ਨਵਾਂਸ਼ਹਿਰ 16 ਅਗਸਤ, 2020: ਆਜ਼ਾਦੀ ਦਿਹਾੜੇ ਮੌਕੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੱਦੀ ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਸਿੱਖਿਆ ਵਿਭਾਗ ਦੀ ਸੁਚੱਜੀ ਨੀਤੀ ਸਦਕਾ ਜ਼ਿਲੇ ਦੇ ਕੁਲ 634 ਸਕੂਲਾਂ ਵਿਚੋਂ ਲਗਭਗ 90 ਫੀਸਦੀ ਸਕੂਲ ਸਮਾਰਟ ਬਣ ਚੁੱਕੇ ਹਨ। ਉਨਾਂ ਕਿਹਾ ਕਿ ਇਸ ਕੰਮ ਵਿਚ ਪਿੰਡਾਂ ਦੀ ਪੰਚਾਇਤਾਂ, ਐਨ. ਆਰ. ਆਈ ਸੱਜਣਾ, ਦਾਨੀ ਸੱਜਣਾ ਅਤੇ ਸਕੂਲਾਂ ਦੇ ਸਟਾਫ ਵਲੋਂ ਅਹਿਮ ਯੋਗਦਾਨ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਸਾਰੀਆਂ ਬੁਨਿਆਦੀ ਸਹੂਲਤਾਂ ਅਤੇ ਮਿਆਰੀ ਸਿੱਖਿਆ ਮੁਹੱਈਆ ਹੋ ਰਹੀ ਹੈ। ਇਹੀ ਕਾਰਨ ਹੈ ਕਿ ਇਸ ਵਾਰ ਬੋਰਡ ਦੇ ਨਤੀਜਿਆਂ ਵਿਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨਾਂ ਕਿਹਾ ਕਿ ਹੁਣ ਸਰਕਾਰ ਵਲੋਂ ਵਿਦਿਆਰਥੀਆਂ ਨੂੰ ਸਮਾਰਟ ਫੋਨ ਦੇਣ ਨਾਲ ਉਨਾਂ ਨੂੰ ਆਨਲਾਈਨ ਪੜਾਈ ਕਰਨ ਵਿਚ ਬੇਹੱਦ ਆਸਾਨੀ ਰਹੇਗੀ। ਉਨਾਂ ਇਸ ਸਕੂਲ ਨੂੰ ਸਮਾਰਟ ਬਣਾਉਣ ਵਿਚ ਪਿੰਡ ਦੀ ਪੰਚਾਇਤ, ਪਿੰਡ ਵਾਸੀਆਂ, ਦਾਨੀ ਸੱਜਣਾਂ, ਕਮੇਟੀ ਮੈਂਬਰਾਂ, ਖੁਆਇਸ਼ ਸੇਵਾ ਸੁਸਾਇਟੀ ਅਤੇ ਸਕੂਲ ਦੇ ਸਟਾਫ ਮੈਂਬਰਾਂ ਵਲੋਂ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।
ਜ਼ਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਸੁਸ਼ੀਲ ਕੁਮਾਰ ਤੁਲੀ ਨੇ ਇਸ ਮੌਕੇ ਦੱਸਿਆ ਕਿ ਜ਼ਿਲੇ ਵਿਚ ਸਰਕਾਰੀ ਸਹਾਇਤਾ ਨਾਲ ਜ਼ਿਲੇ ਵਿਚ 97 ਸੀਨੀਅਰ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਵਿਚ 12.66 ਲੱਖ ਰੁਪਏ ਅਤੇ ਪ੍ਰਾਇਮਰੀ ਸਕੂਲਾਂ ਵਿਚ 13.19 ਲੱਖ ਰੁਪਏ ਦੀ ਲਾਗਤ ਨਾਲ ਸੀ. ਸੀ. ਟੀ. ਵੀ ਕੈਮਰੇ ਲੱਗ ਚੁੱਕੇ ਹਨ। ਇਸੇ ਤਰਾਂ 61 ਅੱਪਰ ਪ੍ਰਾਇਮਰੀ ਅਤੇ 79 ਪ੍ਰਾਇਮਰੀ ਸਕੂਲਾਂ ਵਿਚ ਪ੍ਰਾਜੈਕਟਰ ਲਗਾਏ ਗਏ ਹਨ। ਉਨਾਂ ਦੱਸਿਆ ਕਿ 53 ਸਕੂਲਾਂ ਵਿਚ ਨਵੀਆਂ ਕੰਪਿਊਟਰ ਲੈਬਾਂ ਸਥਾਪਿਤ ਕੀਤੀਆਂ ਗਈਆਂ ਹਨ। ਸਕੂਲਾਂ ਦੇ ਬੁਨਿਆਦੀ ਢਾਂਚੇ ਅਤੇ ਖੇਡ ਮੈਦਾਨਾਂ ਵਿਚ ਵੱਡਾ ਸੁਧਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਇਸੇ ਸਦਕਾ ਜ਼ਿਲੇ ਦੇ ਪ੍ਰਾਇਮਰੀ ਸਕੂਲਾਂ ਵਿਚ 26 ਫੀਸਦੀ ਅਤੇ ਸੈਕੰਡਰੀ ਸਕੂਲਾਂ ਵਿਚ 10 ਫੀਸਦੀ ਦਾਖ਼ਲੇ ਵਧੇ ਹਨ।
ਇਸ ਮੌਕੇ ਪਿੰਡ ਦੇ ਸਰਪੰਚ ਗੀਤਾ ਦੇਵੀ ਵਲੋਂ ਸਕੂਲ ਮੈਦਾਨ ਨੂੰ ਆਧੁਨਿਕ ਬਣਾਉਣ ਸਬੰਧੀ ਐਲਾਨ ਕੀਤਾ ਗਿਆ। ਸੇਵਾਮੁਕਤ ਪਿ੍ਰੰਸੀਪਲ ਅਰੁਣਾ ਪਾਠਕ ਨੇ ਸਕੂਲ ਵਿਕਾਸ ਲਈ 31 ਹਜ਼ਾਰ ਦਾ ਚੈੱਕ ਸਕੂਲ ਪਿ੍ਰੰਸੀਪਲ ਗੁਰਪ੍ਰੀਤ ਸਿੰਘ ਨੂੰ ਸੌਂਪਿਆ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਬਲਦੇਵ ਰਾਜ ਚੌਹਾਨ, ਬਲਾਕ ਸੰਮਤੀ ਮੈਂਬਰ ਬਲਦੇਵ ਰਾਜ, ਨੰਦ ਲਾਲ, ਬਲਵੰਤ ਰਾਏ ਰਾਣਾ, ਓਮ ਪ੍ਰਕਾਸ਼, ਯੂਥ ਪ੍ਰਧਾਨ ਹੀਰਾ ਖੇਪੜ, ਰਾਜ ਸਿੱਖਿਆ ਵਿਭਾਗ ਦੇ ਬੁਲਾਰੇ ਪਰਮੋਦ ਭਾਰਤੀ, ਜ਼ਿਲਾ ਸਮਾਰਟ ਸਕੂਲ ਮੈਂਟਰ ਰਜਨੀਸ਼ ਕੁਮਾਰ, ਰਾਜ ਕੁਮਾਰ ਭਾਟੀਆ, ਗੁਰਪ੍ਰੀਤ ਸਿੰਘ, ਅਮਨਦੀਪ ਕੌਰ ਤੋਂ ਇਲਾਵਾ ਸਕੂਲ ਸਟਾਫ, ਸਕੂਲ ਮੈਨੇਜਮੈਂਟ ਕਮੇਟੀ ਅਤੇ ਗ੍ਰਾਮ ਪੰਚਾਇਤ ਮੈਂਬਰ ਹਾਜ਼ਰ ਸਨ।