ਜਾਖੜ ਤੇ ਕੈਪਟਨ ਦੀ ਮੁੜ ਪਈ ਤੱਕੜੀ ਜੱਫੀ -ਪਾਰਟੀ ਦੇ ਅੰਦਰਲੇ ਤੇ ਬਾਹਰਲੇ ਵਿਰੋਧੀਆਂ ਦੀ ਖ਼ੈਰ ਨਹੀਂ
ਚੰਡੀਗੜ੍ਹ
ਜ਼ਹਿਰੀਲੀ ਸ਼ਰਾਬ ਨਾਲ ਪੈਦਾ ਹੋਏ ਪੰਜਾਬ ਦੇ ਦੁਖਾਂਤ ਨੇ ਪੰਜਾਬ ਦੀ ਰਾਜਨੀਤੀ 'ਚ ਵੀ ਬਹੁ-ਪੱਖੀ ਹਿਲਜੁਲ ਪੈਦਾ ਕੀਤੀ ਹੈ .ਇਸ ਮਾਮਲੇ ਤੇ ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਕਈ ਨਵੇਂ ਜੋੜ ਤੋੜ ਸਾਹਮਣੇ ਆ ਰਹੇ ਨੇ . ਜਿੱਥੇ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸੀ ਵਿਰੋਧੀ ਇਕੱਠੇ ਹੋ ਰਹੇ ਨੇ ਉੱਥੇ ਪੰਜਾਬ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਕੈਂਪ ਦਾ ਖੁੱਲ੍ਹ ਕੇ ਕੈਪਟਨ ਦੇ ਹੱਕ 'ਚ ਆਉਣਾ ਇੱਕ ਨਵਾਂ ਰੁਝਾਨ ਹੈ .
ਪਿਛਲੇ ਸਮੇਂ ਅੰਦਰ ਜਾਖੜ ਟੇਢੇ ਢੰਗਾ ਨਾਲ ਕੈਪਟਨ ਸਰਕਾਰ ਦੇ ਨੁਕਤਾਚੀਨ ਰਹੇ ਹਨ ਅਤੇ ਉਹ ਵੀ ਅਫ਼ਸਰਸ਼ਾਹੀ ਦੇ ਰਾਜ ਦਾ ਰੋਣਾ ਰੋਂਦੇ ਰਹੇ ਹਨ ਪਰ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਪ੍ਰਤਾਪ ਬਾਜਵਾ ਅਤੇ ਦੂਲੋ ਦੇ ਮਸਲੇ ਤੇ ਜਿਸ ਤਰ੍ਹਾਂ ਉਹ ਕੈਪਟਨ ਅਮਰਿੰਦਰ ਨਾਲ ਡਟ ਕੇ ਖੜ੍ਹੇ ਹਨ , ਇਸ ਨੇ ਕੈਪਟਨ ਕੈਂਪ ਲਈ ਇੱਕ ਸਿਆਸੀ ਢਾਲ ਦਾ ਰੋਲ ਅਦਾ ਕੀਤਾ ਹੈ .
ਅੱਜ ਮੁੱਖ ਮੰਤਰੀ ਨਾਲ ਜਾਖੜ ਦੀ ਝੋਈ ਮੁਲਾਕਾਤ ਵੀ ਇਸ ਨਵੀਂ ਸਫ਼ਬੰਦੀ ਦੀ ਹੀ ਇੱਕ ਅਗਲੀ ਕੜੀ ਲਗਦੀ ਹੈ .
ਇਸ ਮੀਟਿੰਗ ਤੋਂ ਬਾਅਦ ਜਾਰੀ ਬਿਆਨ 'ਚ ਤਾਂ ਸਿਰਫ਼ ਸ਼ਰਾਬ ਕਾਂਡ ਦਾ ਹੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਦੋਹਾਂ ਨੇਤਾਵਾਂ ਨੇ ਪਾਰਟੀ ਦੇ ਅੰਦਰਲੇ ਅਤੇ ਬਾਹਰਲੇ ਸ਼ਰੀਕਾਂ ਅਤੇ ਵਿਰੋਧੀਆਂ ਨਾਲ ਨਜਿੱਠਣ ਦੀ ਰਣਨੀਤੀ ਘੜੀ ਹੋਵੇਗੀ . ਇਸ ਮੀਟਿੰਗ ਤੋਂ ਤੁਰੰਤ ਬਾਅਦ ਹੀ ਸਾਰੀ ਕੈਪਟਨ ਕੈਬਿਨੇਟ ਦਾ ਉਹ ਬਿਆਨ ਵੀ ਆ ਗਿਆ ਜਿਸ ਵਿਚ ਬਾਜਵਾ ਅਤੇ ਦੂਲੋ ਨੂੰ ਪਾਰਟੀ 'ਚੋਂ ਬਾਹਰ ਕੱਢਣ ਦੀ ਮੰਗ ਕੀਤੀ ਗਈ ਹੈ .
ਸੀ ਐਮ ਅਤੇ ਜਾਖੜ ਦੀ ਮਿਲਣੀ ਬਾਰੇ ਪਾਰਟੀ ਦਾ ਜਾਰੀ ਬਿਆਨ ਇਸ ਤਰ੍ਹਾਂ ਹੈ :
ਸ਼ਰਾਬ ਕਾਂਡ ਦੇ ਦੋਸ਼ੀਆਂ ਦੇ ਨਾਲ ਨਾਲ ਸਾਜਿਸਕਰਤਾਵਾਂ ਤੇ ਵੀ ਕਤਲ ਦਾ ਪਰਚਾ ਦਰਜ ਹੋਵੇ ਸੁਨੀਲ ਜਾਖੜ
ਡਿਊਟੀ ਵਿਚ ਅਣਗਹਿਲੀ ਵਰਤਣ ਵਾਲਿਆਂ ਲਈ ਮੁੱਅਤਲੀ/ਬਦਲੀ ਕਾਫੀ ਨਹੀਂ, ਹੋਵੇ ਸਖ਼ਤ ਕਾਰਵਾਈ
ਸੂਬਾ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ , 06 ਅਗਸਤ 2020: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਕਿਹਾ ਕਿ ਸ਼ਰਾਬ ਕਾਂਡ ਦੇ ਦੋਸ਼ੀਆਂ ਦੇ ਨਾਲ ਨਾਲ ਇਸ ਮਨੁੱਖਤਾ ਵਿਰੋਧੀ ਕਾਰੇ ਵਿਚ ਸ਼ਾਮਿਲ ਸਾਜਿਸਕਰਤਾਵਾਂ, ਫਾਇਨੈਂਸਰਾਂ, ਸਰਪ੍ਰਸਤਾਂ ਅਤੇ ਆਪਣੀ ਡਿਊਟੀ ਵਿਚ ਅਣਗਹਿਲੀ ਕਰਨ ਵਾਲੇ ਸਾਰੇ ਲੋਕਾਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਮਿਸਾਲੀ ਸਜਾਵਾਂ ਦਿੱਤੀਆਂ ਜਾਣ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਇਹੀ ਰਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਨਾਲ ਸੂਬੇ ਵਿਚ ਪਿੱਛਲੇ 10 ਸਾਲ ਤੋਂ ਚੱਲ ਰਿਹਾ ਜੰਗਲ ਰਾਜ ਖਤਮ ਹੋਕੇ ਕਾਨੂੰਨ ਦਾ ਰਾਜ ਸਥਾਪਿਤ ਹੋਇਆ ਸੀ। ਪਰ ਸ਼ਰਾਬ ਕਾਂਡ ਕਾਰਨ ਸਰਕਾਰ ਦੀ ਛਵੀ ਨੂੰ ਵੀ ਵੱਟਾ ਲੱਗਿਆ ਹੈ। ਪਰ ਜਿਸ ਤਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ ਇਸ ਕਾਰਨ ਹੋਈਆਂ ਮੌਤਾਂ ਨੂੰ ਕਤਲ ਮੰਨਿਆ ਜਾਵੇਗਾ ਅਤੇ ਸਖ਼ਤ ਧਾਰਾਵਾਂ ਤਹਿਤ ਕਾਰਵਾਈ ਹੋਵੇਗੀ ਇਸ ਨਾਲ ਲੋਕਾਂ ਦੇ ਮਨਾਂ ਵਿਚ ਸਰਕਾਰ ਪ੍ਰਤੀ ਵਿਸਵਾਸ਼ ਹੋਰ ਪੱਕਾ ਹੋਇਆ ਹੈ ਅਤੇ ਲੋਕ ਮਨਾਂ ਨੂੰ ਸਰਕਾਰ ਦੇ ਇਸ ਨਿਰਣੇ ਨਾਲ ਤਸੱਲੀ ਹੋਈ ਹੈ। ਉਨਾਂ ਨੇ ਕਿਹਾ ਕਿ ਲੋਕਾਂ ਦੇ ਇਸ ਵਿਸਵਾਸ਼ ਨੂੰ ਚਿਰਸਥਾਈ ਬਣਾਈ ਰੱਖਣ ਲਈ ਲਾਜਮੀ ਹੈ ਕਿ ਇਸ ਕੇਸ ਵਿਚ ਜਾਂਚ ਦਾ ਕੰਮ ਤੇਜੀ ਨਾਲ ਹੋਵੇ ਅਤੇ ਦੋਸ਼ੀਆਂ ਦੇ ਨਾਲ ਨਾਲ ਇਸ ਸਾਜਿਸ ਵਿਚ ਸ਼ਾਮਿਲ ਲੋਕਾਂ, ਫਾਇਨੈਂਸਰਾਂ, ਸਰਪ੍ਰਸਤਾਂ ਨੂੰ ਵੀ ਬੇਨਕਾਬ ਕੀਤਾ ਜਾਵੇ ਅਤੇ ਉਨਾਂ ਖਿਲਾਫ ਵੀ ਕਤਲ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਖਿਆ ਹੈ ਕਿ ਇਸ ਕਾਂਡ ਦੀ ਸਰਪ੍ਰਸਤੀ ਵਿਚ ਜੋ ਕੋਈ ਵੀ ਸ਼ਾਮਿਲ ਹੋਵੇਗਾ ਚਾਹੇ ਉਹ ਕੋਈ ਸਿਆਸਤਦਨ ਹੋਵੇ ਜਾਂ ਅਧਿਕਾਰੀ ਉਸ ਖਿਲਾਫ ਸਖ਼ਤ ਕਾਰਵਾਈ ਹੋਵੇਗੀ। ਸ੍ਰੀ ਜਾਖੜ ਨੇ ਕਿਹਾ ਕਿ ਇਸ ਤਰਾਂ ਦੇ ਧੰਦਿਆਂ ਦੀਆਂ ਜੜਾਂ 10 15 ਸਾਲ ਡੁੰਘੀਆਂ ਹਨ ਅਤੇ ਇਸ ਵਿਚ ਸ਼ਾਮਿਲ ਲੋਕਾਂ ਨੂੰ ਬੇਨਕਾਬ ਕਰਨਾ ਬਹੁਤ ਜਰੂਰੀ ਹੈ।
ਸ੍ਰੀ ਜਾਖੜ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਇਸ ਮੰਦਭਾਗੀ ਘਟਨਾ ਵਾਪਰਨ ਪਿੱਛੇ ਸਬੰਧਤ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਵੀ ਜਿੰਮੇਵਾਰ ਹੈ। ਉਨਾਂ ਨੇ ਕਿਹਾ ਕਿ ਇਸ ਤਰਾਂ ਦੀ ਘਟਨਾ ਦੇ ਦੋਸ਼ੀਆਂ ਦੀ ਜੇਕਰ ਕੋਈ ਅਧਿਕਾਰੀ ਸਰਪ੍ਰਸਤੀ ਕਰ ਰਿਹਾ ਸੀ ਜਾਂ ਕਿਸੇ ਅਧਿਕਾਰੀ ਨੇ ਅਜਿਹਾ ਗਲਤ ਵਰਤਾਰਾ ਰੋਕਣ ਲਈ ਕੋਈ ਕਾਰਵਾਈ ਨਾ ਕਰਕੇ ਆਪਣੇ ਫਰਜਾਂ ਦੀ ਪੂਰਤੀ ਨਹੀਂ ਕੀਤੀ ਤਾਂ ਅਜਿਹੇ ਦੋਨੋਂ ਪ੍ਰਕਾਰ ਦੇ ਲੋਕ ਹੀ ਦੋਸ਼ੀ ਹਨ ਅਤੇ ਇੰਨਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਨਾਂ ਨੇ ਕਿਹਾ ਕਿ ਅਜਿਹੇ ਅਧਿਕਾਰੀਆਂ ਖਿਲਾਫ ਬਦਲੀ ਅਤੇ ਮੁਅੱਤਲੀ ਹੀ ਕਾਫੀ ਨਹੀਂ ਹੈ ਸਗੋਂ ਇੰਨਾਂ ਖਿਲਾਫ ਅਪਰਾਧਕ ਮਾਮਲੇ ਦਰਜ ਕਰਕੇ ਇੰਨਾਂ ਨੂੰ ਵੀ ਮਿਸਾਲੀ ਸਜਾ ਦਿੱਤੀ ਜਾਵੇ ਤਾਂ ਜੋ ਮੁੜ ਕੋਈ ਆਪਣੇ ਫਰਜਾਂ ਪ੍ਰਤੀ ਅਣਗਹਿਲੀ ਨਾ ਵਰਤੇ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਇਸ ਅਪਰਾਧ ਵਿਚ ਸ਼ਾਮਿਲ ਲੋਕਾਂ ਨੂੰ ਸਜਾ ਦੇਣ ਲਈ ਪੂਰੀ ਤਰਾਂ ਨਾਲ ਦਿ੍ਰੜ ਹੈ ਅਤੇ ਮੁੱਖ ਮੰਤਰੀ ਪੀੜਤਾਂ ਨੂੰ ਫੌਰੀ ਨਿਆਂ ਦਿੱਤਾ ਜਾਣਾ ਯਕੀਨੀ ਬਣਾਉਣ ਦੇ ਨਾਲ ਨਾਲ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣਗੇ।