ਨੈਤਿਕ ਕਦਰਾਂ ਕੀਮਤਾਂ ਬਾਰੇ ਛਪੀਆਂ ਪੁਸਤਕਾਂ ਨੂੰ ਵੀ ਪਾਠਕ੍ਰਮ 'ਚ ਕੀਤਾ ਜਾਵੇਗਾ ਸ਼ਾਮਲ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਸਿੱਖਿਆ ਦੇ ਨਾਲ-ਨਾਲ ਨੈਤਿਕ ਕਦਰਾਂ ਕੀਮਤਾਂ ਦੀ ਪੜ੍ਹਾਈ ਵੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਚੇਤੰਨ ਕਰਨ ਲਈ ਢੁੱਕਵਾਂ ਅਭਿਆਸ ਕਰਵਾਇਆ ਜਾਵੇਗਾ। ਜਿਸ ਦੇ ਮੱਦੇਨਜ਼ਰ ਯੂਨੀਵਰਸਿਟੀ ਵੱਲੋਂ ਨੈਤਿਕ ਕਦਰਾਂ ਕੀਮਤਾਂ ਬਾਰੇ ਛਪੀਆਂ ਪੁਸਤਕਾਂ ਨੂੰ ਵੀ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਅੱਜ ਇਥੇ ਸਾਬਕਾ ਰਾਜ ਸਭਾ ਤੇ ਸੰਸਦ ਮੈਂਬਰ ਸ਼੍ਰੀ ਅਭਿਨਾਂਸ਼ ਰਾਇ ਖੰਨਾ ਦੀ ਪੁਸਤਕ 'ਸਮਾਜ ਚਿੰਤਨ' ਨੂੰ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਪਾਠ ਪੁਸਤਕਾਂ ਦਾ ਹਿੱਸਾ ਬਣਾਉਣ ਸਬੰਧੀ ਕੀਤੀ ਰਸਮੀ ਕਰਵਾਈ ਦੌਰਾਨ ਕੀਤਾ।
ਜ਼ਿਕਰਯੋਗ ਹੈ ਕਿ ਸ੍ਰੀ ਅਭਿਨਾਂਸ਼ ਰਾਇ ਖੰਨਾ ਵੱਲੋਂ ਆਪਣੇ ਸਮਾਜ ਸੇਵੀ ਤਜ਼ਰਬਿਆਂ ਦੇ ਆਧਾਰ 'ਤੇ 'ਸਮਾਜ ਚਿੰਤਨ' ਪੁਸਤਕ ਲਿਖੀ ਗਈ ਹੈ। ਜਿਸ ਵਿੱਚ ਸੱਚੀਆਂ ਘਟਨਾਵਾਂ 'ਤੇ ਆਧਾਰਿਤ ਵੱਖ-ਵੱਖ ਸਮਾਜਿਕ ਪਹਿਲੂਆਂ ਦੀ ਚਰਚਾ ਬਾਖੂਬੀ ਕੀਤੀ ਗਈ ਹੈ ਅਤੇ ਸਮਾਜ ਨੂੰ ਸੇਧ ਦੇਣ ਦਾ ਸੁਚੱਜਾ ਉਪਰਾਲਾ ਕੀਤਾ ਗਿਆ ਹੈ। ਇਸ ਪੁਸਤਕ ਵਿੱਚ ਕੁਝ ਪ੍ਰਰੇਨਾਦਾਇਕ ਸੱਚੀਆਂ ਕਹਾਣੀਆਂ ਅਤੇ ਉਪਰਾਲਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਇਸ ਮੌਕੇ ਸ਼੍ਰੀ ਅਭਿਨਾਂਸ਼ ਖੰਨਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਮਾਜ ਪ੍ਰਤੀ ਸੂਖਮ ਭਾਵਨਾਵਾਂ ਪ੍ਰਚੰਡ ਕਰਨ ਲਈ ਇਹ ਪੁਸਤਕ ਪ੍ਰਭਾਵਸ਼ਾਲੀ ਸਾਬਿਤ ਹੋਵੇਗੀ, ਕਿਉਂਕਿ ਇਸ ਵਿੱਚ ਹਕੀਕਤ ਅਤੇ ਸੱਚ ਬਿਆਨ ਕੀਤਾ ਗਿਆ ਹੈ।ਉਨ੍ਹਾਂ ਪੁਸਤਕ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 9 ਵਰਗਾਂ ਦੀ 52 ਭਾਗਾਂ 'ਚ 192 ਪੰਨਿਆਂ ਵਾਲੀ ਪੁਸਤਕ ਜਾਤ-ਪਾਤ, ਧਰਮ ਅਤੇ ਸੱਭਿਆਚਾਰਾਂ ਤੋਂ ਹੱਟਕੇ ਸਾਰੇ ਵਰਗਾਂ ਨੂੰ ਧਿਆਨ 'ਚ ਰੱਖਦਿਆਂ ਪ੍ਰਕਾਸ਼ਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਸਤਕ ਦੇ ਹਰ ਭਾਗ 'ਚ ਝੁੱਗੀ-ਝੌਪੜੀਆਂ ਵਾਲੇ, ਬੇਸਹਾਰਿਆਂ, ਸਰੀਰਕ ਅਤੇ ਮਾਨਸਿਕ ਰੂਪ ਤੋਂ ਅਪਾਹਜ ਬੱਚਿਆਂ, ਨੌਜਵਾਨੀ ਦੇ ਸਖ਼ਸ਼ੀਅਤ ਨਿਰਮਾਣ ਆਦਿ ਸਬੰਧੀ ਸਮੱਸਿਆਵਾਂ ਦੇ ਹੱਲ ਨੂੰ ਸੁਲਝਾਇਆ ਗਿਆ ਹੈ, ਜੋ ਸਮਾਜ 'ਚ ਨੌਜਵਾਨਾਂ ਦੇ ਚੰਗੇ ਮਾਰਗ ਦਰਸ਼ਨ ਕਰਨ 'ਚ ਅਹਿਮ ਭੂਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਕੂਲਾਂ, ਕਾਲਜਾਂ ਅਤੇ ਉਚ ਸਿੱਖਿਆ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਨੂੰ ਪੇਸ਼ੇਵਰ ਸਿੱਖਿਆ ਦੇ ਨਾਲ-ਨਾਲ ਮੌਲਿਕ ਅਧਿਕਾਰਾਂ ਅਤੇ ਨੈਤਿਕ ਕਦਰਾਂ ਬਾਰੇ ਚੇਤੰਨ ਕਰਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਸ. ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਜਿਥੇ ਢੁਕਵਾਂ ਅਤੇ ਮਿਆਰਾ ਸਿੱਖਿਆ ਮਾਡਲ ਅਪਣਾਇਆ ਹੈ ਉਥੇ ਹੀ 'ਵਰਸਿਟੀ ਵੱਲੋਂ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਧਾਰਨੀ ਬਣਾਉਣ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਵਿਦਿਅਕ ਅਦਾਰਿਆਂ ਅੰਦਰ ਵੱਖ-ਵੱਖ ਕਿਸਮ ਦੀਆਂ ਪਾਠ-ਸਹਾਇਕ ਕਿਰਿਆਵਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ, ਇਸ ਕਰਕੇ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਦੀ ਤਾਲੀਮ ਦੇਣ ਲਈ ਸਾਰੀਆਂ ਵਿਦਿਅਕ ਸੰਸਥਾਵਾਂ ਤੇ ਸਮਾਜਿਕ ਸੰਸਥਾਵਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਢੁੱਕਵੇਂ ਅਤੇ ਮਿਆਰੇ ਪਾਠਕ੍ਰਮ ਦੇ ਰੂਪ 'ਚ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਂਦੀ ਚੰਗੀ ਸਮੱਗਰੀ ਉਨ੍ਹਾਂ ਦੀਆਂ ਨੀਹਾਂ ਮਜ਼ਬੂਤ ਕਰਦੀਆਂ ਹਨ। ਇਸ ਮੌਕੇ ਸ੍ਰੀ ਅਭਿਨਾਂਸ਼ ਰਾਇ ਖੰਨਾ ਵੱਲੋਂ ਸ. ਸਤਨਾਮ ਸਿੰਘ ਸੰਧੂ ਨੂੰ ਪੁਸਤਕ 'ਸਮਾਜ ਚਿੰਤਨ' ਵਿਸ਼ੇਸ਼ ਤੌਰ 'ਤੇ ਭੇਂਟ ਕੀਤੀ ਗਈ।