ਵਰਚੂਸਾ ਦੇ ਸਹਿਯੋਗ ਨਾਲ ਅਕਾਦਮਿਕ ਸੈਸ਼ਨ 2020 ਤੋਂ ਦੋ ਸਾਲਾਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਕਲਾਊਡ ਕੰਪਿਊਟਿੰਗ) ਮਾਸਟਰ ਪ੍ਰੋਗਰਾਮ ਦੀ ਕੀਤੀ ਜਾ ਰਹੀ ਹੈ ਪੇਸ਼ਕਸ਼
ਕਿੱਤਾਮੁਖੀ ਸਿੱਖਿਆ ਦੇ ਖੇਤਰ 'ਚ ਵਾਪਰ ਰਹੀਆਂ ਤਬਦੀਲੀਆਂ ਦੇ ਮੱਦਨਜ਼ਰ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਨਾਲ ਜੋੜੀ ਰੱਖਣ ਲਈ ਉਦਯੋਗਿਕ ਅਤੇ ਅਕਾਦਮਿਕ ਭਾਈਵਾਲੀ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਮਰੀਕਾ ਦੀ ਨਾਮਵਰ ਆਈਟੀ ਕੰਪਨੀ ਵਰਚੂਸਾ ਨਾਲ ਗਠਜੋੜ ਸਥਾਪਿਤ ਕੀਤਾ ਗਿਆ ਹੈ। ਜਿਸ ਦੇ ਅੰਤਰਗਤ ਵਰਚੂਸਾ ਦੇ ਸਹਿਯੋਗ ਨਾਲ ਜਿਥੇ ਅਕਾਦਮਿਕ ਸੈਸ਼ਨ 2020 ਲਈ ਵਿਦਿਆਰਥੀਆਂ ਨੂੰ ਦੋ ਸਾਲਾਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ (ਕਲਾਊਡ ਕੰਪਿਊਟਿੰਗ) ਦੇ ਮਾਸਟਰਜ਼ ਪ੍ਰੋਗਰਾਮ ਦੀ ਪੇਸ਼ਕਸ਼ ਕੀਤੀ ਜਾਵੇਗੀ ਉਥੇ ਹੀ ਆਈ.ਟੀ ਖੇਤਰ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੌਜੂਦਾ ਜ਼ਰੂਰਤਾਂ ਲਈ ਢੁੱਕਵਾਂ ਪਾਠਕ੍ਰਮ ਮੁਹੱਈਆ ਕਰਵਾਇਆ ਜਾਵੇਗਾ, ਜੋ ਵਰਚੂਸਾ ਵੱਲੋਂ ਤਿਆਰ ਕੀਤਾ ਗਿਆ ਹੈ।ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਗਠਜੋੜ ਦਾ ਉਦੇਸ਼ ਵਿਦਿਆਰਥੀਆਂ ਨੂੰ ਇਨੋਵੇਸ਼ਨ, ਤਕਨਾਲੋਜੀ, ਹੁਨਰ ਆਧਾਰਿਤ ਸਿੱਖਿਆ ਅਤੇ ਖੋਜ ਕਾਰਜਾਂ ਵੱਲ ਉਤਸ਼ਾਹਿਤ ਕਰਕੇ ਉਨ੍ਹਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਸਮਝੌਤੇ ਸਬੰਧੀ ਪੱਤਰ 'ਤੇ ਦਸਤਖ਼ਤ ਵਰਚੂਸਾ ਦੇ ਸੀਨੀਅਰ ਅਧਿਕਾਰੀ ਸ੍ਰੀ ਵਾਸੂ ਪੰਡਿਆਲ ਵੱਲੋਂ ਕੀਤੇ ਗਏ।
ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਵਰਚੂਸਾ ਵਿਸ਼ਵ ਪੱਧਰ 'ਤੇ ਚੰਗਾ ਰੁਤਬਾ ਰੱਖਣ ਵਾਲੀ ਚੋਟੀ ਦੀ ਆਈਟੀ ਕੰਪਨੀ ਹੈ, ਜੋ ਡਿਜੀਟਲ ਰਣਨੀਤੀ, ਡਿਜੀਟਲ ਇੰਜੀਨੀਅਰਿੰਗ, ਕਾਰੋਬਾਰ ਲਾਗੂ ਕਰਨ ਅਤੇ ਆਈਟੀ ਪਲੇਟਫ਼ਾਰਮ ਦੀਆਂ ਆਧੁਨਿਕੀਕਰਨ ਸੇਵਾਵਾਂ ਦੇ ਸੁਮੇਲ ਦੀ ਵਰਤੋਂ ਕਰਦਿਆਂ ਗਾਹਕਾਂ ਨੂੰ ਸਫ਼ਲ ਐਂਡ ਟੂ ਐਂਡ ਡਿਜੀਟਲ ਕਾਰੋਬਾਰ ਤਬਦੀਲੀ ਦੀਆਂ ਪਹਿਲਕਦਮੀਆਂ ਨੂੰ ਪੂਰਾ ਕਰਨ 'ਚ ਸਹਾਇਤਾ ਕਰਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਅਤੇ ਵਰਚੁਸਾ ਦਰਮਿਆਨ ਹੋਏ ਗਠਜੋੜ ਸਬੰਧੀ ਗੱਲਬਾਤ ਕਰਦਿਆਂ ਡਾ. ਬਾਵਾ ਨੇ ਦੱਸਿਆ ਸਮਝੌਤੇ ਤਹਿਤ ਵਿਦਿਆਰਥੀਆਂ ਨੂੰ ਨਾ ਕੇਵਲ ਉਦਯੋਗ ਨਾਲ ਵਧੇਰੇ ਜੁੜੇ ਰਹਿਣ ਦਾ ਮੌਕਾ ਮਿਲੇਗਾ ਬਲਕਿ ਸੰਕਲਪਿਕ ਸਮਝ ਅਤੇ ਤਜ਼ਰਬੇ ਦੀ ਸਿਖਲਾਈ ਨੂੰ ਉਦਯੋਗ ਦੇ ਅਭਿਆਸਾਂ ਨਾਲ ਜੁੜਨ ਦੀ ਯੋਗਤਾ ਪ੍ਰਾਪਤ ਹੋਵੇਗੀ।ਉਨ੍ਹਾਂ ਕਿਹਾ ਕਿ ਸਮਝੌਤੇ ਅਧੀਨ ਖੇਤਰ ਦੇ ਵਿਦਿਆਰਥੀਆਂ ਨੂੰ ਡਿਗਰੀ ਦੇ ਨਾਲ-ਨਾਲ ਜਿੱਥੇ ਭਵਿੱਖ ਮੁਖੀ ਤਕਨੀਕੀ ਅਤੇ ਤਜ਼ਰਬੇ ਆਧਾਰਿਤ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ ਉਥੇ ਵਿਦਿਆਰਥੀਆਂ ਨੂੰ ਉਦਯੋਗ ਦੀਆਂ ਮੰਗਾਂ ਅਨੁਸਾਰ ਤਿਆਰ ਕਰਨ ਵੱਲ ਤਰਜੀਹ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਭਾਈਵਾਲੀ ਤਹਿਤ ਵਿਸ਼ੇਸ਼ ਪ੍ਰਾਜੈਕਟ ਵੀ ਵਰਚੂਸਾ ਵੱਲੋਂ ਮੁਹੱਈਆ ਕਰਵਾਏ ਜਾਣਗੇ।ਡਾ. ਬਾਵਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪ੍ਰੀ ਪਲੇਸਮਂੈਟ ਸਿਖਲਾਈ ਮੁਹੱਈਆ ਕਰਵਾਕੇ ਭਰਤੀ ਪ੍ਰੀਕਿਰਿਆ ਦੌਰਾਨ ਪਲੇਸਮੈਂਟ ਲਈ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।
ਡਾ. ਬਾਵਾ ਨੇ ਕਿਹਾ ਕਿ ਸਪੈਸ਼ਲਾਈਜ਼ਡ ਪ੍ਰੋਗਰਾਮਾਂ 'ਚ ਕਿੱਤਾਮੁਖੀ ਤੇ ਤਕਨੀਕੀ ਸਿੱਖਿਆ ਹਾਸਲ ਕਰਨਾ ਸਮੇਂ ਦੀ ਲੋੜ ਬਣ ਗਿਆ ਹੈ।ਜਿਸ ਤਹਿਤ ਵਰਚੂਸਾ ਦੇ ਪ੍ਰੋਫ਼ੈਸ਼ਨਲਾਂ ਦੇ ਵਿਸ਼ੇਸ਼ ਲੈਕਚਰ ਪਾਠਕ੍ਰਮ ਦਾ ਹਿੱਸਾ ਹੋਣਗੇ ਜਦਕਿ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਪ੍ਰੈਕਟੀਕਲ ਸਿਖਲਾਈ ਵੱਲ ਉਤਸ਼ਾਹਿਤ ਕਰਨ ਲਈ ਢੁਕਵੇਂ ਬੁਨਿਆਦੀ ਢਾਂਚੇ ਵਾਲੀ ਲੈਬ ਦੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਵਰਚੂਸਾ ਦੇ ਪ੍ਰੋਫੈਸ਼ਨਲਾਂ ਦੀ ਨਿਗਰਾਨੀ ਹੇਠ ਲੋੜੀਂਦਾ ਸਾਜੋ ਸਮਾਨ, ਸਾਫ਼ਟਵੇਅਰ ਅਤੇ ਕਲਾਊਡ ਲਾਈਬ੍ਰੇਰੀ ਲਈ ਰਾਹਦਾਰੀ ਵੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਵਿਸੇਸ਼ ਗਤੀਵਿਧੀਆਂ ਇਸ ਸਮਝੌਤੇ ਦਾ ਹਿੱਸਾ ਹਨ, ਜਿਸ ਦੌਰਾਨ ਵਿਸ਼ੇਸ਼ ਵੈਬਿਨਾਰ, ਵਿਚਾਰ ਗੋਸ਼ਟੀਆਂ, ਇੰਡਸਟਰੀ ਪ੍ਰੋਫੈਸ਼ਨਲਾਂ ਦੀ ਪ੍ਰਧਾਨਗੀ 'ਚ ਵਿਸ਼ੇਸ਼ ਲੈਕਚਰਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਤਜ਼ਰਬੇ ਆਧਾਰਿਤ ਸਿੱਖਿਆ ਨਾਲ ਜੋੜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਰਚੂਸਾ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸਾਲ 2018 ਦੌਰਾਨ ਦੇਸ਼ ਦੇ ਪਹਿਲੇ ਸੈਂਟਰ ਫਾਰ ਐਕਸੀਲੈਂਸ ਦੀ ਸਥਾਪਨਾ ਕੀਤੀ ਜਾ ਚੁੱਕੀ ਹੈ, ਜਿਸ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਤਕਨੀਕੀ ਅਤੇ ਹੁਨਰ ਆਧਾਰਿਤ ਸਿੱਖਿਆ ਵੱਲ ਜੋੜਿਆ ਜਾ ਰਿਹਾ ਹੈ।
ਡਾ. ਬਾਵਾ ਨੇ ਦੱਸਿਆ ਕਿ ਸਮਝੌਤੇ ਅਧੀਨ ਤੀਜੇ ਅਤੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਨੂੰ ਜਿਥੇ ਛੇ ਮਹੀਨੇ ਦੀ ਐਡਵਾਂਸ ਰਿਸਰਚ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਉਥੇ ਹੀ ਕੰਪਨੀ ਵਿਖੇ ਛੇ ਮਹੀਨੇ ਦੀ ਇਟਰਨਸ਼ਿਪ ਦੀ ਪੇਸ਼ਕਸ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ 'ਵਰਸਿਟੀ ਫੈਕਲਟੀ ਨੂੰ ਵੀ 'ਟ੍ਰੇਨਿੰਗ ਸਰਟੀਫ਼ਿਕੇਸ਼ਨ ਪ੍ਰੋਗਰਾਮ' ਜ਼ਰੀਏ ਇੰਡਸਟਰੀ ਦੀਆਂ ਉਭਰਦੀਆਂ ਤਕਨੀਕਾਂ ਬਾਬਤ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ, ਜਿਸ ਲਈ ਕੰਪਨੀ ਵੱਲੋਂ 'ਵਰਸਿਟੀ ਦੇ ਯੋਗ ਫੈਕਲਟੀ ਮੈਂਬਰਾਂ ਨੂੰ ਸਿਖਲਾਈ ਲਈ ਨਾਮਜ਼ਦ ਕੀਤਾ ਜਾਵੇਗਾ।
ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇੰਜੀਨੀਅਰਿੰਗ ਦੇ ਖੇਤਰ 'ਚ ਕਲਾਊਡ ਕੰਪਿਊਟਿੰਗ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਿਹਾ ਵਿਸ਼ਾ ਹੈ ਅਤੇ ਆਂਕੜਿਆਂ ਅਨੁਸਾਰ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਸਾਲ 2025 ਤੱਕ ਖੇਤਰ 'ਚ 10 ਲੱਖ ਤੋਂ ਜ਼ਿਆਦਾ ਅਸਾਮੀਆਂ ਦੀ ਮੰਗ ਹੋਣ ਦੇ ਆਸਾਰ ਹਨ।ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉਭਰਦੇ ਖੇਤਰਾਂ ਸਬੰਧੀ ਉਦਯੋਗਿਕ ਭਾਈਵਾਲੀ ਨੂੰ ਤਰਜੀਹ ਦੇ ਕੇ ਅਜਿਹੇ ਪ੍ਰੋਗਰਾਮ ਚਲਾਉਣ ਦਾ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਅਤਿ-ਆਧੁਨਿਕ ਤਕਨੀਕੀ ਸਿੱਖਿਆ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਇੰਡਸਟਰੀ ਗਠਜੋੜ ਸਥਾਪਿਤ ਕਰਨ ਵਾਸਤੇ ਕੀਤੇ ਗਏ ਉਪਰਾਲਿਆਂ ਨੂੰ ਭਰਪੂਰ ਸਮਰਥਨ ਮਿਲਿਆ ਹੈ।ਜਿਸ ਦੇ ਅੰਤਰਗਤ 'ਵਰਸਿਟੀ ਵੱਲੋਂ ਵਿਸ਼ਵ ਵਿਆਪੀ ਪੱਧਰ 'ਤੇ ਚੋਟੀ ਦੇ ਅਦਾਰਿਆਂ ਨਾਲ ਗਠਜੋੜ ਸਥਾਪਿਤ ਕੀਤੇ ਹਨ।ਉਨ੍ਹਾਂ ਕਿਹਾ ਕਿ ਸੰਸਥਾ ਵਿਦਿਆਰਥੀਆਂ ਲਈ ਰੋਜ਼ਗਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਇੰਡਸਟਰੀ ਦੀਆਂ ਮੌਜੂਦਾ ਲੋੜਾਂ ਮੁਤਾਬਕ ਵਿਦਿਆਰਥੀਆਂ ਨੂੰ ਤਿਆਰ ਕਰਨ 'ਤੇ ਜ਼ੋਰ ਦੇ ਰਹੀ ਹੈ।