ਅਸ਼ੋਕ ਵਰਮਾ
ਬਠਿੰਡਾ 03 ਅਗਸਤ 2020: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਤੀਸਰੀ ਕਵਿਤਾ ਉਚਾਰਨ ਪ੍ਰਤੀਯੋਗਤਾ ਅੱਜ ਤੋਂ ਆਰੰਭ ਹੋ ਗਈ ਹੈ। ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨ੍ਹਾਂ ਮੁਕਾਬਲਿਆਂ ਦੀਆਂ ਪਹਿਲੀਆਂ ਦੋ ਪ੍ਰਤੀਯੋਗਤਾਵਾਂ ਸ਼ਬਦ ਤੇ ਗੀਤ ਗਾਇਨ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 53 ਹਜ਼ਾਰ ਤੋਂ ਵਧੇਰੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਗਾਇਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।
ਜ਼ਿਲ੍ਹਾ ਸਿੱਖਿਆ ਅਫਸਰ (ਸੈ.) ਸੁਖਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ.) ਹਰਦੀਪ ਸਿੰਘ ਤੱਗੜ ਨੇ ਦੱਸਿਆ ਕਿ ਰਾਜ ਸਿੱਖਿਆ, ਸਿਖਲਾਈ ਤੇ ਖੋਜ ਪ੍ਰੀਸ਼ਦ ਵੱਲੋਂ ਨਿਰਦੇਸ਼ਕ ਜਗਤਾਰ ਸਿੰਘ ਕੂਲੜੀਆਂ ਦੀ ਨਿਰਦੇਸ਼ਨਾ ‘ਚ ਕਰਵਾਏ ਜਾ ਰਹੇ ਇੰਨ੍ਹਾਂ ਸਕੂਲ ਪੱਧਰ ਦੇ ਕਵਿਤਾ ਉਚਾਰਨ ਮੁਕਾਬਲਿਆਂ ‘ਚ ਹਿੱਸਾ ਲੈਣ ਵਾਲੇ ਪ੍ਰਤੀਯੋਗੀ 3 ਤੋਂ 7 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ‘ਤੇ ਅਪਲੋਡ (ਪਬਲਿਕ ਲਈ) ਕਰ ਸਕਦੇ ਹਨ। ਸਾਰੇ ਵਰਗਾਂ ਦੇ ਪ੍ਰਤੀਯੋਗੀ 3 ਤੋਂ 5 ਮਿੰਟ ‘ਚ ਕਵਿਤਾ ਉਚਾਰਨ ਕਰਕੇ, ਆਪਣੀ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਕਵਿਤਾ ਪੂਰੀ ਤਰ੍ਹਾਂ ਗੁਰ ਮਰਿਆਦਾ ਤੇ ਨਿਯਮਾਂ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ, ਜੀਵਨ, ਸਿਧਾਂਤਾਂ, ਉਦੇਸ਼ਾਂ, ਉਸਤਤ ਤੇ ਕੁਰਬਾਨੀ ‘ਤੇ ਅਧਾਰਤ ਪੇਸ਼ ਕੀਤੇ ਜਾਣਗੇ। ਸਾਜ਼ ਵਜ਼ਾਉਣ ਅਤੇ ਪੜ੍ਹਕੇ ਕਵਿਤਾ ਉਚਾਰਨ ਦੀ ਪੂਰਨ ਮਨਾਹੀ ਹੋਵੇਗੀ। ਕਵਿਤਾ ਪੰਜਾਬੀ/ਅੰਗਰੇਜ਼ੀ/ਹਿੰਦੀ ਭਾਸ਼ਾ ‘ਚ ਉਚਾਰੀ ਜਾ ਸਕਦੀ ਹੈ। ਕਵਿਤਾ ਦੀ ਲਗਾਤਾਰਤਾ ‘ਚ ਵੀਡੀਓ ਬਣਾਉਣ ਸਮੇਂ ਸਿਰਫ ਪ੍ਰਤੀਯੋਗੀ ਹੀ ਵੀਡੀਓ ‘ਚ ਦਿਖਾਈ ਦੇ ਸਕਦਾ ਹੈ ।
ਉਨ੍ਹਾਂ ਇਹ ਵੀ ਦੱਸਿਆ ਕਿ 8 ਅਗਸਤ ਨੂੰ ਵੱਖ-ਵੱਖ ਸਕੂਲਾਂ ਦੇ ਪਹਿਲੇ ਸਥਾਨ ‘ਤੇ ਰਹਿਣ ਵਾਲੇ ਪ੍ਰਤੀਯੋਗੀਆਂ ਦੀਆਂ ਵੀਡੀਓਜ਼ ਦੇ ਲਿੰਕ ਅਤੇ ਬਾਕੀ ਪ੍ਰਤੀਯੋਗੀਆਂ ਦੇ ਵੇਰਵੇ ਸਬੰਧਤ ਸਕੂਲ ਮੁਖੀ ਤੇ ਅਧਿਆਪਕ ਵਿਭਾਗ ਦੀ ਤਕਨੀਕੀ ਟੀਮ ਵੱਲੋਂ ਦਿੱਤੇ ਗਏ ਗੂਗਲ ਫਾਰਮ ‘ਚ ਭਰਨਗੇ। ਇਸ ਤੋਂ ਬਾਅਦ 9 ਅਗਸਤ ਨੂੰ ਸਟੇਟ ਤਕਨੀਕੀ ਟੀਮ ਵੱਲੋਂ ਬਲਾਕ, ਜ਼ਿਲ੍ਹਾ ਤੇ ਰਾਜ ਪੱਧਰੀ ਦੇ ਨਤੀਜ਼ਿਆਂ ਦੀ ਪ੍ਰਕਿਰਿਆ ਆਰੰਭ ਕੀਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ (ਸੈ.) ਇਕਬਾਲ ਸਿੰਘ ਬੁੱਟਰ ਅਤੇ ਜ਼ਿਲ੍ਹਾ ਨੋਡਲ ਅਫਸਰ (ਐਲੀ.) ਰਾਜਵਿੰਦਰ ਸਿੰਘ ਬਰਾੜ ਨੇ ਇਹ ਵੀ ਉਮੀਦ ਜਿਤਾਈ ਕਿ ਕਵਿਤਾ ਉਚਾਰਨ ਮੁਕਾਬਲੇ ‘ਚ ਵੀ ਬਠਿੰਡਾ ਜ਼ਿਲ੍ਹਾ ਪਹਿਲੇ ਦੋ ਮੁਕਾਬਲਿਆਂ ਵਾਂਗ ਮੋਹਰੀ ਸਥਾਨਾਂ ‘ਤੇ ਰਹਿਣ ਲਈ ਪੂਰੇ ਯਤਨ ਕਰੇਗਾ।