ਪੰਜਾਬ ਨੇ ਬਣਾਇਆ ਸਿਆਸੀ ਇਤਿਹਾਸ , ਸਾਰੀ ਕੈਬਿਨੇਟ - ਨੇ ਕੀਤਾ ਕੈਬਿਨੇਟ ਮੀਟਿੰਗ 'ਚ ਵਾਕਆਊਟ
ਵਜ਼ੀਰਾਂ ਨੇ ਕਿਹਾ -ਅਫ਼ਸਰਸ਼ਾਹੀ ਦੀ ਈਨ ਨਹੀਂ ਝੱਲਾਂਗੇ - ਮੁੱਖ ਸਕੱਤਰ ਨਾਲ ਪਿਆ ਪੰਗਾ
ਮੁੱਖ ਸਕੱਤਰ ਨੇ ਸੌਰੀ ਕਿਹਾ -ਫੇਰ ਵੀ ਠੰਢੇ ਨਹੀਂ ਹੋਏ ਵਜ਼ੀਰ - ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਮੀਟਿੰਗ ਖਿੰਡੀ
ਚੰਡੀਗੜ੍ਹ , 09 ਮਈ , 2020 : ਅੱਜ ਪੰਜਾਬ ਨੇ ਇੱਕ ਹੋਰ ਸਿਆਸੀ ਇਤਿਹਾਸ ਸਿਰਜਿਆ ਕਿ ਪੰਜਾਬ ਦੀ ਕੈਬਿਨੇਟ ਮੀਟਿੰਗ ਵਿਚੋਂ ਸਾਰੇ ਹੀ ਕੈਬਿਨੇਟ ਵਜ਼ੀਰਾਂ ਨੇ ਵਾਕ ਆਊਟ ਕਰ ਦਿੱਤਾ . ਆਲ੍ਹਾ ਅਫ਼ਸਰਸ਼ਾਹੀ ਦੇ ਵਤੀਰੇ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਸਾਰੇ ਵਜ਼ੀਰ ਵਾਰੋ ਵਾਰੀ ਮੀਟਿੰਗ ਵਿਚੋਂ ਉੱਠ ਗਏ . ਇਸ ਮਾਮਲੇ 'ਚ ਪਹਿਲ ਕੀਤੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ .
ਬੇਸ਼ੱਕ , ਮੁੱਖ ਸਕੱਤਰ ਕਰਨ ਏ ਸਿੰਘ ਨੇ ਆਪਣੇ ਵਿਹਾਰ ਲਈ ਸੌਰੀ ਵੀ ਕਿਹਾ ਪਰ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹੋਏ ਉਹ ਠੰਢੇ ਨਹੀਂ ਹੋਏ ਅਤੇ ਮੀਟਿੰਗ ਹੋਣ ਤੋਂ ਪਹਿਲਾਂ ਹੀ ਖਿੰਡ ਗਈ ਕਿਉਂਕਿ ਅਜੇ ਮੁੱਖ ਮੰਤਰੀ ਨੇ ਮੀਟਿੰਗ ਵਿਚ ਆਉਣਾ ਸੀ .
ਪੰਜਾਬ ਭਵਨ ਚੰਡੀਗੜ੍ਹ ਵਿਚ ਐਕਸਾਈਜ਼ ਨੀਤੀ ਨੂੰ ਸੋਧਣ ਲਈ ਰੱਖੀ ਮੀਟਿੰਗ ਵਿਚ ਸਭ ਤੋਂ ਪਹਿਲਾਂ ਪੰਗਾ ਇਸ ਗੱਲ ਤੇ ਪਿਆ ਕਿ ਮੀਟਿੰਗ ਲਈ ਨਿੱਜੀ ਤੌਰ ਤੇ ਹਾਜ਼ਰ ਵਜ਼ੀਰਾਂ ਨੂੰ ਮੁੱਖ ਸਕੱਤਰ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਨ ਲੱਗੇ . ਇਸ ਤੇ ਸੁਖਜਿੰਦਰ ਰੰਧਾਵਾ ਅਤੇ ਇੱਕ ਦੋ ਹੋਰ ਵਜ਼ੀਰਾਂ ਨੇ ਇਤਰਾਜ਼ ਕੀਤਾ ਕਿ ਜਦੋਂ ਮੰਤਰੀ ਆਏ ਨੇ ਤਾਂ ਮੁੱਖ ਸਕੱਤਰ ਫਿਜ਼ੀਕਲੀ ਕਿਉਂ ਨਹੀਂ ਆ ਸਕਦਾ . ਵਜ਼ੀਰਾਂ ਦੇ ਰੋਸ ਨੂੰ ਦੇਖਦੇ ਹੋਏ ਮੁੱਖ ਸਕੱਤਰ ਨੂੰ ਖੂਹ ਉੱਥੇ ਆਉਣਾ ਪਿਆ .
ਇਸ ਤੋਂ ਮੁੱਖ ਸਕੱਤਰ ਵੱਲੋਂ ਐਕਸਾਈਜ਼ ਨੀਤੀ ਵਿਚ ਸੋਧਾਂ ਦੀ ਤਜਵੀਜ਼ ਪੇਸ਼ ਕਰਨ ਵੇਲੇ ਜਦੋਂ ਚਰਨਜੀਤ ਚੰਨੀ ਨੇ ਕਿਸੇ ਨੁਕਤੇ ਤੇ ਇਤਰਾਜ਼ ਕੀਤਾ ਤਾਂ ਉਸ ਨੂੰ ਮੁੱਖ ਸਕੱਤਰ ਔਖੇ ਭਾਰੇ ਹੋ ਕੇ ਬੋਲੇ ਜਿਸ ਤੇ ਹੰਗਾਮਾ ਹੋ ਗਿਆ . ਸਭ ਤੋ ਪਹਿਲਾਂ ਮਨਪ੍ਰੀਤ ਬਾਦਲ ਨੇ ਮੁੱਖ ਸਕੱਤਰ ਨੂੰ ਆੜੇ ਹੱਥੀ ਲਿਆ ਅਤੇ ਚੰਨੀ ਦਾ ਸਾਥ ਦਿੱਤਾ . ਦੋਵਾਂ ਧਿਰਾਂ ਵਿਚਕਾਰ ਗਰਮਾ-ਗਰਮੀ ਹੋਣ ਤੇ ਮਨਪ੍ਰੀਤ ਬਾਦਲ ਰੋਸ ਵਜੋਂ ਮੀਟਿੰਗ ਚੋਂ ਉੱਥੇ ਕੇ ਵਾਕ ਆਊਟ ਕਰ ਗਏ . ਇਸ ਤੋਂ ਬਾਅਦ ਵਾਰੋ ਵਾਰੀ ਸਾਰੇ ਵਜ਼ੀਰ ਗ਼ੁੱਸੇ 'ਚ ਉੱਥੇ ਕੇ ਇਹ ਕਹਿੰਦਿਆਂ ਵਾਕ ਆਊਟ ਕਰ ਗਏ ਕਿ ਉਹ ਅਫ਼ਸਰਸ਼ਾਹੀ ਕੋਲੋਂ ਐਨ ਬੇਇੱਜ਼ਤ ਨਹੀਂ ਹੋਣਾ ਚਾਹੁੰਦੇ . ਵਾਕ ਆਊਟ ਕਰਨ ਵਾਲਿਆਂ 'ਚ ਸੀਨੀਅਰ ਵਜ਼ੀਰ ਬ੍ਰਹਮ ਮੋਹਿੰਦਰਾ ਵੀ ਸ਼ਾਮਲ ਸਨ . ਤਿੰਨ ਵਜ਼ੀਰਾਂ ਰਜ਼ੀਆ , ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਛਡ ਕੇ ਬਾਕੀ ਸਾਰੇ ਵਜ਼ੀਰ ਹਾਜ਼ਰ ਸਨ .
ਇੱਕ ਵਜ਼ੀਰ ਨੇ ਇਹ ਵੀ ਦੱਸਿਆ ਕਿ ਕਲ੍ਹਾ ਵੀ ਕੈਬਿਨੇਟ ਮੀਟਿੰਗ ਸਮੇਂ ਐਨ ਮੌਕੇ ਤੇ ਉਨ੍ਹਾਂ ਨੂੰ ਵ੍ਹਾਟਸ ਐਪ ਤੇ ਹੀ ਐਕਸਾਈਜ਼ ਨੀਤੀ ਦੀ ਸੋਧ ਦੀ ਕਾਪੀ ਮੀਟਿੰਗ ਵਿਚ ਬੈਠਿਆਂ ਨੂੰ ਦਿੱਤੀ ਗਈ ਸੀ ਜਿਸ ਤੇ ਇਤਰਾਜ਼ ਕੀਤਾ ਸੀ ਉਨ੍ਹਾਂ ਨੇ ਅਜੇ ਇਹ ਪੜ੍ਹੀ ਹੀ ਨਹੀਂ . ਇਸੇ ਲਈ ਮੁੱਖ ਮੰਤਰੀ ਨੇ ਇਹ ਅੱਜ ਤੇ ਪਾ ਕੇ ਕਿਹਾ ਸੀ ਉੱਚ ਅਫ਼ਸਰ ਪਹਿਲਾਂ ਵਜ਼ੀਰਾਂ ਨਾਲ ਬੈਠ ਕੇ ਇਸ ਬਾਰੇ ਨਿਬੇੜਾ ਕਰ ਲੈਣ ਫੇਰ ਉਹ 2 ਵਜੇ ਮੀਟਿੰਗ ਵਿਚ ਆ ਜਾਣਗੇ ਪਰ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਇਹ ਮੀਟਿੰਗ ਰੌਲ਼ੇ ਰੱਪੇ 'ਚ ਹੀ ਖ਼ਤਮ ਹੋ ਗਈ .
ਬਾਅਦ ਵਿਚ ਸਰਕਾਰੀ ਬੁਲਾਰੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਹੁਣ ਐਕਸਾਈਜ਼ ਨੀਤੀ 'ਚ ਸੋਧਾਂ ਦਾ ਮਾਮਲਾ ਸੋਮ ਵਾਰ ਹੋਣ ਵਾਲੀ ਕੈਬਿਨੇਟ ਮੀਟਿੰਗ ਵਿਚ ਕੀਤਾ ਜਾਵੇਗਾ . ਕੁਝ ਇੱਕ ਇਹ ਕਹਿੰਦੇ ਵੀ ਸੁਣੇ ਗਏ ਕਿ ਇਸ ਤੋਂ ਪਹਿਲਾਂ ਵੀ ਮੁੱਖ ਸਕੱਤਰ ਅਜਿਹਾ ਵਤੀਰਾ ਦਿਖਾ ਚੁੱਕੇ ਹਨ . ਇੱਕ ਹੋਰ ਮੰਤਰੀ ਕਹਿ ਰਿਹਾ ਸੀ ਕਿ ਉਹ ਮੰਤਰੀਆਂ ਦਾ ਫ਼ੋਨ ਤੱਕ ਨਹੀਂ ਚੁੱਕਦੇ .