ਹਰੀਸ਼ ਕਾਲੜਾ
- ਜ਼ਿਲ੍ਹਾ ਪ੍ਰਸ਼ਾਸ਼ਨ ਨੇ ਬੱਸਾਂ ਰਾਂਹੀ ਪਹੁੰਚਾਇਆ ਘਰ
- ਰਵਾਨਾ ਹੋਏ ਵਿਅਕਤੀਆਂ ਨੇ ਕੀਤਾ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ
ਰੂਪਨਗਰ, 14 ਮਈ 2020 - ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀਆਂ ਦੂਸਰੇ ਰਾਜਾਂ ਦੇ ਲੋਕਾਂ ਨੂੰ ਉਨ੍ਹਾਂ ਦੇ ਗ੍ਰਹਿ ਰਾਜਾਂ ਤੱਕ ਪੁੱਜਦਾ ਕਰਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਅੱਜ ਰੂਪਨਗਰ 'ਚ ਲਾਕਡਾਊਨ ਕਾਰਨ ਰਹਿ ਗਏ 17 ਵਿਅਕਤੀਆਂ ਨੂੰ ਦਰਬੰਗਾ ਬਿਹਾਰ ਬੱਸਾਂ ਰਾਹੀਂ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ 45 ਵਿਅਕਤੀ ਯੂ.ਪੀ. ,155 ਮੱਧ ਪ੍ਰਦੇਸ਼, ਗੋਂਡਾ , ਗੇਆ ਅਤੇ 165 ਦੇ ਕਰੀਬ ਵਿਅਕਤੀਆਂ ਨੂੰ ਜੰਮੂ ਕਸ਼ਮੀਰ , ਹਿਮਾਚਲ ਅਤੇ ਹੋਰ ਰਾਜ਼ਾਂ ਵਿੱਚ ਬੱਸਾਂ ਅਤੇ ਰੇਲ ਗੱਡੀਆਂ ਰਾਂਹੀ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਲਾਕਡਾਊਨ ਕਾਰਨ ਫਸੇ ਹੋਏ ਦੂਜੇ ਰਾਜਾਂ ਦੇ ਵਿਅਕਤੀਆਂ ਦੀ ਸ਼ਨਾਖਤ ਕਰ , ਉਨ੍ਹਾਂ ਦੇ ਜੱਦੀ ਰਾਜ਼ਾਂ ਤੋਂ ਉਨ੍ਹਾਂ ਦੇ ਵਾਪਿਸ ਆਉਣ ਸੰਬਧੀ ਪ੍ਰਵਾਨਗੀ ਹਾਸਿਲ ਕਰ ਉਨ੍ਹਾਂ ਨੂੰ ਪੂਰੀ ਅਹਿਤਿਆਰਤ ਤੇ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੇ ਰਾਜ਼ਾ ਵਿੱਚ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਲੋੜੀਂਦਾਂ ਰਾਸ਼ਨ ਅਤੇ ਖਾਣਾ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਇਨ੍ਹਾਂ ਨੂੰ ਲਾਕਡਾਊਨ ਦੌਰਾਨ ਕੋਈ ਮੁਸ਼ਕਿਲ ਨਾ ਆਵੇ।
ਦਰਬੰਗਾ ਬਿਹਾਰ ਲਈ ਰਵਾਨਾ ਹੋਏ ਇਨ੍ਹਾਂ ਵਿਅਕਤੀਆਂ ਨੇ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਇਨ੍ਹਾਂ ਦਿਨਾਂ ਦੌਰਾਨ ਉਨ੍ਹਾਂ ਦੀ ਸਾਂਭ-ਸੰਭਾਲ ਨਾ ਕਰਦਾ ਅਤੇ ਅੱਜ ਉਨ੍ਹਾਂ ਦੀ ਵਾਪਸੀ ਦਾ ਪ੍ਰਬੰਧ ਨਾ ਕਰਦਾ ਤਾਂ ਪਤਾ ਨਹੀਂ ਹੋਰ ਕਿੰਨਾ ਸਮਾਂ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪੈਣਾ ਸੀ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਆਪਣੇ ਨਿੱਜੀ ਵਾਹਨ ਤੇ ਆਪਣੇ ਰਾਜਾ ਵਿੱਚ ਜਾਣਾ ਚਾਹੁੰਦਾ ਹੈ ਤਾਂ ਇਸ ਦੇ ਲਈ ਉਹ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਆਨਲਾਇਨ ਬੇਨਤੀ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਬੇਨਤੀ ਕਰਨ ਵਾਲੇ ਵਿਅਕਤੀਆਂ ਨੂੰ ਉਨ੍ਹਾਂ ਦੇ ਰਾਜਾਂ ਵਿੱਚ ਭੇਜਣ ਦੇ ਲਈ ਉਸ ਰਾਜ ਵੱਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਅਤੇ ਮੈਡੀਕਲ ਸਿਕਰੀਨਿੰਗ ਹੋਣ ਉਪਰੰਤ ਭੇਜਣ ਦਾ ਉਪਰਾਲਾ ਕੀਤਾ ਜਾ ਸਕਦਾ ਹੈ।