ਹਰੀਸ਼ ਕਾਲੜਾ
ਰੂਪਨਗਰ, 05 ਅਗਸਤ 2020: ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਹਾੜੇ ਮੌਕੇ ਭਾਰਤ ਸਰਕਾਰ ਵਲੋਂ ਵਕਾਰੀ ਭਾਰਤੀ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਦੇ ਨਾਲ ਸੰਯੁਕਤ ਰੂਪ ਚ 150 ਵਕਾਰੀ ਵਿਦੇਸ਼ੀ ਯੂਨੀਵਰਸਿਟੀਆਂ ਵਿਚ 150 ਲੈਕਚਰ ਅਤੇ ਵਿਚਾਰ ਸੈਮੀਨਾਰ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਵਿਸ਼ੇਸ਼ ਆਯੋਜਨ ਦਾ ਮੁੱਖ ਉਦੇਸ਼ ਗਾਂਧੀਵਾਦੀ ਵਿਚਾਰਾਂ ਅਤੇ ਦਰਸ਼ਨਾਂ ਨੂੰ ਬੌਧਿਕ ਹਲਕਿਆਂ ਵਿਚ ਵਿਆਪਕ ਰੂਪ ਨਾਲ ਪ੍ਰਸਾਰਿਤ ਕਰਨਾ ਹੈ।
ਇਸ ਨੂੰ ਧਿਆਨ ਵਿਚ ਰੱਖਦੇ ਹੋਏ ਆਈ. ਆਈ. ਟੀ ਰੋਪੜ ਨੇ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਤੇ ਆਨਲਾਈਨ ਲੈਕਚਰ ਆਯੋਜਿਤ ਕਰਨ ਦੇ ਲਈ ਆਪਣੇ ਸਹਿਯੋਗੀ ਯੂਨੀਵਰਸਿਟੀ ਸਟੇਟ ਯੂਨੀਵਰਸਿਟੀ ਆਫ਼ ਨਿਊਯਾਰਕ , ਬਿੰਗਹੈਮਟਨ (ਸਨੀ) ਦੇ ਨਾਲ ਹੱਥ ਮਿਲਾਇਆ ਹੈ। ਇਹ ਲੈਕਚਰ 11 ਅਗਸਤ 2020 ਨੂੰ ਸ਼ਾਮ 5 ਵਜੇ ਭਾਰਤੀ ਮਾਨਕ ਸਮੇਂ (7:30 ਵਜੇ ਪੂਰਵੀ ਮਾਨਕ ਸਮੇਂ) ਤੇ ਕਰਨ ਦੀ ਯੋਜਨਾ ਹੈ। ਇਸ ਲੈਕਚਰ ਵਿਚ ਸਮਕਾਲੀਨ ਸਮੇਂ ਵਿਚ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੀ ਸਾਰਥਕਤਾ ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉੱਥੇ ਹੀ ਇਸ ਲੈਕਚਰ ਵਿਚ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਵਿਚਾਰਾਂ ਅਤੇ ਸਤਿਆਗ੍ਰਹਿ ਤੇ ਅਹਿੰਸਾ ਬਾਬਤ ਉਨ੍ਹਾਂ ਦੀ ਸਿੱਖਿਆ ਤੇ ਵੀ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਇਸ ਆਨਲਾਈਨ ਲੈਕਚਰ ਦਾ ਉਦੇਸ਼ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਸਿੱਖਿਆਵਾਂ ਤੇ ਆਧਾਰਿਤ ਵੱਖਵੱਖ ਪਹਿਲੂਆਂ ਨੂੰ ਲੈ ਕੇ ਦੁਨੀਆ ਭਰ ਦੇ ਯੁਵਾ ਦਿਮਾਗਾਂ ਨੂੰ ਸੰਵੇਦਨਸ਼ੀਲ ਕਰਨਾ ਹੈ। ਇਸ ਲੈਕਚਰ ਦੀ ਸ਼ੁਰੂਆਤ ਆਈ. ਆਈ. ਟੀ ਰੋਪੜ ਦੇ ਨਿਰਦੇਸ਼ਕ ਪ੍ਰੋ. ਸਰਿਤ ਕੁਮਾਰ ਦਾਸ ਵਲੋਂ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਨੀ ਬਿੰਗਹੈਮਟਨ ਦੇ ਮੁਖੀ ਪ੍ਰੋ. ਹਾਰਵੇ ਜੀ ਸਟੇਂਗਰ ਵਲੋਂ ਵਿਸ਼ੇਸ਼ ਚਰਚਾ ਕੀਤੀ ਜਾਵੇਗੀ। ਇਸ ਮਗਰੋਂ ਆਈ. ਆਈ. ਟੀ ਰੋਪੜ ਸਥਿਤ ਐਚ ਐਸ ਐਸ ਵਿਭਾਗ ਦੇ ਪ੍ਰੋ. ਬਿਜਾਯ ਬਰੂਆ ਵਰਤਮਾਨ ਸਮੇਂ ਵਿਚ ਮਹਾਤਮਾ ਗਾਂਧੀ ਦੀ ਸਿੱਖਿਆਵਾਂ ਦੀ ਸਾਰਥਿਕਤਾ ਦੇ ਸੰਦਰਭ ਚ ਵਿਚਾਰ ਸਾਂਝੇ ਕਰਨਗੇ। ਸਨੀ ਦੇ ਪ੍ਰਮੁੱਖ ਡੋਨਾਲਡ ਜੀ ਨਿਮੈਨ ਮਾਰਟਿਨ ਲੂਥਰ ਕਿੰਗ ਜੂਨੀਅਰ ਅਤੇ ਮਹਾਤਮਾ ਗਾਂਧੀ ਦੇ ਸਾਂਝੇ ਦ੍ਰਿਸ਼ਟੀਕੋਣ ਤੇ ਵਿਚਾਰ ਸਾਂਝੇ ਕਰਨਗੇ। ਅੰਤ ਵਿਚ, ਸਨੀ ਦੇ ਅੰਤਰਰਾਸ਼ਟਰੀ ਸਿੱਖਿਆ ਅਤੇ ਵੈਸ਼ਵਿਕ ਮਾਮਲਿਆਂ ਦੇ ਲਈ ਕਾਰਜਕਾਰੀ ਉੱਪ ਪ੍ਰਮੁੱਖ ਪ੍ਰੋ. ਕੇ ਸ੍ਰੀਹਰਿ ਆਪਣੇ ਸਮਾਪਨ ਵਿਚਾਰ ਪੇਸ਼ ਕਰਨਗੇ। ਗਾਂਧੀ ਜੀ ਦੀ ਸਿੱਖਿਆਵਾਂ ਦੇ ਰਾਹੀਂ ਨੌਜਵਾਨਾਂ ਦੀ ਵੈਸ਼ਵਿਕ ਪਹੁੰਚ ਕਿਵੇਂ ਹੋ ਸਕਦੀ ਹੈ, ਇਸ ਤੇ ਵਿਆਪਕ ਚਰਚਾ ਹੋਵੇਗੀ।