ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਸਿਹਤ ਸਬੰਧੀ ਫੇਸਬੁੱਕ ਪੇਜ ਦੇ ਇਨਬਾਕਸ 'ਚ ਪੁੱਛਿਆ ਜਾ ਸਕਦਾ ਸਵਾਲ
ਸਵਾਲਾਂ ਦੇ ਜਵਾਬ ਸਮੇਤ ਕੋਰੋਨਾ ਸਬੰਧੀ ਜਾਗਰੂਕਤਾ 'ਚ ਵੀ ਪੇਜ ਨਿਭਾਏਗਾ ਅਹਿਮ ਰੋਲ : ਡਾ. ਸੁਰਭੀ ਮਲਿਕ
ਫ਼ੋਨ ਨੰਬਰ 0175-2920376 ਅਤੇ 62394-32083 'ਤੇ ਵੀ ਮਰੀਜ਼ਾਂ ਦੀ ਸਿਹਤ ਸਬੰਧੀ ਲਈ ਜਾ ਸਕਦੀ ਹੈ ਜਾਣਕਾਰੀ
'ਪਟਿਆਲਾ ਰਜਿੰਦਰਾ ਹਸਪਤਾਲ ਕੋਵਿਡ ਇਨਕੁਆਰੀ ਸੈਲ' ਫੇਸਬੁੱਕ ਪੇਜ ਕੋਰੋਨਾ ਤੋਂ ਬਚਾਅ ਲਈ ਵੀ ਲੋਕਾਂ ਨੂੰ ਕਰੇਗਾ ਜਾਗਰੂਕ
ਪਟਿਆਲਾ, 16 ਅਗਸਤ 2020: ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਦਾਖਲ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸਿਹਤ ਸਬੰਧੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਅਤੇ ਉਨ੍ਹਾਂ ਨਾਲ ਰਾਬਤਾ ਰੱਖਣ ਲਈ ਹੁਣ ਕੋਵਿਡ ਕੇਅਰ ਸੈਂਟਰ ਵੱਲੋਂ ਫੇਸਬੁੱਕ ਪੇਜ ਬਣਾਇਆ ਗਿਆ ਹੈ, ਜਿਥੇ ਦਾਖਲ ਮਰੀਜ਼ਾਂ ਦੀ ਸਿਹਤ ਸਬੰਧੀ ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣਾ ਮੈਸੇਜ ਫੇਸਬੁੱਕ ਪੇਜ 'ਪਟਿਆਲਾ ਰਜਿੰਦਰਾ ਹਸਪਤਾਲ ਕੋਵਿਡ ਇਨਕੁਆਰੀ ਸੈਲ' ਦੇ ਇਨਬਾਕਸ 'ਚ ਜਾਕੇ ਪੁੱਛ ਸਕਦੇ ਹਨ ਅਤੇ ਸਟਾਫ਼ ਵੱਲੋਂ ਮਰੀਜ਼ ਦੀ ਸਿਹਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਕੋਵਿਡ ਕੇਅਰ ਇੰਚਾਰਜ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਬਾਰੇ ਆਮ ਲੋਕਾਂ ਦੇ ਸ਼ੰਕਿਆਂ ਦੇ ਹੱਲ ਅਤੇ ਕੋਰੋਨਾ ਸਬੰਧੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਹੁਣ ਸੋਸ਼ਲ ਮੀਡੀਆ ਪਲੇਟਫ਼ਾਰਮ ਰਾਹੀਂ ਵੀ ਰਾਬਤਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨਾਲ ਹੋਰ ਬਿਹਤਰ ਤਾਲਮੇਲ ਬਣਾਇਆ ਜਾ ਸਕੇ।
ਸ੍ਰੀਮਤੀ ਮਲਿਕ ਨੇ ਦੱਸਿਆ ਕਿ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਨਿਰਮਲ ਓਸੀਪਚਨ ਵੱਲੋਂ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਅਤੇ ਕੋਰੋਨਾ ਸਬੰਧੀ ਲੋਕਾਂ 'ਚ ਜਾਗਰੂਕਤਾ ਪੈਦਾ ਕਰਨ ਲਈ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਰਾਬਤਾ ਕਰਨ ਦੇ ਮਕਸਦ ਨਾਲ ਫੇਸ ਬੁੱਕ ਪੇਜ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਦੋ ਹੈਲਪਲਾਈਨ ਨੰਬਰ ਵੀ ਹਨ, ਜਿਥੇ ਪਾਜ਼ੀਟਿਵ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਮਰੀਜ਼ ਦੀ ਸਿਹਤ ਸਬੰਧੀ ਜਾਣਕਾਰੀ ਲੈ ਸਕਦੇ ਹਨ, ਉਥੇ ਹੀ ਮਰੀਜ਼ ਦੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਸਬੰਧੀ ਵੀ ਪਰਿਵਾਰਕ ਮੈਂਬਰ ਮੈਸੇਜ਼ ਰਾਹੀਂ ਸੂਚਨਾ ਦੇ ਸਕਦੇ ਹਨ, ਜਿਸ ਦਾ ਤੁਰੰਤ ਨਿਪਟਾਰਾਂ ਕੀਤਾ ਜਾਵੇਗਾ।
ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਕੋਵਿਡ ਕੇਅਰ ਸੈਲ ਵੱਲੋਂ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇਣ ਲਈ ਫ਼ੋਨ ਨੰਬਰ 0175-2920376 ਤੇ 62394-32083 ਪਹਿਲਾਂ ਹੀ ਉਪਲਬਧ ਹਨ ਅਤੇ ਹੁਣ ਫੇਸਬੁੱਕ ਪੇਜ ਵੀ ਬਣਾਇਆ ਗਿਆ ਹੈ ਤਾਂ ਜੋ ਪਾਜ਼ੀਟਿਵ ਮਰੀਜ਼ਾ ਦੇ ਰਿਸ਼ਤੇਦਾਰ ਆਪਣਾ ਸਵਾਲ ਇਸ ਪਲੇਟਫਾਰਮ ਰਾਹੀਂ ਵੀ ਪੁੱਛ ਸਕਣ।
ਉਨ੍ਹਾਂ ਦੱਸਿਆ ਕਿ ਫੇਸਬੁੱਕ ਪੇਜ ਬਣਾਉਣ ਨਾਲ ਜਿਥੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਬਿਹਤਰ ਤਾਲਮੇਲ ਹੋਵੇਗਾ ਉਥੇ ਹੀ ਪੇਜ ਰਾਹੀਂ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਸਕੇਗੀ ਜੋ ਅੱਜ ਦੇ ਡਿਜੀਟਲ ਯੁੱਗ ਵਿੱਚ ਪ੍ਰਚਾਰ ਦਾ ਇਕ ਕਾਰਗਰ ਸਾਧਨ ਹੈ। ਉਨ੍ਹਾਂ ਕੋਵਿਡ ਕੇਅਰ ਸੈਂਟਰ ਵੱਲੋਂ ਬਣਾਇਆ ਪੇਜ ''ਪਟਿਆਲਾ ਰਜਿੰਦਰਾ ਹਸਪਤਾਲ ਕੋਵਿਡ ਇਨਕੁਆਰੀ ਸੈਲ'' ਨੂੰ ਵੱਧ ਤੋਂ ਵੱਧ ਲੋਕਾਂ ਨੂੰ ਫਾਲੋ ਅਤੇ ਲਾਈਕ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਇਸ ਨਾਲ ਮਾਹਰ ਡਾਕਟਰਾਂ ਵੱਲ ਦਿੱਤੀ ਗਈ ਸਲਾਹ ਸਿੱਧੀ ਆਮ ਲੋਕਾਂ ਤੱਕ ਪਹੁੰਚ ਸਕੇਗੀ।