ਅਸ਼ੋਕ ਵਰਮਾ
ਬਠਿੰਡਾ, 14 ਮਈ 2020 - ਪੰਜਾਬ ਚ ਕੈਪਟਨ ਸਰਕਾਰ ਦੇ ਮੰਤਰੀਆਂ ਅਤੇ ਪੰਜਾਬ ਦੇ ਮੁੱਖ ਸਕੱਤਰ ਦਰਮਿਆਨ ਪਿਆ ਰੱਫੜ ਅਤੇ ਉਸ ਤੋਂ ਬਾਅਦ ਵਿੱਚ ਪੈਦਾ ਹੋਏ ਹਾਲਾਤ ਪੰਜਾਬ ਲਈ ਕੋਈ ਸ਼ੁਭ ਸੰਕੇਤ ਨਹੀਂ ਹਨ। ਅੱਜ ਜਦੋਂ ਪੰਜਾਬ ਕੋਰੋਨਾ ਵਰਗੀ ਮਹਾਂਮਾਰੀ ਨਾਲ ਲੜ ਰਿਹਾ ਹੈ, ਓਦੋਂ ਪੰਜਾਬ ਦਾ ਮੰਤਰੀ ਮੰਡਲ ਤੇ ਪੂਰੀ ਕਾਂਗਰਸ ਆਬਕਾਰੀ ਨੀਤੀ ਤੇ ਉਲਝੀ ਹੋਈ ਹੈ ਜਿਸ ਦਾ ਮੰਤਵ ਅਸਲ ਮੁੱਦੇ ਤੋਂ ਧਿਆਨ ਭਟਕਾਉਣਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਵੇਂ ਉਪਰੀ ਤੌਰ ਤੇ ਦੇਖਣ ਨੂੰ ਇਹ ਸਿਰਫ ਮੁੱਖ ਸਕੱਤਰ ਅਤੇ ਕੁਝ ਮੰਤਰੀਆਂ ਦਰਮਿਆਨ ਮਨ ਮਟਾਵ ਦੀ ਘਟਨਾ ਨਜ਼ਰ ਆਉਂਦੀ ਹੈ ਪਰ ਇਸ ਪਿੱਛੇ ਅਸਲੀ ਕਾਰਨ ਤਾਂ ਸ਼ਰਾਬ ਮਾਫੀਏ ਦੀ ਪੁਸ਼ਤਪਨਾਹੀ ਹੀ ਹੈ ਜਿਸ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਾਤਾਰ ਨੁਕਸਾਨ ਹੋ ਰਿਹਾ ਹੈ। ਉਨਾਂ ਆਖਿਆ ਕਿ ਜੇਕਰ ਕਾਂਗਰਸ ਦੇ ਹੀ ਕੁਝ ਵਿਧਾਇਕ, ਮੰਤਰੀ ਤੇ ਲੀਡਰ ਮੰਗ ਕਰ ਰਹੇ ਹਨ ਤਾਂ ਮੁੱਖ ਮੰਤਰੀ ਨੂੰ ਬਿਨਾਂ ਕਿਸੇ ਦੇਰੀ ਦੇ ਜਾਂਚ ਕਰਵਾ ਦੇਣੀ ਚਾਹੀਦੀ ਹੈ।
ਨੀਲ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਅਮਨ ਅਰੋੜਾ ਨੇ ਤਿੰਨ ਵਾਰ ਵਿਧਾਨ ਸਭਾ ‘ਚ ਸ਼ਰਾਬ ਕਾਰਪੋਰੇਸ਼ਨ ਬਨਾਉਣ ਦੀ ਮੰਗ ਨੂੰ ਲੈ ਕੇ ਪ੍ਰਾਈਵੇਟ ਮੈਂਬਰ ਬਿੱਲ ਵਿਧਾਨ ਸਭਾ ਸਪੀਕਰ ਨੂੰ ਸਾਰੇ ਨਿਯਮਾਂ ਮੁਤਾਬਕ ਦਿੱਤਾ ਜਿਸ ਨਾਲ ਸਰਕਾਰੀ ਖਜਾਨੇ ‘ਚ ਘਟੋ ਘਟ 10-11 ਹਜਾਰ ਕਰੋੜ ਸਾਲਾਨਾ ਦਾ ਵਾਧੂ ਮਾਲੀਆ ਇਕੱਠਾ ਹੋ ਸਕਦਾ ਸੀ ਪਰ ਇਸ ਸਰਕਾਰ ਇਸ ‘ਤੇ ਕੋਈ ਗੌਰ ਨਹੀਂ ਫਰਮਾਇਆ, ਜੋ ਇਸ ਗੱਲ ਨੂੰ ਪੁਖਤਾ ਕਰਦਾ ਹੈ ਕੇ ਸਰਕਾਰ ਖੁਦ ਮਾਫੀਆ ਖਤਮ ਹੀ ਨਹੀਂ ਕਰਨਾ ਚਾਹੁੰਦੀ ਜਦੋਂਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ 'ਚ ਸ਼ਰਾਬ ਕਾਰਪੋਰੇਸ਼ਨ ਬਣਾਉਣ ਦੀ ਗੱਲ ਕੀਤੀ ਗਈ ਹੈ।
ਨੀਲ ਗ਼ਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੋਚ ਸੀ ਕਿ ਕਰਫ਼ਿਊ ‘ਚ ਠੇਕੇ ਖੁੱਲਣ ਨਾਲ ਘਰਾਂ ‘ਚ ਲੜਾਈ ਝਗੜੇ ਵਧਣਗੇ ਪਰ ਇੱਥੇ ਤਾਂ ਸਰਕਾਰ ਚ ਹੀ ਕਲੇਸ਼ ਪੈ ਗਿਆ ਹੈ। ‘ਆਪ‘ ਬੁਲਾਰੇ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਉਹ ਫਾਰਮ ਹਾਊਸ ‘ਚ ਬੈਠਕੇ ਮੂਕ ਦਰਸ਼ਕ ਨਾ ਬਣੇ ਰਹਿਣ ਸਗੋਂ ਅੱਗੇ ਆ ਕੇ ਇਸ ਸਾਰੇ ਮਾਮਲੇ ਦੀ ਫੌਰੀ ਤੌਰ ਤੇ ਜਾਂਚ ਕਰਵਾਉਣ ਕਿਉਂਕਿ ਔਖੇ ਵਕਤ ‘ਚ ਹੀ ਆਗੂ ਦੀ ਪਹਿਚਾਣ ਹੁੰਦੀ ਹੈ। ਉਹਨਾਂ ਮੰਗ ਕੀਤੀ ਕੈਪਟਨ ਆਮ ਆਦਮੀ ਪਾਰਟੀ ਦੀ ਮੰਗ ‘ਤੇ ਗੌਰ ਕਰਨ ਤਾਂ ਕਿ ਸਰਕਾਰੀ ਖਜ਼ਾਨੇ ਦੀ ਹੋ ਰਹੀ ਲੁੱਟ ਨੂੰ ਰੋਕਿਆ ਜਾ ਸਕੇ।