ਅਸ਼ੋਕ ਵਰਮਾ
ਬਠਿੰਡਾ, 8 ਮਈ 2020 - ਭਾਰਤ ਵਿਚੋਂ ਅਨਪੜਤਾ ਖਤਮ ਕਰਨ ਦੇ ਮਨਸ਼ੇ ਨਾਲ ਕੇਂਦਰ ਸਰਕਾਰ ਵੱਲੋਂ ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਖੋਲੇ ਈ.ਜੀ.ਐਸ. (ਐਜੂਕੇਸ਼ਨ ਗਰੰਟਡ ਸਕੀਮ) ਅਤੇ ਏ.ਆਈ.ਈ. ਕੇਂਦਰਾਂ ’ਚ ਕੰਮ ਕਰਦੇ ਵਲੰਟੀਅਰਾਂ ਨੂੰ ਸਰਕਾਰੀ ਨੀਤੀਆਂ ਅਤੇ ਗੁਰਬਤ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਪਰੋਂ ਦਿਨੋ ਦਿਨ ਵਧ ਰਹੀ ਉਮਰ ਅਤੇ ਕੱਚ ਘਰੜ ਰੁਜਗਾਰਾਂ ਨੇ ਉਨਾਂ ਨੂੰ ਕਿਧੇਰੇ ਦਾ ਨਹੀਂ ਛੱਡਿਆ ਹੈ। ਹੈਰਾਨਕੁੰਨ ਵਰਤਾਰਾ ਹੈ ਕਿ ਕਈ ਵਰੇ ਪਹਿਲਾਂ ਸਰਕਾਰ ਨਾਲ ਹੋਏ ਸਮਝੌਤੇ ਉਪਰੰਤ ਵਲੰਟੀਅਰ ਅਧਿਆਪਕਾਂ ਵੱਲੋਂ ਈ.ਟੀ.ਟੀ. ਕੋਰਸ ਕਰ ਲੈਣ ਦੇ ਬਾਵਜੂਦ ਪੱਕੀਆਂ ਸਰਕਾਰੀ ਨਿਯੁਕਤੀਆਂ ਨਹੀਂ ਦਿੱਤੀਆਂ ਗਈਆਂ ਜਦੋਂਕਿ ਉਸ ਵਕਤ ਸਹਿਮਤੀ ਬਣੀ ਸੀ ਕਿ ਇਹ ਸਿਖਲਾਈ ਲੈਣ ਤੋਂ ਬਾਅਦ ਇੰਨਾਂ ਨੂੰ ਸਰਕਾਰੀ ਸਕੂਲਾਂ ‘ਚ ਰੈਗੂਲਰ ਤੌਰ ਤੇ ਨਿਯੁਕਤ ਕੀਤਾ ਜਾਏਗਾ ਜੋਕਿ ਵੱਡਾ ਮਸਲਾ ਹੈ। ਹੁਣ ਇਹ ਅਧਿਆਪਕ ਜਿੱਥੇ ਰੁਜਗਾਰ ਪ੍ਰਾਪਤ ਕਰਨ ਲਈ ਲੁੜੀਂਦੀ ਉਮਰ ਹੱਦ ਪਾਰ ਕਰ ਗਏ ਹਨ ਉੱਥੇ ਹੀ ਮਹਿੰਗਾਈ ਦੇ ਇਸ ਯੁੱਗ ’ਚ ਢੰਗ ਸਿਰ ਗੁਜ਼ਾਰਾ ਨਾਂ ਹੋਣ ਕਰਕੇ ਕਈਆਂ ਨੇ ਤਾਂ ਦਿਮਾਗੀ ਤੌਰ ਤੇ ਆਪਣਾ ਸੰਤੁਲਨ ਗਵਾ ਲਿਆ ਹੈ।
ਮੁਕਤਸਰ ਸਾਹਿਬ ਜਿਲ੍ਹੇ ਦੀ ਇੱਕ ਲੜਕੀ ਨੇ ਚੰਗਾ ਅਧਿਆਪਕ ਬਣਕੇ ਬਾਲਾਂ ਦੀ ਰਾਹ ਦਸੇਰਾ ਬਨਣ ਬਾਰੇ ਸੋਚਿਆ ਸੀ । ਸਰਕਾਰ ਦੀ ਬੇਰੁਖੀ ਨੇ ਉਸ ਨੂੰ ਮਾਨਸਿਕ ਰੋਗੀ ਬਣਾ ਦਿੱਤਾ ਹੈ। ਇਹ ਲੜਕੀ ਵਲੰਟੀਅਰ ਵਜੋਂ 1 ਹਜਾਰ ਦੇ ਨਿਗੂਣੇ ਮਾਣ ਭੱਤੇ ਤੇ ਵੀ ਕੰਮ ਕਰਦੀ ਰਹੀ ਹੈ ਜਿਸ ਪਿੱਛੇ ਸੋਚ ਕਦੇ ਨਾਂ ਕਦੇ ਪੱਕੇ ਹੋਣ ਦੀ ਰਹੀ ਹੈ। ਮਗਰੋਂ ਈ.ਟੀ.ਟੀ. ਦਾ ਕੋਰਸ ਕਰਕੇ ਜਦੋਂ ਅਧਿਆਪਕ ਬਣਨ ਦੀ ਵਾਰੀ ਆਈ ਤਾਂ ਹਕੂਮਤ ਮੂੰਹ ਫੇਰ ਗਈ। ਇਵੇਂ ਹੀ ਇੱਥ ਵਲੰਟੀਅਰ ਲੜਕੀ ਨਾਲ ਤਾਂ ਜੱਗੋਂ ਤੇਰਵੀਂ ਹੋਈ ਹੈ । ਜਦੋਂ ਰੁਜਗਾਰ ਪੱਕਾ ਨਾਂ ਹੋਇਆ ਤਾਂ ਸਹੁਰੇ ਪਾਸਾ ਵੱਟ ਗਏ। ਅੱਧੇ ਅਧੂਰੇ ਰੁਜਗਾਰ ਨੇ ਇਸ ਧੀਅ ਦੇ ਮੱਥੇ ਤੇ ‘ਤਲਾਕ’ ਦਾ ਦਾਗ ਲਾ ਦਿੱਤਾ ਹੈ। ਇੱਕ ਵਲੰਟੀਅਰ ਤਾਂ ਲਈ ਨਾਲੀਆਂ ਸਾਫ ਕਰਦਾ ਹੈ ਜਦੋਂ ਕਿ ਜਿਸ ਕਰਕੇ ਚੁੱਲੇ ਅੱਗ ਬਲਦੀ ਹੈ। ਇਹ ਕੁੱਝ ਮਿਸਾਲਾਂ ਹਨ ਸਮੇਤ ਦਰਜਨਾਂ ਕੁੜੀਆਂ ਤੇ ਮੁੰਡੇ ਹਨ ਜੋਕਿ ਸਰਕਾਰ ਵੱਲੋਂ ਪੱਕੀ ਨਿਯੁਕਤੀ ਨਾਂ ਦੇਣ ਦਾ ਦਰਦ ਹੰਢਾ ਰਹੇ ਹਨ।
ਇਨ੍ਹਾਂ ਅਧਿਆਪਕਾਂ ਨੇ ਸੰਘਰਸ਼ ਦੌਰਾਨ ਕਈ ਵਾਰ ਜੇਲ ਯਾਤਰਾ ਕੀਤੀ, ਭੀਖ ਵੀ ਮੰਗੀ , ਥਾਣੇ ਵੀ ਦੇਖੇ ਹਨ ਅਤੇ ਡਾਂਗਾਂ ਦੀ ਮਾਰ ਵੀ ਅਕਸਰ ਆਪਣੇ ਪਿੰਡੇ ‘ਤੇ ਹੰਢਾਈ ਹੈ। ਦੱਸਣਯੋਗ ਹੈ ਕਿ ਬਠਿੰਡਾ ’ਚ ਸੁਭਾਸ਼ ਪਾਰਕ ਨੇੜੇ ਬਣੀ ਟੈਂਕੀ ਤੇ ਚੜੇ ਵਲੰਟੀਅਰਾਂ ਦੇ ਹੱਕ ’ਚ ਥੱਲੇ ਬੈਠੇ ਅਧਿਆਪਕਾਂ ਕੋਲੋਂ ਪੰਜਾਬ ਪੁਲਿਸ ਵੱਲੋਂ 2014 ’ਚ ਕੜਾਕੇ ਦੀ ਠੰਢ ਦੌਰਾਨ ਗਰਮ ਬਿਸਤਰੇ ਖੋਹ ਲੈਣ ਤੋਂ ਬਾਅਦ ਮਾਸੂਮ ਬੱਚੀ ਰੂਥ ਦੀ ਮੌਤ ਹੋ ਗਈ ਸੀ। ਇਸੇ ਤਰਾਂ ਹੀ ਬਠਿੰਡਾ ’ਚ ਲਾਠੀਚਾਰਜ ਦੌਰਾਨ ਕਈ ਵਲੰਟੀਅਰਾਂ ਨੇ ਪੁਲਿਸ ਕਾਰਵਾਈ ਦੇ ਵਿਰੋਧ ’ਚ ਬਠਿੰਡਾ ਨਹਿਰ ’ਚ ਛਾਲਾਂ ਮਾਰ ਦਿੱਤੀਆਂ ਸੋਨ। ਇਸ ਜੱਥੇਬੰਦੀ ਦੀ ਆਗੂ ਕਿਰਨਜੀਤ ਕੌਰ ਨੇ ਕਪੂਰਥਲਾ ਵਿਖੇ ਆਪਣੇ ਆਪ ਨੂੰ ਅਗਨ ਭੇਂਟ ਕਰ ਲਿਆ ਸੀ। ਜਦੋਂ ਕਿ ਵਲੰਟੀਅਰ ਜੀਲਾ ਸਿੰਘ ਧਰਨੇ ਦੌਰਾਨ ਦਮ ਤੋੜ ਗਿਆ ਸੀ। ਬਠਿੰਡਾ ’ਚ ਟੈਂਕੀ ਤੇ ਚੜੇ ਇੱਕ ਲੜਕੇ ਨੇ ਆਪਣੀ ਹੱਥ ਦੀ ਨਸ ਕੱਟ ਲਈ ਸੀ। ਇਵੇਂ ਹੀ ਇੱਕ ਲੜਕੀ ਨੇ ਜਹਿਰੀਲਾ ਪਦਾਰਥ ਨਿਗਲ ਲਿਆ ਸੀ ਜਦੋਂਕਿ ਮਾਨਸਾ ਜਿਲੇ ਦੇ ਨੌਜਵਾਨ ਨੇ ਖੁਦ ਨੂੰ ਅੱਗ ਲਾਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਮੁਸ਼ੱਕਤ ਬਾਅਦ ਬਚਾਇਆ ਜਾ ਸਕਿਆ ਸੀ।
ਸੇਵਾਮੁਕਤੀ 'ਤੇ ਖਾਲੀ ਹੱਥ ਜਾਂਦੇ ਘਰਾਂ ਨੂੰ
ਪਤਾ ਲੱਗਿਆ ਹੈ ਕਿ ਜਦੋਂ ਵੀ ਕੋਈ ਵਲੰਟੀਅਰ ਅਧਿਆਪਕ ਸੇਵਾਮੁਕਤ ਹੋ ਜਾਂਦਾ ਹੈ ਤਾਂ ਉਸ ਨੂੰ ਗਰੈਚੁਟੀ ਵਗੈਰਾ ਕੁੱਝ ਵੀ ਨਹੀਂ ਦਿੱਤਾ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਸੇਵਾਮੁਕਤੀ ਉਪਰੰਤ ਉਨਾਂ ਦਾ ਭਵਿੱਖ ਡਾਵਾਂਡੋਲ ਹੋ ਜਾਂਦਾ ਹੈ। ਅਧਿਆਪਕ ਆਖਦੇ ਹਨ ਕਿ ਸਰਕਾਰ ਉਨਾਂ ਨੂੰ ਘੱਟੋ ਘੱਟ 10 ਲੱਖ ਰੁਪਿਆ ਦੇਵੇ ਜਿਸ ਨਾਲ ਉਹ ਕੋਈ ਕੰਮ ਧੰਦਾ ਤਾਂ ਚਲਾ ਸਕਣ। ਦੱਸਣਯੋਗ ਹੈ ਕਿ ਇਸ ਵੇਲੇ ਵਲੰਟੀਅਰ ਅਧਿਆਪਕਾਂ ਨੂੰ ਸਰਕਾਰ ਸਿਰਫ ਛੇ ਹਜਾਰ ਰੁਪਿਆ ਦੇ ਰਹੀ ਹੈ ਜੋਕਿ ਇੱਕ ਪ੍ਰੀਵਾਰ ਦਾ ਪਾਲਣਪੋਸ਼ਣ ਲਈ ਨਾਕਾਫੀ ਹੈ, ਚੰੰਗੇ ਜੀਵਨ ਪੱਧਰ ਦੇ ਤਾਂ ਸਿਰਫ ਸੁਪਨੇ ਹੀ ਲਏ ਜਾ ਸਕਦੇ ਹਨ।
ਕੈਪਟਨ ਨੇ ਵੀ ਵਾਅਦਾ ਨਹੀਂ ਪੁਗਾਇਆ
ਮਾਨਸਾ ਜਿਲੇ ਨਾਲ ਸਬੰਧਤ ਈਜੀਐਸ ਆਗੂ ਸਖਚੈਨ ਸਿੰਘ ਗੁਰਨੇ ਕਲਾਂ ਦਾ ਕਹਿਣਾ ਸੀ ਕਿ ਜਦੋਂ ਉਨਾਂ ਦਾ ਧਰਨਾ ਲੱਗਿਆ ਸੀ ਤਾਂ ਉਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਤੁਹਾਡੇ ਨਾਲੋਂ ਮੇਰਾ ਮਾਲੀ ਜਿਆਦਾ ਤਨਖਾਹ ਲੈਂਦਾ ਹੈ। ਇਹ ਵੀ ਆਖਿਆ ਸੀ ਕਿ ਕਾਂਗਰਸ ਦੀ ਸਰਕਾਰ ਆਉਣ ਤੇ ਉਨਾਂ ਨੂੰ ਪੱਕਾ ਕੀਤਾ ਜਾਏਗਾ ਪਰ ਤਿੰਨ ਸਾਲ ਬਾਅਦ ਵੀ ਸਰਕਾਰ ਨੇ ਵਾਅਦੇ ਮੁਤਾਬਕ ਸਥਾਈ ਨਿਯੁਕਤੀ ਵੱਲ ਪਹਿਲਕਦਮੀ ਨਹੀਂ ਕੀਤੀ ਹੈ। ਉਨਾਂ ਆਖਿਆ ਕਿ ਲੰਘੀ 25 ਮਾਰਚ ਨੂੰ ਮੁੱਖ ਮੰਤਰੀ ਨੂੰ ਤਨਖਾਹ ਵਧਾਉਣ ਬਾਰੇ ਪੱਤਰ ਵੀ ਲਿਖਿਆ ਸੀ ਜਿਸ ਨੂੰ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਗਿਆ ਹੈ। ਆਗੂ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਵੱਲ ਸਰਕਾਰ ਨੇ ਧਿਆਨ ਨਾ ਦਿੱਤਾ ਨਾ ਦਿੱਤਾ ਤਾਂ ਯੂਨੀਅਨ ਸੜਕਾਂ ਤੇ ਉਤਰੇਗੀ।