ਅਸ਼ੋਕ ਵਰਮਾ
ਬਠਿੰਡਾ, 17 ਜੂਨ 2020 - ਮਾਨਸਾ ਜ਼ਿਲ੍ਹੇ ਦੇ ਥਾਣਾ ਬੋਹਾ ਤਹਿਤ ਆਉਂਦੇ ਪਿੰਡ ਬੀਰੇ ਵਾਲਾ ਡੋਗਰਾ ਦਾ ਫੌਜੀ ਜਵਾਨ ਚੀਨੀ ਫੌਜੀਆਂ ਵੱਲੋ ਕੀਤੇ ਗਏ ਹਮਲੇ ’ਚ ਸ਼ਹੀਦੀ ਜਾਮ ਪੀ ਗਿਆ ਹੈ। ਸਿਰਫ 21 ਸਾਲ ਦਾ ਫੌਜੀ ਜਵਾਨ ਗੁਰਤੇਜ ਸਿੰਘ ਪੁੱਤਰ ਵਿਰਸਾ ਸਿੰਘ ਵੱਲੋਂ ਦਿੱਤੀ ਸ਼ਹਾਦਤ ਦੀ ਖਬਰ ਆਉਦਿਆਂ ਹੀ ਇਲਾਕੇ ਭਰ ’ਚ ਸੋਗ ਦਾ ਮਹੌਲ ਬਣ ਗਿਆ ਹੈ।
ਚੀਨੀ ਫੌਜ ਨਾਲ ਇਹ ਝੜਪ ਲੱਦਾਖ ਦੀ ਗਲਵਾਨ ਵਾਦੀ ’ਚ ਹੋਈ ਹੈ। ਇਸ ਹਮਲੇ ’ਚ ਭਾਰਤ ਦੇ 20 ਫੌਜੀ ਜਵਾਨ ਸ਼ਹੀਦ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਤੇਜ ਸਿੰਘ ਹੋਰੀਂ ਤਿੰਨ ਭਰਾ ਹਨ ਤੇ ਉਹ ਸਭ ਤੋਂ ਛੋਟਾ ਸੀ। ਅੱਜ ਸਵੇਰ ਵਕਤ ਜਦੋਂ ਭਾਰਤੀ ਫੌਜ ਦੇ ਅਧਿਕਾਰੀਆਂ ਨੇ ਗੁਰਤੇਜ ਸਿੰਘ ਦੇ ਸ਼ਹੀਦ ਹੋਣ ਸਬੰਧੀ ਖਬਰ ਦਿੱਤੀ ਤਾਂ ਪਿੰਡ ’ਚ ਸੋਗ ਫੈਲ ਗਿਆ। ਪਤਾ ਲੱਗਿਆ ਹੈ ਕਿ ਪਿੰਡ ਦੇ ਬਹਤੇ ਚੁੱਲਿਆਂ ’ਚ ਤਾਂ ਰੋਸ ਵਜੋਂ ਅੱਗ ਨਹੀਂ ਬਲੀ। ਸਾਲ 1962 ਦੌਰਾਨ ਚੀਨੀ ਫੌਜ ਵੱਲੋਂ ਕੀਤੀ ਗਦਾਰੀ ਨੂੰ ਯਾਦ ਕਰਦਿਆਂ ਪਿੰਡ ਦੇ ਬਜ਼ੁਰਗਾਂ ’ਚ ਚੀਨ ਵੱਲੋਂ ਕੀਤੇ ਹਮਲੇ ਪ੍ਰਤੀ ਰੋਸ ਦੇਖਿਆ ਗਿਆ। ਸ਼ਹੀਦ ਜਵਾਨ ਗੁਰਤੇਜ਼ ਸਿੰਘ ਦੀ ਮ੍ਰਿਤਕ ਦੇਹ ਕਦੋਂ ਪੁੱਜੇਗੀ ਇਸ ਬਾਰੇ ਫਿਲਹਾਲ ਕੁੱਝ ਵੀ ਨਹੀਂ ਕਿਹਾ ਜਾ ਰਿਹਾ ਹੈ। ਉਂਜ ਭਲਕੇ ਸ਼ਾਮ ਤੱਕ ਸ਼ਹੀਦ ਦੀ ਪਵਿੱਤਰ ਦੇਹ ਪਿੰਡ ਪੁੱਜਣ ਦੇ ਅਨੁਮਾਨ ਲਾਏ ਜਾ ਰਹੇ ਹਨ।
ਪਿੰਡ ਬੀਰੇਵਾਲਾ ਡੋਗਰਾ ਵਾਸੀਆਂ ਨੇ ਦੱਸਿਆ ਕਿ ਗੁਰਤੇਜ ਸਿੰਘ ਦੋ ਸਾਲ ਪਹਿਲਾਂ ਸਿੱਖ ਰੈਜੀਮੈਂਟ ’ਚ ਭਰਤੀ ਹੋਇਆ ਸੀ। ਉਨ੍ਹਾਂ ਦੇ ਪਿਤਾ ਢਾਈ ਏਕੜ ਜ਼ਮੀਨ ਦੇ ਕਰੀਬ ਜ਼ਮੀਨ ਦਾ ਹੀ ਮਾਲਕ ਹੈ। ਸ਼ਹਾਦਤ ਤੋਂ ਦੋ ਦਿਨ ਪਹਿਲਾਂ ਹੀ ਉਸ ਦੇ ਵੱਡੇ ਭਰਾ ਦੀ ਪ੍ਰੀਵਾਰ ਵੱਲੋਂ ਸ਼ਾਦੀ ਕੀਤੀ ਗਈ ਹੈ। ਪ੍ਰੀਵਾਰ ਵੱਲੋਂ ਅਜੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਕਿ ਵਿਰਸਾ ਸਿੰਘ ਦੇ ਪੀਵਾਰਕ ਮੈਂਬਰਾਂ ਤੇ ਛੋਟੇ ਪੁੱਤ ਦੀ ਸ਼ਹੀਦੀ ਦੀ ਖਬਰ ਬਿਜਲੀ ਬਣ ਕੇ ਡਿੱਗੀ ਹੈ। ਦੱਸਿਆ ਜਾਂਦਾ ਹੈ ਕਿ ਭਰਾ ਦੇ ਵਿਆਹ ’ਚ ਸ਼ਾਮਲ ਹੋਣ ਲਈ ਗੁਰਤੇਜ ਸਿੰਘ ਨੇ ਫੌਜ ਪ੍ਰਸ਼ਾਸ਼ਨ ਕੋਲੋਂ ਛੁੱਟੀ ਦੀ ਮੰਗ ਕੀਤੀ ਸੀ ਪਰ ਸਰਹੱਦ ਤੇ ਬਣੇ ਭਾਰੀ ਤਣਾਅ ਨੂੰ ਦੇਖਦਿਆਂ ਉਸ ਦੀ ਅਰਜੀ ਨੂੰ ਅਪ੍ਰਵਾਨ ਕਰ ਦਿੱਤਾ ਗਿਆ ਸੀ। ਜਵਾਨ ਦੇ ਸ਼ਹੀਦ ਹੋਣ ਬਾਰੇ ਲੱਗਦਿਆਂ ਪੁਲਿਸ ਪ੍ਰਸ਼ਾਸ਼ਨ ਤਰਫੋਂ ਥਾਣਾ ਬੋਹਾ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਸੰਦੀਪ ਸਿੰਘ ਭਾਟੀ ਪਿੰਡ ਬੀਰੇ ਵਾਲਾ ਡੋਗਰਾ ਪੁੱਜੇ ਅਤੇ ਪ੍ਰ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।