← ਪਿਛੇ ਪਰਤੋ
ਬਠਿੰਡਾ, 15 ਜੂਨ 2020: ਬਠਿੰਡਾ ਜਿਲੇ ਦੇ ਪਿੰਡ ਰਾਮਪੁਰਾ ਵਿੱਚ ਪ੍ਰਾਈਵੇਟ ਕਰਜ਼ੇ ਤੋਂ ਪੀੜਤ ਔਰਤਾਂ ਨੇ ਫਾਈਨਾਂਸ ਕੰਪਨੀਆਂ ਦੀ ਧੱਕੇਸ਼ਾਹੀ ਵਿਰੁੱਧ ਪੰਜਾਬ ਖੇਤ ਮਜਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾੲਂ ਹੇਠ ਮੀਟਿੰਗ ਕਰਨ ਉਪਰੰਤ ਪਿੰਡ ਵਿੱਚ ਰੋਹ ਭਰਪੂਰ ਰੋਸ ਮਾਰਚ ਕਰਕੇ ਜਬਰੀ ਕਿਸ਼ਤਾਂ ਲੈਣ ਵਾਲਿਆਂ ਦਾ ਪਿੰਡ ’ਚ ਘਿਰਾਉ ਕਰਨ ਦਾ ਐਲਾਨ ਕੀਤਾ ਹੈ । ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਪ੍ਰੈਸ ਬਿਆਨ ਰਾਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਨੂੰ ਮਜਦੂਰ ਆਗੂ ਤੀਰਥ ਸਿੰਘ ਕੋਠਾ ਗੁਰੂ, ਬਲਜੀਤ ਕੌਰ ਢਿੱਲੋਂ , ਕਿਸਾਨ ਆਗੂ ਮਾਸਟਰ ਸੁਖਦੇਵ ਸਿੰਘ ਜਵੰਦਾ ਅਤੇ ਦਰਸ਼ਨ ਸਿੰਘ ਪ੍ਰੀਤੀ ਮਾਨ ਨੇ ਸੰਬੋਧਨ ਕੀਤਾ । ਬਲਾਰਿਆਂ ਨੇ ਕਿਹਾ ਕਿ ਖੇਤ ਮਜਦੂਰ ਅਤੇ ਕਿਸਾਨ ਔਰਤਾਂ ਨੇ ਫਾਈਨਾਸ਼ ਕੰਪਨੀਆਂ ਕੋਲੋਂ ਕਰਜਾ ਲਿਆ ਹੋਇਆ ਹੈ ਜਿਸ ਦੀਆਂ ਉਹ ਭਾਰੀ ਵਿਆਜ ਦਰਾਂ ਸਮੇਤ ਲਗਾਤਾਰ ਕਿਸ਼ਤਾਂ ਭਰਦੀਆਂ ਆ ਰਹੀਆਂ ਹਨ ਪਰ ਲਾਕਡਾਉਨ ਕਾਰਨ ਬੰਦ ਹੋਏ ਰੁਜ਼ਗਾਰ ਕਰਕੇ ਉਹ ਕਿਸ਼ਤਾਂ ਭਰਨ ਤੋਂ ਅਸਮਰੱਥ ਹਨ । ਉਨਾਂ ਆਖਿਆ ਕਿ ਅਜਿਹੀ ਸਥਿਤੀ ਦਰਮਿਆਨ ਵੀ ਫਾਈਨਾਂਸ ਕੰਪਨੀਆਂ ਦੇ ਮੁਲਾਜਮ ਉਨਾਂ ਕੋਲੋਂ ਜ਼ਬਰੀ ਵਸੂਲੀ ਕਰਨ ਲਈ ਘਰਾਂ ਦਾ ਸਮਾਨ ਚੁੱਕ ਲਿਜਾਣ ਦੀਆਂ ਧਮਕੀਆਂ ਦੇ ਰਹੇ ਹਨ । ਉਨਾਂ ਆਖਿਆ ਕਿ ਇੰਨਾਂ ਕੰਪਨੀਆਂ ਨੇ ਔਰਤਾਂ ਕੋਲੋਂ ਕੰਪਨੀਆਂ ਨੇ ਖਾਲੀ ਚੈਕ ਵੀ ਲੈਕੇ ਆਪਦੇ ਕਬਜੇ ਵਿੱਚ ਰੱਖੇ ਹੋਏ ਹਨ ਜਿਨਾਂ ਦੇ ਅਧਾਰ ਤੇ ਕੇਸ ਕਰਨ ਦੀ ਧਮਕੀ ਵੀ ਦਿੱਤੀ ਜਾ ਰਹੀ ਹੈ । ਉਨਾਂ ਫਾਈਨਾਂਸ ਕੰਪਨੀਆਂ ’ਤੇ ਦੋਸ਼ ਲਾਉਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਫਰੀਦਕੋਟ ਦੇ ਡੀ ਸੀ ਵੱਲੋਂ ਇਨਾਂ ਕੰਪਨੀਆਂ ਨੂੰ ਸਖਤ ਤਾੜਨਾ ਕਰਦੇ ਹੋਏ ਕਰਜ਼ਾ ਉਗਰਾਉਣ ਦੀ ਮੁਹਿੰਮ ਨੂੰ ਬੰਦ ਕਰਨ ਲਈ ਕਿਹਾ ਹੈ ਪਰ ਕੰਪਨੀਆਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਕੇ ਪੀੜਤ ਔਕਤਾਂ ਨੂੰ ਕਰਜ਼ੇ ਭਰਨ ਲਈ ਦਬਕੇ ਮਾਰ ਰਹੀਆਂ ਹਨ ਅਤੇ ਉਨਾਂ ਦੇ ਬੱਚਿਆਂ ਦਾ ਭਵਿੱਖ ਕਰਨ ਦੇ ਡਰਾਵੇ ਵੀ ਦਿੱਤੇ ਜਾ ਰਹੇ ਹਨ । ਉਨਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਮਜਦੂਰਾਂ ਕਿਸਾਨਾਂ ਦੀ ਮਦਦ ਕਰਨ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਖਰਬਾਂ ਰੁਪੈ ਕਰਜ਼ੇ ਮਾਫ ਕਰ ਰਹੀਆਂ ਹਨ ਅਤੇ ਸਰਕਾਰੀ ਖਜਾਨੇ ਵਿੱਚੋਂ ਰਿਐਤਾਂ ਦੇ ਮੋਟੇ ਗੱਫੇ ਦੇਕੇ ਉਨਾਂ ਨੂੰ ਹੋਰ ਵੀ ਮਾਲਾ-ਮਾਲ ਕੀਤਾ ਜਾ ਰਿਹਾ ਹੈ । ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਔਰਤਾਂ ਸਿਰ ਚੜੇ ਕਰਜ਼ਿਆਂ ਸਮੇਤ ਮਜਦੂਰਾਂ ਤੇ ਗਰੀਬ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਅਤੇ ਜ਼ਬਰੀ ਉਗਰਾਹੀ ਕਰਨ ਵਾਲੀਆਂ ਕੰਪਨੀਆਂ ’ਤੇ ਕੇਸ ਦਰਜ ਕੀਤੇ ਜਾਣ ।
Total Responses : 267