ਹਰੀਸ਼ ਕਾਲੜਾ
ਰੂਪਨਗਰ, 01 ਜੂਨ 2020: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਵਲੋਂ ਖੇਤੀ-ਮੌਮਸ ਦੀ ਅਗੇਤੀ ਜਾਣਕਾਰੀ ਸੰਬੰਧੀ ਸੇਵਾਵਾਂ ਆਰੰਭ ਕੀਤੀਆਂ ਗਈਆ ਹਨ। ਇਨ੍ਹਾਂ ਸੇਵਾਵਾਂ ਵਿੱਚ ਕਿਸਾਨਾਂ ਨੂੰ ਮੌਸਮ ਦੀ ਭਵਿੱਖਬਾਣੀ ਅਤੇ ਫਸਲਾਂ ਤੇ ਮੌਸਮ ਦੇ ਪ੍ਰਭਾਵ ਤੋਂ ਸੁਚੇਤ ਕੀਤਾ ਜਾਂਦਾ ਹੈ। ਇਹ ਜਾਣਕਾਰੀ ਡਾ. ਗੁਰਪ੍ਰੀਤ ਸਿੰਘ ਮੱਕੜ, ਡਿਪਟੀ ਡਾਇਰੈਕਟਰ (ਟ੍ਰੇਨਿੰਗ) ਨੇ ਅਜ ਇਥੇ ਦਿੱਤੀ। ਉਨਾਂ ਕਿਹਾ ਕਿ ਜਲਵਾਯੂ ਪਰਿਵਰਤਨ ਅਤੇ ਮੌਸਮ ਨਾਲ ਜੁੜੀਆਂ ਘਟਨਾਵਾਂ ਜਿਵੇਂ ਕਿ ਬੇਮੌਸਮੀ ਵਰਖਾ, ਗੜੇਮਾਰੀ, ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਅਚਾਨਕ ਤਬਦੀਲੀ ਆਦਿ ਫ਼ਸਲਾਂ ਦੇ ਝਾੜ ਤੇ ਬਹੁਤ ਮਾੜਾ ਅਸਰ ਪਾਉਂਦੀਆਂ ਹਨ। ਇਸ ਤਰ੍ਹਾ ਮੌਸਮੀ ਨੁਕਸਾਨ ਤੋਂ ਫ਼ਸਲਾਂ ਨੂੰ ਬਚਾਉਣ ਲਈ ਮੌਸਮ ਦੀ ਸਹੀ ਭਵਿੱਖਬਾਣੀ ਪ੍ਰਾਪਤ ਕਰਕੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।ਇਸ ਦੇ ਨਾਲ ਸਮੇਂ ਸਿਰ ਦਿੱਤੀ ਗਈ ਖੇਤੀ-ਮੌਸਮ ਸਲਾਹ ਸੇਵਾਵਾਂ ਨਾਲ ਖੇਤੀ ਕਾਰਜ਼ਾਂ ਜਿਵੇਂ ਕਿ ਕੀਟਨਾਸ਼ਕ ਸਪਰੇਆਂ, ਸਿੰਚਾਈ ਆਦਿ ਲਈ ਢੁੱਕਵੀ ਵਿਉਂਤਬੰਦੀ ਕੀਤੀ ਜਾ ਸਕਦੀ ਹੈ।ਇਸ ਦੇ ਮੱਦੇਨਜ਼ਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਖੇਤੀ-ਮੌਸਮ ਸਲਾਹ ਸੇਵਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਣ ਲਈ ਜ਼ਿਲ੍ਹਾ ਖੇਤੀ-ਮੌਸਮ ਯੂਨਿਟ ਨੂੰ ਸਥਾਪਤ ਕੀਤਾ ਹੈ। ਕੇ. ਵੀ. ਕੇ ਰੋਪੜ ਇਹ ਸੇਵਾਵਾਂ ਹਫ਼ਤੇ ਵਿੱਚ ਦੋ ਵਾਰ (ਮੰਗਲਵਾਰ ਅਤੇ ਸ਼ੁੱਕਰਵਾਰ) ਰੋਪੜ ਜ਼ਿਲੇ ਦੇ ਪੰਜਾਂ ਬਲਾਕਾਂ (ਅਨੰਦਪੁਰ ਸਾਹਿਬ, ਨੂਰਪੁਰ ਬੇਦੀ, ਰੋਪੜ, ਮੁਰਿੰਡਾ, ਚਮਕੌਰ ਸਾਹਿਬ) ਦੇ ਸਰਪੰਚਾਂ ਅਤੇ ਕਿਸਾਨਾਂ ਨੂੰ ਫੋਨ, ਮੈਸਿਜ ਅਤੇ ਵੱਟਸਐਪ ਗਰੁੱਪਾਂ ਰਾਹੀ ਭੇਜਦਾ ਹੈ।ਜੇਕਰ ਕਿਸਾਨ ਵੀਰ ਇਹਨਾਂ ਸੇਵਾਵਾਂ ਦਾ ਲਾਭ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ (98153-16055) ਤੇ ਆਪਣਾ ਨਾਂ ਅਤੇ ਭੇਜ ਕੇ ਰਜ਼ਿਸਟਰ ਕਰਵਾ ਸਕਦੇ ਹਨ।