ਹਰਿੰਦਰ ਨਿੱਕਾ
- ਕਿਸਾਨ ਏਡੀਓਜ਼ ਨਾਲ ਕਰ ਸਕਦੇ ਹਨ ਸੰਪਰਕ
ਬਰਨਾਲਾ, 7 ਮਈ 2020 - ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਅਤੇ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਤੰਤਰ ਕੁਮਾਰ ਐਰੀ ਦੀ ਅਗਵਾਈ ਵਿਚ ਕਿਸਾਨਾਂ ਨੂੰ ਜੰਤਰ ਦਾ ਬੀਜ ਸਬਸਿਡੀ ’ਤੇ ਦਿੱਤਾ ਜਾ ਰਿਹਾ ਹੈ।
ਇਹ ਪ੍ਰਗਟਾਵਾ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਹਰੀ ਖਾਦ ਰਸਾਇਣਕ ਖਾਦਾਂ ਦੀ ਖਪਤ ਘਟਾਉਣ ਵਿੱਚ ਸਹਾਈ ਹੁੰਦੀ ਹੈ। ਜ਼ਮੀਨ ਵਿੱਚ ਮੱਲੜ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ, ਜ਼ਮੀਨ ਦੀ ਸਿਹਤ ਅਤੇ ਉਪਜਾਊ ਸ਼ਕਤੀ ਵਧਦੀ ਹੈ ਤੇ ਲਘੂ ਤੱਤ ਦੀ ਕੋਈ ਘਾਟ ਨਹੀਂ ਆਉਂਦੀ ਅਤੇ ਜੋ ਨਦੀਨ ਖੇਤ ਵਿੱਚ ਪਹਿਲਾਂ ਉੱਗ ਪੈਂਦੇ ਹਨ, ਉਹ ਹਰੀ ਖਾਦ ਨੂੰ ਖੇਤ ਵਿੱਚ ਵਾਹੁਣ ਸਮੇਂ ਦੱਬੇ ਜਾਂਦੇ ਹਨ, ਇਸ ਤਰ੍ਹਾਂ ਇਹ ਨਦੀਨਾਂ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ ਮੱਕੀ ਦੀ ਫਸਲ ਵਿੱਚ ਬਿਜਾਈ ਤੋਂ 10 ਦਿਨ ਪਹਿਲਾਂ 50 ਦਿਨਾਂ ਦੀ ਹਰੀ ਖਾਦ ਅਤੇ ਮੱਕੀ ਨੂੰ ਸ਼ਿਫਾਰਿਸ਼ ਕੀਤੀ ਮਾਤਰਾ (50 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ) ਪਾਉਣ ਨਾਲ ਵਧੇਰੇ ਝਾੜ ਦੇ ਨਾਲ ਨਾਲ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਇਹ ਢੁਕਵਾਂ ਸਮਾਂ ਹੈ ਕਿ ਤੁਸੀ ਆਪਣੇ ਖੇਤਾਂ ਵਿੱਚ ਹਰੀ ਖਾਦ ਪਾਓ। ਇਹ ਜੰਤਰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ’ਤੇ 35 ਰੁਪਏ ਕਿਲੋ ਦਿੱਤਾ ਜਾ ਰਿਹਾ ਹੈ ।
ਇਸ ਲਈ ਕਿਸਾਨ ਬਰਨਾਲਾ ਬਲਾਕ ਵਿੱਚ ਡਾ. ਸੁਖਪਾਲ ਸਿੰਘ ਏਡੀਓ 9872449779, ਸ਼ਹਿਣਾ ਬਲਾਕ ਵਿੱਚ ਡਾ. ਗੁਰਬਿੰਦਰ ਸਿੰਘ ਏਡੀਓ 9814822665 ਤੇ ਮਹਿਲ ਕਲਾਂ ਬਲਾਕ ਵਿੱਚ ਸ੍ਰੀ ਚਰਨ ਰਾਮ ਏਈਓ 9876565848 ਨਾਲ ਸੰਪਰਕ ਕਰ ਕੇ ਜੰਤਰ ਦਾ ਬੀਜ ਲੈ ਸਕਦੇ ਹਨ