ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ ਕਰਫਿਊ
ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ 'ਤੇ ਪਾਬੰਦੀ
ਪਟਿਆਲਾ, 08 ਅਗਸਤ 2020: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਰਾਤ ਦੇ ਕਰਫਿਊ ਦੇ ਸਮੇਂ ਵਿੱਚ ਤਬਦੀਲੀ ਕਰਦਿਆਂ ਸੀ.ਆਰ.ਪੀ.ਸੀ. ਦੀ ਦਫ਼ਾ 144 ਤਹਿਤ ਇਸ ਕਰਫਿਊ ਦਾ ਸਮਾਂ ਬਦਲਕੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰ ਦਿੱਤਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤਹਿਤ ਪੰਜਾਬ ਦੇ ਗ੍ਰਹਿ ਤੇ ਨਿਆਂ ਮਾਮਲੇ ਵਿਭਾਗ ਦੇ ਵਿਸ਼ੇਸ਼ ਮੁੱਖ ਸਕੱਤਰ ਵੱਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਜਾਰੀ ਕੀਤੇ ਹਨ।
ਕੋਵਿਡ-19 ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਇਸ ਕਰਫਿਊ ਦੌਰਾਨ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ 'ਤੇ ਪਾਬੰਦੀ ਹੋਵੇਗੀ। ਭਾਵੇਂ ਕਿ ਜਰੂਰੀ ਸੇਵਾਵਾਂ ਤੇ ਜਰੂਰੀ ਗਤੀਵਿਧੀਆਂ ਸਮੇਤ ਇੱਕ ਤੋਂ ਵਧੇਰੇ ਸ਼ਿਫ਼ਟਾਂ ਲਈ ਆਵਾਜਾਈ ਅਤੇ ਕੌਮੀ ਤੇ ਰਾਜ ਮਾਰਗਾਂ 'ਤੇ ਬੱਸਾਂ, ਟ੍ਰੇਨਾਂ ਅਤੇ ਹਵਾਈ ਜਹਾਜਾਂ ਰਾਹੀਂ ਆਵਾਜਾਈ ਤੇ ਜਰੂਰੀ ਵਸਤਾਂ ਦੀ ਢੋਆ-ਢੋਆਈ ਜਾਰੀ ਰਹੇਗੀ ਅਤੇ ਦੋ ਤੋਂ ਤਿੰਨ ਸਿਫ਼ਟਾਂ 'ਚ ਕੰਮ ਕਰਦੇ ਉਦਯੋਗ ਵੀ ਚਾਲੂ ਰਹਿਣਗੇ।
ਹੁਕਮਾ ਮੁਤਾਬਕ ਰਾਤ ਦੇ ਕਰਫਿਊ ਦੌਰਾਨ ਰੈਸਟੋਰੈਂਟ, ਹੋਟਲ, ਹੋਰ ਪ੍ਰਾਹੁਣਚਾਰੀ ਅਦਾਰੇ ਰਾਤ 9 ਵਜੇ ਤੱਕ ਖੁੱਲ੍ਹ ਸਕਣਗੇ। ਦੁਕਾਨਾਂ ਅਤੇ ਸ਼ਾਪਿੰਗ ਮਾਲਜ ਰਾਤ 8 ਵਜੇ ਤੱਕ ਤੇ ਸ਼ਾਪਿੰਗ ਮਾਲਜ ਦੇ ਅੰਦਰਲੇ ਰੈਸਟੋਰੈਂਟ, ਹੋਟਲ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ ਜਦੋਂਕਿ ਸ਼ਰਾਬ ਦੇ ਠੇਕੇ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ।