ਸੰਜੀਵ ਸੂਦ
ਲੁਧਿਆਣਾ, 10 ਜੂਨ 2020 - ਅੱਜ ਲੁਧਿਆਣਾ ਵਿੱਚ ਪੇਰੈਂਟਸ ਐਕਸ਼ਨ ਗਰੁੱਪ ਦੇ ਮੈਂਬਰਾਂ ਵਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਗੱਲਬਾਤ ਦੌਰਾਨ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਇੱਕ ਨਿੱਜੀ ਪ੍ਰਾਈਵੇਟ ਕਾਨਵੈਂਟ ਸਕੂਲ ਪਟਿਆਲਾ ਵਿੱਚ ਹੈ। ਜਿਸਦਾ ਨਾਮ ਯਾਦਵਿੰਦਰਾ ਪਬਲਿਕ ਸਕੂਲ ਹੈ ਅਤੇ ਟ੍ਰਸਟ ਦੇ ਮੈਂਬਰ ਕੈਪਟਨ ਸਾਬ੍ਹ ਦੇ ਪਰਿਵਾਰਿਕ ਮੈਂਬਰ ਹੀ ਹਨ ਜਦਕਿ ਅਸੂਲਣ ਬਾਹਰਲੇ ਵੱਖ ਵੱਖ ਨੁਮਾਇੰਦੇ ਹੀ ਟ੍ਰਸਟ ਦੇ ਮੈਂਬਰ ਬਣ ਸਕਦੇ ਹਨ।
ਪੇਰੈਂਟਸ ਐਕਸ਼ਨ ਗਰੁੱਪ ਦੇ ਮੈਂਬਰਾਂ ਨੇ ਕਿਹਾ ਕਿ ਸਾਨੂੰ ਇਸ ਵਿੱਚ ਵੀ ਕੋਈ ਇਤਰਾਜ਼ ਨਹੀਂ ਹੈ, ਅਸੀਂ ਤਾਂ ਸਿਰਫ ਐਨੀ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਪੰਜਾਬ ਦੇ ਕੁਝ ਛੋਟੇ ਸਕੂਲਾਂ ਨੇ ਬੱਚਿਆਂ ਦੀਆਂ ਫੀਸਾਂ ਮੁਆਫ ਕੀਤੀਆਂ ਹਨ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਸਕੂਲ ਦੇ ਬੱਚਿਆਂ ਦੀ ਫੀਸਾਂ ਮੁਆਫ ਕਰਕੇ ਪੰਜਾਬ ਦੇ ਬਾਕੀ ਸਕੂਲਾਂ ਲਈ ਰੋਲ ਮਾਡਲ ਬਣਨ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਦੇ ਬਾਕੀ ਪੇਰੈਂਟਸ ਦਾ ਕੈਪਟਨ ਸਾਬ ਦੇ ਸਕੂਲ ਨਾਲ ਕੋਈ ਵਾਸਤਾ ਨਹੀਂ ਹੈ ਪਰ ਉਹ ਆਪਣੇ ਸਕੂਲ ਦੇ ਬੱਚਿਆਂ ਦੀ ਫੀਸ ਮੁਆਫ ਕਰਕੇ ਇੱਕ ਮਿਸਾਲ ਕਾਇਮ ਕਰ ਸਕਦੇ ਹਨ, ਜਿਸਨੂੰ ਦੇਖਣ ਤੋਂ ਬਾਅਦ ਹੋ ਸਕਦਾ ਕਿ ਪੰਜਾਬ ਦੇ ਬਾਕੀ ਓਨਰ ਵੀ ਪੇਰੈਂਟਸ ਤੇ ਕੁਝ ਤਰਸ ਕਰ ਲੈਣ।
ਆਨਲਾਈਨ ਪੜ੍ਹਾਈ ਬਾਰੇ ਪੇਰੈਂਟਸ ਐਕਸ਼ਨ ਗਰੁੱਪ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਹਰ ਕਿਸੇ ਪਰਿਵਾਰ ਕੋਲ ਅਲੱਗ ਅਲੱਗ ਮੋਬਾਈਲ ਜਾਂ ਲੈਪਟਾਪ ਨਹੀਂ ਹੈ ਜੇ ਘਰ ਵਿੱਚ ਇੱਕ ਸਮਾਰਟਫੋਨ ਹੈ ਤਾਂ 2 ਬੱਚੇ ਉਸ 'ਤੇ ਪੜ੍ਹਾਈ ਨਹੀਂ ਕਰ ਸਕਦੇ, ਜਾਂ ਹਰ ਜਗ੍ਹਾ ਤੇ ਪਰੋਪਰ ਨੈੱਟਵਰਕ ਨਹੀਂ ਆਉਂਦਾ ਜਿਸ ਕਰਕੇ ਬੱਚੇ ਸਿਰਫ 40 ਮਿੰਟ ਦੀ ਕਲਾਸ ਅਟੈਂਡ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਬੱਚਿਆਂ ਨੂੰ ਸਿਰ ਦਰਦ ਅਤੇ ਅੱਖਾਂ ਦੀ ਕਮਜ਼ੋਰੀ ਦੀ ਸ਼ਿਕਾਇਤ ਵੀ ਦੇਖਣ ਨੂੰ ਮਿਲ ਰਹੀ ਹੈ, ਉਨ੍ਹਾਂ ਪਿਛਲੇ ਦਿਨੀਂ ਇੱਕ ਸ਼ਹਿਰ ਦੀ ਲੜਕੀ ਦੇ ਆਨਲਾਈਨ ਪੜ੍ਹਾਈ ਤੋਂ ਦੁਖੀ ਹੋਕੇ ਆਤਮਹੱਤਿਆ ਕੀਤੇ ਜਾਣ ਬਾਰੇ ਵੀ ਜ਼ਿਕਰ ਕੀਤਾ ਅਤੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਬੱਚਿਆਂ ਤੇ ਕਿਸੇ ਕਿਸਮ ਦਾ ਲੋਡ ਨਾ ਪਾਇਆ ਜਾਵੇ, ਤਾਂਜੋ ਬੱਚੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਕੇ ਕੋਈ ਗਲਤ ਕਦਮ ਚੁੱਕ ਲੈਣ।