਮੀ ਪੱਧਰ ’ਤੇ ਬਠਿੰਡਾ ਨੇ 3526. 68 ਅੰਕ ਹਾਸਿਲ ਕਰਕੇ 79ਵਾਂ ਰੈਂਕ ਹਾਸਿਲ ਕੀਤਾ ਹੈ ਜਦੋਂਕਿ ਪਟਿਆਲਾ 3467. 35 ਅੰਕਾਂ ਨਾਲ ਪੰਜਾਬ ’ਚੋਂ ਦੂਜੇ ਅਤੇ ਕੌਮੀ ਪੱਧਰ ’ਤੇ 86 ਵਾਂ ਰੈਂਕ ਅਤੇ 3389.71 ਅੰਕਾਂ ਨਾਲ ਕੌਮੀ ਪੱਧਰ ’ਤੇ 96ਵੀਂ ਰੈਂਕ ਹਾਸਿਲ ਕਰਨ ਵਾਲਾ ਸਰਹੱਦੀ ਜ਼ਿਲਾ ਫਿਰੋਜ਼ਪੁਰ ਪੰਜਾਬ ’ਚੋਂ ਤੀਜੇ ਸਥਾਨ ’ਤੇ ਆਉਣ ’ਚ ਸਫ਼ਲ ਰਿਹਾ ਹੈ। ਬਠਿੰਡਾ ਜ਼ਿਲ੍ਹੇ ਨੇ ਇਹ ਪ੍ਰਾਪਤੀ 1 ਤੋਂ 10 ਲੱਖ ਦੀ ਅਬਾਦੀ ਵਾਲੇ ਭਾਰਤ ਦੇ ਸ਼ਹਿਰਾਂ ’ਚੋਂ ਹਾਸਿਲ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਤਿੰਨ ਵਰਿਆਂ ਤੋਂ ਬਠਿੰਡਾ ਸ਼ਹਿਰ ’ਚ ਨਗਰ ਨਿਗਮ ਵੱਲੋਂ ਸਫਾਈ ਵੱਲ ਖਾਸ ਧਿਆਨ ਦਿੱਛਾ ਜਾ ਰਿਹਾ ਸੀ। ਅੱਜ ਜਦੋਂ ਨਤੀਜੇ ਸਾਹਮਣੇ ਆਏ ਤਾਂ ਨਗਰ ਨਿਗਮ ਅਧਿਕਾਰੀਆਂ ’ਚ ਖੁਸ਼ੀ ਦਾ ਮਹੌਲ ਬਣ ਗਿਆ।
ਕੇਂਦਰ ਸਰਕਾਰ ਦੇ ਸ਼ਹਿਰੀ ਵਿਕਾਸ ਮੰਤਰਾਲੇ ਵੱਲੋਂ ਕਰਵਾਏ ਜਾਂਦੇ ਇਸ ਸਰਵੇਖਣ ’ਚ ਜਦੋਂ ਸਾਲ 2016-17 ’ਚ ਬਠਿੰਡਾ ਨੂੰ ਸ਼ਾਮਿਲ ਕੀਤਾ ਸੀ ਤਾਂ ਉਦੋਂ ਪੰਜਾਬ ’ਚੋਂ ਦੂਜਾ ਸਥਾਨ ਮਿਲਿਆ ਸੀ। ਇਸ ਮਗਰੋਂ ਸਾਲ 2017-18 ’ਚ ਪਹਿਲਾ, 2018-19 ’ਚ ਵੀ ਪਹਿਲਾ ਤੇ ਹੁਣ ਸਾਲ 2019-20 ਦੇ ਸਰਵੇਖਣ ’ਚੋਂ ਵੀ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਸ ਸਰਵੇਖਣ ਹਿੱਤ ਨਿਗਮ ਦੇ ਸਫ਼ਾਈ ਕਾਮਿਆਂ ਅਤੇ ਹੋਰ ਅਧਿਕਾਰੀਆਂ ਨਾਲ ਮਿਲਕੇ ਕੰਮ ਕੀਤਾ ਜਿਸ ਦਾ ਨਤੀਜਾ ਹੁਣ ਸਭ ਦੇ ਸਾਹਮਣੇ ਹੈ। ਬਠਿੰਡਾ ਪੰਜਾਬ ਦਾ ਇਕਲੌਤਾ ਅਜਿਹਾ ਸ਼ਹਿਰ ਹੈ ਜਿੱਥੇ ਘਰਾਂ ’ਚੋਂ ਕੂੜਾ ਸਿੱਧਾ ਪਲਾਂਟ ’ਚ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ’ਚ ਅਜਿਹਾ ਕੋਈ ਹੋਰ ਸ਼ਹਿਰ ਨਹੀਂ ਜਿੱਥੇ ਇਸ ਤਰ੍ਹਾਂ ਦਾ ਕੂੜਾ ਪ੍ਰਬੰਧਨ ਪਲਾਂਟ ਲੱਗਿਆ ਹੋਵੇ ।
ਟਿੱਪਰਾਂ ਨੇ ਪਹਿਨਾਇਆ ਬਠਿੰਡਾ ਦੇ ਸਿਰ ਤਾਜ
ਨਗਰ ਨਿਗਮਕ ਕੋਲ 46 ਟਿੱਪਰ ਹਨ ਜੋ ਘਰਾਂ ਤੋਂ ਕੂੜਾ ਚੁੱਕਣ ਲਈ ਰੱਖੇ ਹੋਏ ਹਨ। ਇਨਾਂ ਟਿੱਪਰਾਂ ’ਤੇ ਚਲਦੇ ਸਪੀਕਰਾਂ ਰਾਹੀਂ ਜਦੋਂ ਕੂੜੇ ਸੰਬਧੀ ਅਵਾਜ ਆਉਂਦੀ ਹੈ ਤਾਂ ਸੁਆਣੀਆਂ ਆਪਣੇ ਘਰਾਂ ’ਚੋਂ ਕੂੜਾ ਚੁੱਕ ਕੇ ਦਰਵਾਜੇ ਅੱਗੇ ਪੁੱਜਦੀਆਂ ਹਨ ਜਿੱਥੋਂ ਕਰਮਚਾਰੀ ਕੂੜੇ ਨੂੰ ਟਿੱਪਰ ਰਾਹੀਂ ਚੁੱਕ ਕੇ ਸਿੱਧਾ ਪਲਾਂਟ ’ਚ ਲੈ ਜਾਂਦੇ ਹਨ। ਇਹ ਟਿੱਪਰ ਸਵੇਰੇ-ਸ਼ਾਮ ਦੋ ਸ਼ਿਫਟਾਂ ’ਚ ਚਲਦੇ ਹਨ ਜਿੰਨਾਂ ਦਾ ਨਿਗਮ ਨੇ ਬਕਾਇਦਾ ਸਮਾਂ ਤੈਅ ਕੀਤਾ ਹੋਇਆ ਹੈ। ਸ਼ਹਿਰ ਦੇ ਉਦਯੋਗਿਕ ਇਕਾਈਆਂ ਵਾਲੀ ਸਾਈਡ ਦਿਨ ’ਚ ਸਫ਼ਾਈ ਕਰਨ ਨੂੰ ਆਉਂਦੀ ਮੁਸ਼ਕਿਲ ਦੇ ਹੱਲ ਲਈ ਰਾਤ ਨੂੰ ਸਫ਼ਾਈ ਕੀਤੀ ਜਾਂਦੀ ਹੈ। ਤਿੰਨ ਵੱਡੀਆਂ ਮਸ਼ੀਨਾਂ ਸੜਕਾਂ ’ਤੇ ਸਫ਼ਾਈ ਕਰਦੀਆਂ ਹਨ।
ਮੁਲਕ ਦੇ ਪਹਿਲੇ ਦਸ ਸ਼ਹਿਰਾਂ ’ਚ ਲਿਆਵਾਂਗੇ ਬਠਿੰਡਾ
ਨਗਰ ਨਿਗਮ ਬਠਿੰਡਾ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵੀਰਭਾਨ ਦਾ ਕਹਿਣਾ ਹੈ ਕਿ ਭਾਵੇਂ ਹੀ ਸ਼ਹਿਰੀ ਖੇਤਰ ਦੇ ਹਿਸਾਬ ਨਾਲ ਉਨ੍ਹਾਂ ਦੀ ਗਿਣਤੀ ਕਾਫ਼ੀ ਘੱਟ ਹੈ ਪਰ ਫਿਰ ਵੀ ਨਿਗਮ ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਦੇਸ਼ ’ਚੋਂ 79ਵਾਂ ਰੈਂਕ ਤੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਿਲ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਸ਼ਹਿਰ ਦੇ ਸਫ਼ਾਈ ਕਰਮਚਾਰੀ ਭਵਿੱਖ ’ਚ ਵੀ ਆਪਣੀ ਮਿਹਨਤ ਇਸੇ ਤਰਾਂ ਜ਼ਾਰੀ ਰੱਖਣਗੇ ਤੇ ਉਨ੍ਹਾਂ ਦਾ ਟੀਚਾ ਸਫ਼ਾਈ ਪੱਖੋਂ ਬਠਿੰਡਾ ਨੂੰ ਦੇਸ਼ ਦੇ ਪਹਿਲੇ 10 ਸ਼ਹਿਰਾਂ ’ਚ ਲਿਆਉਣ ਦਾ ਹੈ ।
ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ :
ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਸ ਪ੍ਰਾਪਤੀ ਲਈ ਆਪਣੇ ਸਹਿਯੋਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਾਪੜੀ ਹੈ। ਉਨ੍ਹਾਂ ਇਸ ਮਾਮਲੇ ’ਚ ਪਹਿਲੇ ਸਥਾਨ ਤੇ ਲਿਆਉਣ ਪ੍ਰਤੀ ਸ਼ਹਿਰ ਵਾਸੀਆਂ, ਅਧਿਕਾਰੀਆਂ, ਕਰਮਚਾਰੀਆਂ ਅਤੇ ਸਫ਼ਾਈ ਕਾਮਿਆਂ ਨੂੰ ਵੀ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਇਹ ਪ੍ਰਾਪਤੀ ਹੀ ਸ਼ਹਿਰ ਦੇ ਬਾਸਿੰਦਿਆਂ ਦੀ ਹੈ ਕਿਉਂਕਿ ਇਸ ਲਈ ਜੇ ਸ਼ਹਿਰੀਆਂ ਨੇ ਸਹਿਯੋਗ ਦਿੱਤਾ ਹੈ ਤਾਂ ਹੀ ਇਹ ਸੰਭਵ ਹੋ ਸਕਿਆ ਹੈ।