ਰਜਨੀਸ਼ ਸਰੀਨ
- ਵਸਤਾਂ ਬਣਾਉਣ ਅਤੇ ਡਲਿਵਰੀ ਲਈ ਭੇਜਣ ਸਮੇਂ ਸਮੇਂ ਵਰਕਰਾਂ ਲਈ ਹੱਥਾਂ ’ਤੇ ਦਸਤਾਨੇ ਅਤੇ ਮੂੰਹ ’ਤੇ ਮਾਸਕ ਲਾਜ਼ਮੀ
ਨਵਾਂਸ਼ਹਿਰ, 14 ਮਈ 2020 - ਲੋਕ ਹਿੱਤ ਅਤੇ ਮੌਜੂਦਾ ਹਾਲਾਤਾਂ ਵਿਚ ਮਾਮਲੇ ਦੀ ਤਤਪਰਤਾ ਤੇ ਗੰਭੀਰਤਾ ਨੂੰ ਮੁੱਖ ਰੱਖਦੇ ਹੋਏ ਸ਼ਹੀਦ ਭਗਤ ਸਿੰਘ ਨਗਰ ਅੰਦਰ ਆਉਦੀਆਂ ਖਾਣ ਪੀਣ ਵਾਲੀਆਂ ਵਸਤਾਂ ਦਾ ਕਾਰੋਬਾਰ ਕਰਨ ਵਾਲੀਆਂ ਇਕਾਈਆਂ ਜਿਨ੍ਹਾਂ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਹੋਮ ਡਲਿਵਰੀ ਦੀਅ ਆਗਿਆ ਦਿੱਤੀ ਗਈ ਹੈ, ਸਮਾਨ ਨੂੰ ਬਣਾਉਣ ਸਮੇਂ ਅਤੇ ਡਲਿਵਰੀ ਸਮੇਂ ਹੱਥਾਂ ’ਤੇ ਦਸਤਾਨੇ ਤੇ ਮੂੰਹ ’ਤੇ ਮਾਸਕ ਜ਼ਰੂਰ ਪਹਿਨਣ ਅਤੇ ਬਣਾਉਣ ਮੌਕੇ ਸਰਿ ਨੂੰ ਵੀ ਕੈਪ ਨਾਲ ਢਕਣ।
ਸਹਾਇਕ ਕਮਿਸ਼ਨਰ (ਫੂਡ) ਮਨੋਜ ਖੋਸਲਾ ਨੇ ਹਦਾਇਤ ਕੀਤੀ ਕਿ ਆਪਣੇ ਅਦਾਰੇ ਵਿਚ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ। ਹੱਥਾਂਨੂੰ ਵਾਰ-ਵਾਰ ਸਾਬਣ ਨਾਲ ਪੂਰੇ ਤਰੀਕੇ ਅਨੁਸਾਰ ਚੰਗੀ ਤਰ੍ਹਾਂ 20 ਸੈਕਿੰਡ ਤੱਕ ਧੋਇਆ ਜਾਵੇ ਅਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਦਾ ਪ੍ਰਬੰਧ ਵੀ ਕੀਤਾ ਜਾਵੇ। ਮੱਖੀਆਂ/ਮੱਛਰਾਂ ਅਤੇ ਮਿੱਟੀ ਘੱਟੇ ਤੋ ਬਚਾਓ ਲਈ ਵਸਤਾਂ ਨੂੰ ਸਾਫ ਸੁਥਰੇ ਕੱਪੜੇ ਨਾਲ ਢੱਕ ਕੇ ਜਾਂ ਸ਼ੀਸ਼ੇ ਦੇ ਕੈਬਿਨ ਵਿਚ ਰੱਖਿਆ ਜਾਵੇ। ਨੋਟਾਂ ਦੀ ਗਿਣਤੀ ਕਰਨ ਤੋ ਬਾਅਦ ਹੱਥਾਂ ਨੂੰ ਧੋਣ ਉਪਰੰਤ ਹੀ ਵਸਤਾਂ ਨੂੰ ਹੱਥ ਲਾਇਆ ਜਾਵੇ। ਸਾਰੇ ਵਰਕਰਾਂ ਦਾ ਮੈਡੀਕਲ ਕਰਵਾਇਆ ਜਾਵੇ ਅਤੇ ਅਦਾਰੇ ਵਿਚ ਫੂਡ ਸੇਫਟੀ ਦੇ 12 ਗੋਲਡਨ ਰੂਲਾਂ ਵਾਲਾ ਬੋਰਡ ਅਤੇ ਲਾਇਸੈਂਸ ਜ਼ਰੂਰ ਚਸਪਾ ਹੋਵੇੇ। ਪੀਣ ਲਈ ਅਤੇ ਬਰਤਨ ਸਾਫ ਕਰਨ ਲਈ ਸਾਫ-ਸੁਥਰੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਲੋਕਾਂ ਨੂੰ ਉਚ ਗੁਣਵੱਤਾ ਦੀਆਂ ਵਸਤਾਂ ਮੁਹੱਈਆ ਕਰਵਾਈਆਂ ਜਾਣ।
ਸ਼੍ਰੀਮਤੀ ਰਾਖੀ ਵਿਨਾਇਕ ਅਤੇ ਸ਼੍ਰੀਮਤੀ ਸੰਗੀਤਾ ਸਹਿਤਦੇਵ ਫੂਡ ਸੇਫਟੀ ਅਫ਼ਸਰਾਂ ਵੱਲੋ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਵੀ ਜਾਗਰੂਕ ਹੋਣ ਅਤੇ ਘਰ ਡਲਿਵਰੀ ਦੇਣ ਆਏ ਵਿਅਕਤੀ ਤੋਂ ਖਾਣ-ਪੀਣ ਦੀਆਂ ਵਸਤਾਂ ਪ੍ਰਾਪਤ ਕਰਨ ਮੌਕੇ ਪੂਰੀ ਸਾਵਧਾਨੀ ਰੱਖਣ ਤਾਂ ਜੋ ਕੋਵਿਡ ਦੇ ਫੈਲਾਅ ਤੋਂ ਬਚਾਅ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਦੇ ਦਿਨਾਂ ਵਿਚ ਵੱਡੇ ਪੱਧਰ ’ਤੇ ਚੈਕਿੰਗ ਮੁਹਿੰਮ ਆਰੰਭੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਖਿਲਾਫ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।