← ਪਿਛੇ ਪਰਤੋ
ਚੈਕਿੰਗ ਦੌਰਾਨ 3500 ਵਿੱਚੋਂ ਸਿਰਫ਼ 96 ਯਾਤਰੀ ਬਿਨਾਂ ਮਾਸਕ ਤੋਂ ਪਾਏ ਗਏ ਚੰਡੀਗੜ, 28 ਜੁਲਾਈ 2020: ਪੰਜਾਬ ਦੇ ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਟਰਾਂਸਪੋਰਟ ਵਿਭਾਗ ਵੱਲੋਂ ਮੰਗਲਵਾਰ ਨੂੰ ਬੱਸਾਂ ਦੀ ਚੈਕਿੰਗ ਦੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਵਿਭਾਗ ਵੱਲੋਂ ਇਨਾਂ ਬੱਸਾਂ ਵਿੱਚ ਯਾਤਰਾ ਕਰ ਰਹੇ 3500 ਤੋਂ ਵੱਧ ਯਾਤਰੀਆਂ ਦੁਆਰਾ ਸਿਹਤ ਪੋ੍ਰਟੋਕੋਲਾਂ ਦੀ ਪਾਲਣਾ ਦਾ ਪਤਾ ਲਗਾਉਣ ਸਬੰਧੀ 186 ਬੱਸਾਂ ਦੀ ਚੈਕਿੰਗ ਕੀਤੀ ਗਈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੁਹਿੰਮ ਸੂਬੇ ਭਰ ਵਿੱਚ ਸਬ ਡਵੀਜ਼ਨਲ ਮੈਜਿਸਟੇ੍ਰਟਾਂ ਦੁਆਰਾ ਚਲਾਈ ਗਈ ਜਿਸ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕੀਤੀ ਗਈ।ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ ਸਿਰਫ਼ 96 ਯਾਤਰੀਆਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ ਉਨਾਂ ਦਾ ਮੌਕੇ ’ਤੇ ਚਲਾਨ ਕੀਤਾ ਗਿਆ। ਇਸ ਗੱਲ ’ਤੇ ਤਸੱਲੀ ਜ਼ਾਹਰ ਕਰਦਿਆਂ ਕਿ ਜ਼ਿਆਦਾਤਰ ਲੋਕਾਂ ਵੱਲੋਂ ਸਿਹਤ ਅਤੇ ਯਾਤਰਾ ਸਬੰਧੀ ਐਡਵਾਇਜ਼ਰੀ ਦੀ ਪਾਲਣਾ ਕੀਤੀ ਜਾ ਰਹੀ ਹੈ ਰਾਜ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਕੋਵਿਡ-19 ’ਤੇ ਕਾਬੂ ਪਾਉਣ ਅਤੇ ਇਸ ਮਹਾਂਮਾਰੀ ਦੇ ਟਾਕਰੇ ਲਈ ਲੋਕਾਂ ਵੱਲੋਂ ਸਰਕਾਰ ਦੇ ਯਤਨਾਂ ਵਿੱਚ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਇਨਾਂ ਸਿਹਤ ਨਿਯਮਾਂ ਦੀ ਸਖਤੀ ਨਾਲ ਪਾਲਣ ਕਰਦੇ ਰਹਿਣ।ਉਨਾਂ ਕਿਹਾ ਕਿ ਅਸੀਂ ਹੁਣ ਤੱਕ ਕੋਵਿਡ ਦੇ ਮਾਮਲਿਆਂ ਨੂੰ ਕਾਬੂ ਵਿੱਚ ਰੱਖਣ ਲਈ ਕਾਫ਼ੀ ਹੱਦ ਤੱਕ ਸਫ਼ਲ ਰਹੇ ਹਾਂ ਅਤੇ ਸਾਡੇ ਲੋਕਾਂ ਦੇ ਨਿਰੰਤਰ ਸਹਿਯੋਗ ਨਾਲ ਅਸੀਂ ਸਾਰੇ ਇਸ ਵਾਇਰਸ ਨੂੰ ਮਿਲ ਕੇ ਹਰਾਵਾਂਗੇ। ਬੁਲਾਰੇ ਨੇ ਅੱਗੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਕਿ ਬੱਸਾਂ ਨੂੰ ਚਲਾਉਣ ਤੋਂ ਪਹਿਲਾਂ ਬੱਸਾਂ ਦੀ ਢੁੱਕਵੇਂ ਤਰੀਕੇ ਨਾਲ ਸਾਫ਼-ਸਫ਼ਾਈ ਕੀਤੀ ਜਾਵੇ।ਬੁਲਾਰੇ ਨੇ ਅੱਗੇ ਕਿਹਾ ਕਿ ਸਾਰੇ ਬੱਸ ਅੱਡਿਆਂ ’ਤੇ ਮਾਸਕ, ਸੈਨੀਟਾਈਜ਼ਰ ਅਤੇ ਦਸਤਾਨਿਆਂ ਦੀ ਉਪਲਬਧਤਾ ਵੀ ਲਾਜ਼ਮੀ ਕਰ ਦਿੱਤੀ ਗਈ ਹੈ।
Total Responses : 267