ਅਸ਼ੋਕ ਵਰਮਾ
ਬਠਿੰਡਾ,11ਮਈ 2020 - ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਵੱਖ ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕਰਦਿਆਂ ਅਜੋਕੀਆਂ ਹਾਲਤਾਂ ਦੀਆਂ ਭਖਵੀਆਂ ਮੰਗਾਂ ਉੱਪਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਭੇਜੇ ਗਏ । ਬਠਿੰਡਾ ਜ਼ਿਲੇ ਵਿੱਚੋਂ ਪਿੰਡ ਰਾਮਪੁਰਾ ,ਮਹਿਰਾਜ ,ਸੇਲਬਰਾਹ,ਫੂਲ ਟਾਊਨ ,ਫਰੀਦਕੋਟ ਜ਼ਿਲੇ ਵਿੱਚ ਪਿੰਡ ਦਬੜੀਖਾਨਾ ,ਗੋਲੇਵਾਲਾ ਅਤੇ ਫਰੀਦਕੋਟ ਸ਼ਹਿਰ ,ਮੋਗੇ ਜ਼ਿਲਾ ਵਿੱਚ ਸਾਫੂਵਾਲਾ ਅਤੇ ਮੋਗਾ ਸ਼ਹਿਰ,ਫ਼ਿਰੋਜ਼ਪੁਰ ਵਿੱਚ ਜ਼ੀਰਾ ਪਟਿਆਲਾ ਜਿਲੇ ਸਮੇਤ ਕੁੱਲ ਤਕਰੀਬਨ ਦੋ ਦਰਜਨ ਥਾਵਾਂ ਉੱਤੇ ਕਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਸ ਪ੍ਰਦਰਸ਼ਨ ਕੀਤੇ ਗਏ ।
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਬੁਲਾਰਿਆਂ ਨੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਰੋਨਾ ਮਹਾਂਮਾਰੀ ਕਾਰਨ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹੁਨਰਮੰਦ ਅਤੇ ਗੈਰ ਹੁਨਰਮੰਦ ਕਾਮਿਆਂ ਨੂੰ ਨਕਦ ਰਾਹਤ ਦੇਣ ,ਕੰਮ ਦਿਹਾੜੀ ਅੱਠ ਤੋਂ ਬਾਰਾਂ ਘੰਟੇ ਦੀ ਤਜਵੀਜ਼ ਵਾਪਸ ਲੈਣ, ਮੰਡੀਆਂ ਵਿੱਚ ਰੁਲ ਰਹੀ ਕਣਕ ਨੂੰ ਤੁਰੰਤ ਚੁੱਕਣ ,ਲਾਕ ਡਾਊਨ ਕਾਰਨ ਥਾਓਂ ਥਾਈਂ ਫਸੇ ਕਾਮਿਆਂ ਦੀ ਘਰ ਵਾਪਸੀ ਦਾ ਮੁਫ਼ਤ ਪ੍ਰਬੰਧ ਕਰਨ, ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਘੱਟੋ ਘੱਟ ਰੇਟਾਂ ਉੱਤੇ ਦਲਿਤਾਂ ਨੂੰ ਦੇਣਾ ਯਕੀਨੀ ਬਣਾਉਣ, ਕੋਵਿਡ-19 ਵਾਰਡਾਂ ਵਿੱਚ ਮਰੀਜਾਂ ਤੇ ਮੈਡੀਕਲ ਅਮਲੇ, ਸਫਾਈ ਸੇਵਕਾਂ ਅਤੇ ਹੋਰ ਕਰਮਚਾਰੀਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਲੋੜੀਂਦੇ ਸੁਰੱਖਿਆ ਉਪਾਅ ਕਰਨ ਅਤੇ ਮੈਡੀਕਲ ਸਹੂਲਤਾਂ ਤੁਰੰਤ ਮੁਹੱਈਆ ਕਰਵਾਉਣ, ਕਰੋਨਾ ਮਹਾਂਮਾਰੀ ਦੀ ਦਹਿਸ਼ਤ ਕਾਰਨ ਦਰਕਿਨਾਰ ਹੋਏ ਬਾਕੀ ਮਰੀਜ਼ਾਂ ਦਾ ਇਲਾਜ ਨਿਰਵਿਘਨ ਜਾਰੀ ਰੱਖਣ ਦੀ ਲੋੜ ਤੇ ਜੋਰ ਦਿੱਤਾ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਬੁਲਾਰਿਆਂ ਨੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਸਰਕਾਰ ਦੇ ਕੰਟਰੋਲ ਹੇਠ ਲਿਆਉਣ ,ਸੰਕਟ ਦੇ ਇਸ ਦੌਰ ਵਿੱਚ ਜਮਾਂ ਪਏ ਅਨਾਜ ਭੰਡਾਰਾਂ ਦੇ ਮੂੰਹ ਮਜ਼ਦੂਰਾਂ, ਦਲਿਤਾਂ ,ਬੇਜ਼ਮੀਨੇ ਕਿਸਾਨਾਂ ਅਤੇ ਆਦਿਵਾਸੀਆਂ ਲਈ ਖੋਲਣ, ਕੇਂਦਰੀ ਅਤੇ ਸੁਬਾਈ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਉੱਤੇ ਕਟੌਤੀਆਂ ਵਾਪਸ ਲੈਣ ,ਕਰੋਨਾ ਬਿਮਾਰੀ ਬਹਾਨੇ ਫਿਰਕੂ ਪਾਲਾਬੰਦੀ ਕਰਨ ਅਤੇ ਘੱਟ ਗਿਣਤੀਆਂ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਬੰਦ ਕਰਨ, ਯੂਪੀਏ ਤਹਿਤ ਬੁੱਧੀ ਜੀਵੀਆਂ, ਸਮਾਜਿਕ ਕਾਰਕੁੰਨਾਂ ਤੇ ਪੱਤਰਕਾਰਾਂ ਨੂੰ ਜੇਲਾਂ ਵਿੱਚ ਡੱਕਣ ਦਾ ਫਾਸ਼ੀਵਾਦੀ ਸਿਲਸਿਲਾ ਬੰਦ ਕਰਨ, ਜੇਲ ਡੱਕੇ ਸਿਆਸੀ ਕੈਦੀਆਂ ਨੂੰ ਵੀ ਦੂਜੇ ਕੈਦੀਆਂ ਦੀ ਤਰਾਂ ਬਾਹਰ ਲਿਆਉਣ, ਦਿੱਲੀ ਵਿੱਚ ਕਤਲੇਆਮ ਕਰਨ ਵਾਲਿਆਂ ਵਿਰੁੱਧ ਤੁਰੰਤ ਮੁਕੱਦਮਾ ਦਰਜ ਕਰਨ ਤੇ ਮੌਜੂਦਾ ਸੰਕਟ ਦੇ ਦੌਰ ਵਿੱਚ ਲੋਕਾਂ ਤੇ ਸਾਰੇ ਲਾਏ ਟੈਕਸ ਰੱਦ ਕਰਨ ਦੀ ਮੰਗ ਕੀਤੀ ਹੈ।
ਕਿਸਾਨ ਆਗੂ ਨੇ ਦੱਸਿਆ ਕਿ ਰੋਸ ਪ੍ਰਦਰਸ਼ਨਾਂ ਨੂੰ ਮਈ ਦਿਵਸ ਆਵਾਜ ਕਮੇਟੀ ਦੇ ਆਗੂਆਂ ਸੁਖਵਿੰਦਰ ਕੌਰ ਬੂਟਾ ਸਿੰਘ, ਲਾਲ ਸਿੰਘ ਗੋਲੇਵਾਲਾ, ਬਲਵੰਤ ਮੱਖੂ ,ਰਾਜੇਸ਼ ਮਲਹੋਤਰਾ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜਨਰਲ ਸਕੱਤਰ ਬਲਦੇਵ ਸਿੰਘ ਬਲਦੇਵ ਸਿੰਘ ਜੀਰਾ ,ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੁਬਾਈ ਆਗੂ ਸੁਖਪਾਲ ਖਿਆਲੀਵਾਲਾ ਅਤੇ ਕਲਵੰਤ ਸੇਲਬਰਾਹ, ਲੋਕ ਸੰਗਰਾਮ ਮੰਚ ਦੇ ਪ੍ਰਧਾਨ ਤਾਰਾ ਸਿੰਘ ਤੇ ਸੂਬਾ ਕਮੇਟੀ ਮੈਂਬਰ ਲੋਕਰਾਜ ਮਹਿਰਾਜ ਇਨਕਲਾਬੀ ਲੋਕ ਮੋਰਚੇ ਦੇ ਸੂਬਾ ਸਕੱਤਰ ਸਤਵੰਤ ਸਿੰਘ ਪਟਿਆਲਾ ਅਤੇ ਸੂਬਾ ਕਮੇਟੀ ਮੈਂਬਰ ਬਲਵੰਤ ਸਿੰਘ ਮਹਿਰਾਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਗੁਰਦੀਪ ਸਿੰਘ ਵੈਰੋਕੇ ਆਦਿ ਨੇ ਸੰਬੋਧਨ ਕੀਤਾ।