ਬੀਬਾ ਬਾਦਲ ਨੇ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਖੇਤੀਬਾੜੀ ਅਤੇ ਫ਼ੂਡ ਸਪਲਾਈ ਮੰਤਰੀਆਂ ਨਾਲ ਵੀ ਦਿੱਲੀ ਵਿੱਖੇ ਮੀਟਿੰਗ ਨਿਸਚਿਤ ਕਰਵਾਈ
ਅਸ਼ੋਕ ਵਰਮਾ
ਬਠਿੰਡਾ/ਬਾਦਲ ਅਗਸਤ 17, 2020: ਨਵੇਂ ਕੇਂਦਰੀ ਖੇਤੀਬਾੜੀ ਕਾਨੂੰਨ ਅਤੇ ਪਿਛਲੇ ਸਾਲ ਦੇ ਝੋਨੇ ਅਤੇ ਕਣਕ ਸੀਜਨ ਦੀ ਐਫਸੀਆਈ ਦੀ ਰੁਕੀ ਆੜ੍ਹਤ ਸਬੰਧੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਬਾਦਲ ਨੂੰ ਮਿਲਿਆ ਜਿਸ ਬਾਰੇ ਬੀਬਾ ਬਾਦਲ ਵਲੋਂ ਮੌਕੇ ਉੱਤੇ ਹੀ ਕੇਂਦਰੀ ਅਤੇ ਸੂਬਾ ਖੁਰਾਕ ਵਿਭਾਗ ਦੇ ਅਧਿਕਾਰੀਆਂ ਨਾਲ ਕਿਸਾਨਾਂ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।
ਆੜ੍ਹਤੀਆਂ ਦੇ ਵਫ਼ਦ ਨਾਲ ਗਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਸਰਕਾਰ ਸੁੱਤੀ ਪਈ ਹੈ ਜੋ ਮਹੀਨਿਆਂ ਬੱਧੀ ਕੇਂਦਰੀ ਪੱਤਰਾਂ ਦਾ ਜਵਾਬ ਨਹੀਂ ਭੇਜਦੀ ਸਗੋਂ ਕੇਂਦਰ ਦੇ ਨਾਮ ਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਉਕਸਾ ਕੇ ਹੜਤਾਲਾਂ ਕਰਵਾਉਣਾ ਚਾਹੁੰਦੀ ਹੈ ਜਿਸ ਪਿੱਛੇ ਕੋਝੀ ਰਾਜਨੀਤਿਕ ਸੋਚ ਕੰਮ ਕਰ ਰਹੀ ਹੈ ।
ਸੂਬੇ ਅਤੇ ਕੇਂਦਰ ਦੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰਨ ਉਪਰੰਤ ਬੀਬਾ ਨੇ ਵਫ਼ਦ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਰੱਖੇ ਖਦਸ਼ਿਆਂ ਦੇ ਨਾਲ ਪ੍ਰਸਤਾਵਿਤ ਸੋਧਾਂ ਨੂੰ ਪਾਰਲੀਮੈਂਟ ਵਿੱਚ ਬਿੱਲ 'ਤੇ ਵਿਚਾਰ ਹੋਣ ਸਮੇਂ ਜ਼ਰੂਰ ਉਚੇਚੇ ਤੌਰ 'ਤੇ ਹਾਊਸ ਦੇ ਧਿਆਨ ਵਿੱਚ ਲਿਆ ਕੇ ਜ਼ਰੂਰੀ ਬਦਲਾਅ ਕਰਵਾਏ ਜਾਣਗੇ। ਉਨ੍ਹਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਖੇਤੀਬਾੜੀ ਸਿਸਟਮ ਨੂੰ ਕਿਸੇ ਕੀਮਤ ਤੇ ਨਹੀਂ ਟੁੱਟਣ ਦੇਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ. ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ 2 ਦਸੰਬਰ ਨੂੰ ਕੇਂਦਰ ਸਰਕਾਰ ਵੱਲੋਂ ਝੋਨੇ ਨੂੰ ਪੋਰਟਲ ਦੀ ਛੋਟ ਦੇ ਦਿੱਤੀ ਸੀ ਅਤੇ ਉਸ ਤੋਂ ਬਾਅਦ 24 ਫਰਵਰੀ ਨੂੰ ਜੋ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਸੂਬਿਆਂ ਨੂੰ ਕਣਕ ਖਰੀਦ ਦੇ ਖਰਚਿਆਂ ਬਾਰੇ ਪੱਤਰ ਭੇਜਿਆ ਸੀ ਉਸ ਵਿੱਚ ਰਾਜ ਦੇ ਖੇਤੀਬਾੜੀ ਕਾਨੂੰਨ ਤਹਿਤ ਬਣਦੇ ਖਰਚਿਆਂ ਨੂੰ ਮਾਨਤਾ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਖੇਤੀਬਾੜੀ ਕਾਨੂੰਨ ਦਾ ਵੇਰਵਾ ਸਮੇ ਸਿਰ ਭੇਜ ਕੇ ਇਹ ਸਾਰੇ ਖ਼ਰਚੇ ਪ੍ਰਵਾਨ ਨਹੀ ਕਰਾਏ ਜਿਸ ਕਰਕੇ ਕਨਕ ਦੀ ਆੜ੍ਹਤ ਮਜਦੁਰੀ ਰੁਕੀ ਹੈ।
ਸ. ਚੀਮਾ ਨੇ ਬੀਬਾ ਹਰਸਿਮਰਤ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਨਵੇਂ ਆਰਡੀਨੈਂਸ ਬਾਰੇ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੰਗਾਂ ਸਬੰਧੀ ਕੇਂਦਰੀ ਅਧਿਕਾਰੀਆਂ ਅਤੇ ਸੰਬੰਧਤ ਮੰਤਰੀਆਂ ਨਾਲ ਦਿੱਲੀ ਵਿਖੇ ਮੀਟਿੰਗ ਵੀ ਨਿਸ਼ਚਿਤ ਕਰਵਾਈ ਹੈ ਜਿਸ ਉਪਰੰਤ ਇਨ੍ਹਾਂ ਮੁਸ਼ਕਿਲਾਂ ਦਾ ਸੰਭਾਵੀ ਤੌਰ 'ਤੇ ਹੱਲ ਨਿਕਲ ਜਾਵੇਗਾ ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ, ਅਮਿਤ ਬਾਂਸਲ ਸ਼ਿੰਪੀ, ਕੁਲਵਿੰਦਰ ਸਿੰਘ ਪੂਨੀਆ, ਰਾਜ ਰੱਸੇ ਵੱਟ, ਵਿਨੋਦ ਕੁਮਾਰ ਕਾਂਸਲ, ਗਮਦੂਰ ਸਿੰਘ ਔਲਖ, ਮੁਨੀਸ਼ ਕੁਮਾਰ, ਵਿਜੇ ਲਹਿਰੀ, ਹਰਮੇਸ਼ ਗਰਗ, ਨਰਿੰਦਰ ਰਾਮਾ, ਦੀਪਕ ਮੌੜ ਹਾਜ਼ਰ ਸਨ।