ਅਸ਼ੋਕ ਵਰਮਾ
ਬਠਿੰਡਾ, 16 ਮਈ 2020 - ਪੇਂਡੂ ਖੇਤਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਧਰਨੇ ਦੀ ਧਮਕੀ ਮਗਰੋਂ ਕੇਂਦਰੀ ਸਹਿਕਾਰੀ ਬੈਂਕ ਦੇ ਅਫਸਰਾਂ ਨੇ ਰੁੱਖ ’ਚ ਨਰਮੀ ਲੈ ਆਂਦੀ ਹੈ। ‘ਬਾਬੂਸ਼ਾਹੀ’ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ‘ ਸਹਿਕਾਰੀ ਬੈਂਕ ਦੇ ਫਰੁਮਾਨੀ ਪੱਤਰ ਨੇ ਪਾਇਆ ਪੁਆੜਾ’ ਤਹਿਤ ਇਹ ਮਾਮਲਾ ਵਿਸਥਾਰ ਤਹਿਤ ਸਾਹਮਣੇ ਲਿਆਂਦਾ ਸੀ। ਸੂਤਰ ਦੱਸਦੇ ਹਨ ਕਿ ਤਾਜਾ ਹਾਲਾਤਾਂ ਤੇ ਗੌਰ ਕਰਦਿਆਂ ਸਰਕਾਰ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਹਾਲਾਂਕਿ ਅਧਿਕਾਰੀ ਇਸ ਮੁੱਦੇ ਤੇ ਚੁੱਪ ਹਨ ਪਰ ਸੂਤਰਾਂ ਨੇ ਸਰਕਾਰ ਦੇ ਸਖਤ ਵਤੀਰੇ ਦੀ ਪੁਸ਼ਟੀ ਕੀਤੀ ਹੈ। ਅਜਿਹੀ ਸਥਿਤੀ ਦੌਰਾਨ ਬੈਂਕ ਪ੍ਰਬੰਧਕਾਂ ਨੇ ਹੁਣ ਉਨਾਂ ਕਿਸਾਨਾਂ ਨੂੰ ਹੱਦ ਕਰਜਾ ਜਾਰੀ ਕਰਨ ਦੀ ਹਾਮੀ ਭਰ ਦਿੱਤੀ ਹੈ ਜਿੰਨਾਂ ਦੇ ਖਾਤੇ ਫਰੀਜ਼ ਕਰਨ ਦੀ ਗੱਲ ਕਹਿ ਕੇ ਸ਼ੁੱਕਰਵਾਰ ਨੂੰ ਮੋੜ ਦਿੱਤਾ ਗਿਆ ਸੀ। ਇਸ ਮਾਮਲੇ ਨੂੰ ਲੈਕੇ ਅੱਜ ਦੋਵਾਂ ਜੱਥੇਬੰਦੀਆਂ ਨੇ ਵਤੀਰਾ ਸਖਤ ਕਰ ਲਿਆ ਜਿਸ ਪਿੱਛੋਂ ਸਹਿਕਾਰੀ ਸਭਾਵਾਂ ਦੇ ਆਗੂਆਂ ਨੂੰ ਬੈਂਕ ਦੇ ਜਿਲਾ ਮੈਨੇਜਰ ਨੇ ਗੱਲਬਾਤ ਲਈ ਸੱਦ ਲਿਆ ਅਤੇ ਕਰਜਾ ਜਾਰੀ ਕਰਨ ਬਾਰੇ ਆਖ ਦਿੱਤਾ। ਦੱਸਣਯੋਗ ਹੈ ਕਿ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਨੇ ਫ਼ਸਲੀ ਕਰਜ਼ੇ ਦੀ ਲਿਮਟ ਤੇ ਟੱਕ ਮਾਰ ਦਿੱਤਾ ਹੈ ਜਿਸ ਤੋਂ ਕਿਸਾਨ ਭੜਕ ਉੱਠੇ ਹਨ। ਰੋਹ ਵਿਚ ਆਏ ਕਿਸਾਨ ਆਗੂਆਂ ਨੇ ਅੱਜ ਆਖਿਆ ਕਿ ਜੇਕਰ ਮਸਲੇ ਦਾ ਹੱਲ ਨਾਂ ਹੋਇਆ ਤਾਂ ਉਨਾਂ ਵੱਲੋਂ ਸਹਿਕਾਰੀ ਬੈਂਕਾਂ ਦੇ ਅੱਗੇ ਮੁਜ਼ਾਹਰੇ ਵੀ ਕੀਤੇ ਜਾਣਗੇ।
ਪੰਜਾਬ ਚੋਂ ਇਕੱਲਾ ਜ਼ਿਲਾ ਬਠਿੰਡਾ ਹੈ ਜਿੱਥੇ ਹੱਦ ਕਰਜ਼ੇ ਦੀ ਰਾਸ਼ੀ ’ਤੇ ਕੱਟ ਮਾਰ ਕੇ ਏਦਾਂ ਦੀ ਨੌਬਤ ਖੜੀ ਹੋਈ ਹੈ ਜਦੋਂ ਕਿ ਬਾਕੀ ਹੋਰ ਜ਼ਿਲੇ ਵਿਚ ਇਸ ਤਰਾਂ ਨਹੀਂ ਹੋਇਆ ਹੈ। ਦੀ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਡ ਚੰਡੀਗੜ ਨੇ ਲੰਘੀ 4 ਅਪਰੈਲ ਨੂੰ ਸਮੂਹ ਕੇਂਦਰੀ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰਾਂ ਅਤੇ ਜਿਲਾ ਮੈਨੇਜਰਾਂ ਨੂੰ ਪੱਤਰ ਜਾਰੀ ਕਰਕੇ ਪੇਂਡੂ ਸਹਿਕਾਰੀ ਸਭਾਵਾਂ ਦੇ ਮੈਂਬਰ ਉਨਾਂ ਕਿਸਾਨਾਂ ਨੂੰ ਕਰਜਾ ਜਾਰੀ ਨਾਂ ਕਰਨ ਦੇ ਆਦੇਸ਼ ਦਿੱਤੇ ਸਨ ਜਿੰਨਾਂ ਨੇ ਪਿਛਲੇ ਸਾਲ ਹੱਦ ਕਰਜ਼ੇ ਦੀ ਲਿਮਟ ਦੀ ਵਰਤੋਂ ਨਹੀਂ ਕੀਤੀ ਸੀ। ਬੈਂਕ ਪ੍ਰਬੰਧਕਾਂ ਨੇ ਦਲੀਲ ਦਿੱਤੀ ਸੀ ਕਿ ਅਜਿਹਾ ਖਾਤਿਆਂ ’ਚ ਹੁੰਦੇ ਕਥਿਤ ਘਪਲਿਆਂ ਦੀ ਰੋਕਥਾਮ ਜਾਂ ਸੰਭਾਵਨਾਂ ਨੂੰ ਰੋਕਣ ਲਈ ਕੀਤਾ ਗਿਆ ਹੈ।
ਸ਼ੁੱਕਰਵਾਰ ਨੂੰ ਅੱਧੀ ਦਰਜਨ ਤੋਂ ਵੱਧ ਕਿਸਾਨ ਜਦੋਂ ਬਠਿੰਡਾ ਦੇ ਸਹਿਕਾਰੀ ਬੈਂਕ ’ਚ ਕਰਜਾ ਰਾਸ਼ੀ ਲੈਣ ਲਈ ਆਏ ਤਾਂ ਉਨਾਂ ਨੂੰ ਇਸ ਪੱਤਰ ਦੇ ਹਵਾਲੇ ਨਾਲ ਇਨਕਾਰ ਕਰ ਦਿੱਤਾ ਗਿਆ। ਬਠਿੰਡਾ ਜ਼ਿਲੇ ਵਿਚ ਉਦੋਂ ਰੌਲਾ ਰੱਪਾ ਪੈ ਗਿਆ ਜਦੋਂ ਕਿਸਾਨਾਂ ਵੱਲੋਂ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਸਹਿਕਾਰੀ ਬੈਂਕ ਨੇ ਜ਼ਿੱਦ ਫੜ ਲਈ। ਬੈਂਕ ਦੇ ਪ੍ਰਬੰਧਕਾਂ ਵੱਲੋਂ ਜਿਉਂ ਹੀ ਇਸ ਕੱਟ ਦੀ ਸੂਚਨਾ ਦਿੱਤੀ ਤਾਂ ਸਹਿਕਾਰੀ ਸਭਾਵਾਂ ਵਿਚ ਰੌਲਾ ਪੈ ਗਿਆ। ਕਿਸਾਨਾਂ ਵੱਲੋਂ ਸਹਿਕਾਰੀ ਸਭਾ ਦੇ ਮੁਲਾਜ਼ਮਾਂ ਨਾਲ ਰੋਸ ਜ਼ਾਹਿਰ ਕੀਤਾ ਜਾਣ ਲੱਗਾ ਕਿਉਂਕਿ ਉਹ ਉਨਾਂ ਦੇ ਕਹਿਣ ਤੇ ਹੀ ਆਏ ਸਨ। ਮਾਮਲਾ ਕਿਸਾਨ ਯੂਨੀਅਨ ਦੇ ਧਿਆਨ ਵਿਚ ਆਇਆ ਤਾਂ ਉਨਾਂ ਨੂੰ ਇਹ ਸਿੱਧਾ ਧੱਕਾ ਜਾਪਿਆ। ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਦੇ ਆਗੂਆਂ ਨੇ ਬੈਂਕਾਂ ਅੱਗੇ ਧਰਨੇ ਦੀ ਚਿਤਾਵਨੀ ਦਿੱਤੀ ਜਿਸ ਕਰਕੇ ਕੇਂਦਰੀ ਸਹਿਕਾਰੀ ਬੈਂਕ ਦੇ ਪ੍ਰਬੰਧਕ ਵੀ ਹਿੱਲੇ ਹਨ।
ਕਰਜਾ ਜਾਰੀ ਕਰੇ ਬੈਂਕ : ਕੋਟਸ਼ਮੀਰ
ਪੇਂਡੂ ਸਹਿਕਾਰੀ ਸਭਾਵਾਂ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਜਸਕਰਨ ਸਿੰਘ ਕੋਟਸ਼ਮੀਰ ਅਤੇ ਜਿਲਾ ਪ੍ਰਧਾਨ ਗੁਰਪਾਲ ਸਿੰਘ ਦਾ ਕਹਿਣਾ ਸੀ ਕਿ ਕੇਂਦਰੀ ਸਹਿਕਾਰੀ ਬੈਂਕ ਦੇ ਪ੍ਰਬੰਧਕਾਂ ਨੇ ਗੱਲਬਾਤ ਲਈ ਸੱਦਿਆ ਸੀ ਜਿਸ ’ਚ ਕਰਜਾ ਜਾਰੀ ਕਰਨ ਦੀ ਸਹਿਮਤੀ ਬਣ ਗਈ ਹੈ। ਉਨਾਂ ਆਖਿਆ ਕਿ ਬੈਂਕ ਅਧਿਕਾਰੀਆਂ ਨੂੰ ਸਥਿੱਤੀ ਦੀ ਨਾਜ਼ੁਕਤਾ ਸਮਝਣੀ ਚਾਹੀਦੀ ਸੀ।
ਮਸਲਾ ਹੱਲ ਹੋ ਗਿਆ ਹੈ : ਡੀਐਮ
ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੀ ਜ਼ਿਲਾ ਮੈਨੇਜਰ ਨਿਪਨ ਗਰਗ ਦਾ ਕਹਿਣਾ ਸੀ ਕਿ ਫ਼ਸਲੀ ਕਰਜ਼ੇ ਦੇਣ ਵਾਰੇ ਗਲਤਫਹਿਮੀ ਸੀ ਜੋ ਦੂਰ ਕਰ ਲਈ ਗਈ ਹੈ। ਉਨਾਂ ਆਖਿਆ ਕਿ ਅਸਲ ’ਚ ਕੋਈ ਮਸਲਾ ਹੀ ਨਹੀਂ ਸੀ ਬੱਸ ਐਵੇਂ ਹੀ ਰੌਲਾ ਪੈ ਗਿਆ ਹੈ। ਉਨ ਆਖਿਆ ਕਿ ਕੇਂਦਰੀ ਸਹਿਕਾਰੀ ਬੈਂਕ ਨੇ ਤਾਂ ਕਰਜਾ ਜਾਰੀ ਕਰਨ ਤੋਂ ਜਵਾਬ ਹੀ ਨਹੀਂ ਦਿੱਤਾ ਹੈ।
ਕਿਸਾਨਾ ਦੇ ਹੱਕ ’ਚ ਖੜੇਗੀ ਜੱਥੇਬੰਦੀ; ਮਾਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਇੱਕ ਪਾਸੇ ਕਰਜ਼ਾ ਮੁਆਫ਼ੀ ਦੀ ਮੁਹਿੰਮ ਸਰਕਾਰ ਚਲਾ ਰਹੀ ਹੈ ਤੇ ਦੂਸਰੇ ਬੰਨੇ ਕੇਂਦਰੀ ਬੈਂਕ ਕਿਸਾਨਾਂ ਦੇ ਹੱਕ ਤੇ ਕੱਟ ਲਾ ਰਹੇ ਹਨ। ਕਿਸਾਨ ਆਗ ਨੇ ਕਿਹਾ ਕਿ ਬੈਂਕ ਜਿੱਥੇ ਵੀ ਧੱਕਾ ਕਰੇਗੀ ਉਹ ਕਿਸਾਨਾਂ ਦੇ ਹੱਕ ’ਚ ਖੜਨਗੇ। ਉਨਾਂ ਆਖਿਆ ਕਿ ਅਸਲ ’ਚ ਇਹ ਸਰਕਾਰਾਂ ਦੀਆਂ ਨੀਤੀਆਂ ਤਹਿਤ ਹੀ ਕਿਸਾਨਾਂ ਨੂੰ ਖੱਜਲਖੁਆਰ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਅੱਕ ਕੇ ਜਮੀਨ ਕਾਰਪੋਰੇਟ ਕੰਪਨੀਆਂ ਹਵਾਲੇ ਕਰ ਦੇਣ। ਉਨਾਂ ਆਖਿਆ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਕਰਜੇ ਜਾਰੀ ਕਰਨ ਦੀ ਗੱਲ ਆਖ ਰਹੀ ਹੈ ਤੇ ਸਹਿਕਾਰੀ ਬੈਂਕ ਪਹਿਲੇ ਕਰਜਿਆਂ ’ਚ ਵੀ ਕਟੌਤੀ ਕਰ ਰਿਹਾ ਹੈ।