ਹਰਿੰਦਰ ਨਿੱਕਾ
- ਸਪਾਅ ,ਸਾਉਨਾ, ਸਟੀਮ ਬਾਥ ਅਤੇ ਸਵੀਮਿੰਗ ਪੂਲ ਰਹਿਣਗੇ ਫਿਲਹਾਲ ਬੰਦ
ਸੰਗਰੂਰ, 6 ਅਗਸਤ 2020 - ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਰਾਮਵੀਰ ਨੇ ਅਨਲਾਕ-3 ਤਹਿਤ ਜਾਰੀ ਹੋਈਆਂ ਹਦਾਇਤਾਂ ਦੀ ਲਗਾਤਾਰਤਾ ਵਿਚ ਯੋਗ ਕੇਂਦਰਾਂ ਅਤੇ ਜਿਮਨੇਜ਼ੀਅਮ ਨੂੰ ਸ਼ਰਤਾਂ ਸਹਿਤ ਖੋਲ੍ਹਣ ਦੀ ਆਗਿਆ ਦੇ ਹੁਕਮ ਦਫ਼ਾ 144 ਤਹਿਤ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਕੋਰੋਨਾ ਦੇ ਫੈਲਾਅ ਨੂੰ ਰੋਕਣ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸ਼ਰਤ ’ਤੇ ਜ਼ਿਲ੍ਹਾ ਸੰਗਰੂਰ ਦੀ ਹਦੂਦ ਅੰਦਰ ਯੋਗ ਕੇਂਦਰ ਅਤੇ ਜਿਮਨੇਜ਼ੀਅਮ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਕਨਟੇਨਮੈਂਟ ਜ਼ੋਨ ਵਿਚ ਸਾਰੇ ਯੋਗ ਕੇਂਦਰ ਅਤੇ ਜਿਮਨੇਜ਼ੀਅਮ ਬੰਦ ਰਹਿਣਗੇ। ਇਸੇ ਤਰ੍ਹਾਂ ਸਪਾ, ਸਾਉਨਾ, ਸਟੀਮ ਬਾਥ ਅਤੇ ਸਵੀਮਿੰਗ ਪੂਲ ਫਿਲਹਾਲ ਪੂਰੇ ਜ਼ਿਲ੍ਹੇ ’ਚ ਹੀ ਬੰਦ ਰਹਿਣਗੇ।
ਜਾਰੀ ਹੁਕਮਾਂ ਅਨੁਸਾਰ ਜਿਮਨੇਜੀਅਮ ਅਤੇ ਯੋਗ ਕੇਂਦਰਾਂ ਦੇ ਸਾਰੇ ਸਟਾਫ ਮੈਂਬਰਾਂ ਅਤੇ ਆਉਣ ਵਾਲਿਆਂ ਵਿਚਾਲੇ ਸਰੀਰਕ ਸੰਪਰਕ ਘੱਟ ਤੋਂ ਘੱਟ ਹੋਵੇ ਅਤੇ ਆਪਸ ਵਿਚ ਘੱਟੋ-ਘੱਟ 6 ਫੁੱਟ ਦੀ ਸਮਾਜਿਕ ਵਿੱਥ ਰੱਖੀ ਜਾਵੇ। ਲੰਬੇ ਸਮੇਂ ਤੋਂ ਬਿਮਾਰ, 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬੰਦ ਸਥਾਨਾਂ ਅਤੇ ਜਿਮ ਦੀ ਵਰਤੋਂ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਫੇਸ ਮਾਸਕ ਦੀ ਵਰਤੋਂ ਹਰ ਸਮੇਂ ਲਾਜ਼ਮੀ ਹੋਵੇਗੀ। ਜਿਥੋਂ ਤੱਕ ਸੰਭਵ ਹੋ ਸਕੇ ਯੋਗ ਅਭਿਆਸ ਦੌਰਾਨ ਜਾਂ ਜਿਮ ਵਿਚ ਕਸਰਤ ਕਰਦੇ ਹੋਏ ਵਿਜ਼ਰ (ਮੂੰਹ ਕਵਰ ਕਰਨ ਵਾਲਾ) ਦੀ ਵਰਤੋਂ ਕੀਤੀ ਜਾਵੇ।
ਜਿਮਨੇਜ਼ੀਅਮ ਅਤੇ ਯੋਗ ਸੰਸਥਾਨ ਦੇ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਹਰੇਕ ਵਿਅਕਤੀ ਲਈ 4 ਵਰਗ ਮੀਟਰ ਭਾਵ ਕਰੀਬ 40 ਵਰਗ ਫੁੱਟ ਜਗ੍ਹਾ ਹੋਵੇ। ਉਦਾਹਰਨ ਵਜੋਂ ਜੇਕਰ ਕਸਰਤ ਕਰਨ ਵਾਲੇ ਕਮਰੇ ਦਾ ਸਾਈਜ਼ 1000 ਵਰਗ ਫੁੱਟ ਹੈ ਤਾਂ ਇਕ ਸਮੇਂ ’ਤੇ ਵੱਧ ਤੋਂ ਵੱਧ 25 ਵਿਅਕਤੀਆਂ ਦੀ ਹੀ ਇਜਾਜ਼ਤ ਹੋਵੇਗੀ। ਕਸਰਤ ਦਾ ਪ੍ਰਬੰਧ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ 2 ਵਿਅਕਤੀਆਂ ਵਿਚਕਾਰ ਘੱਟੋ-ਘੱਟ 6 ਫੁੱਟ ਦੀ ਦੂਰੀ ਹੋਵੇ।
ਏਅਰ ਕੰਡੀਸ਼ਨਿੰਗ/ਵੈਂਟੀਲੇਸ਼ਨ ਲਈ ਸੈਂਟਰ ਪਬਲਿਕ ਵਰਕਸ ਵਿਭਾਗਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ, ਜਿਸਦੇ ਅਨੁਸਾਰ ਕਮਰੇ ਦਾ ਤਾਪਮਾਨ 24 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਹੋਣਾ ਚਾਹੀਦਾ ਹੈ। ਜਿਥੋਂ ਤੱਕ ਸੰਭਵ ਹੋ ਸਕੇ, ਤਾਜ਼ੀ ਹਵਾ ਦੀ ਵਰਤੋਂ ਅਤੇ ਹਵਾ ਦੀ ਕਰਾਸਿੰਗ ਹੋਣੀ ਚਾਹੀਦੀ ਹੈ। ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਖਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।