ਅਸ਼ੋਕ ਵਰਮਾ
- ਜੰਗ ਇਹ ਵੀ ਜਿਤਾਂਗੇ, ਜੰਗ ਜਿੱਤਣ ਦੇ ਹਾਂ ਆਦੀ
ਮਾਨਸਾ, 6 ਮਈ 2020 - ਮਾਨਸਾ ਜ਼ਿਲ੍ਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਲੜ ਰਹੇ ਫਰੰਟਲਾਈਨ ਦੇ ਯੋਧਿਆਂ ਦੀ ਹੌਸਲਾ ਅਫਜਾਈ ਲਈ “ਜੰਗ ਇਹ ਵੀ ਜਿੱਤਾਂਗੇ, ਜੰਗਾਂ ਜਿੱਤਣ ਦੇ ਹਾਂ ਆਦਿ ਗੀਤ ਗਾਕੇ ਉਨ੍ਹਾਂ ਨੂੰ ਸੈਲਿਊਟ ਕੀਤਾ ਹੈ। ਵਿਦਿਆਰਥੀਆਂ ਨੇ ਇਤਿਹਾਸਕ ਹਵਾਲਿਆਂ ਨਾਲ ਪੰਜਾਬੀਆਂ ਦੇ ਜੁਝਾਰੂ ਸੁਭਾਅ ਦੀ ਗੱਲ ਕੀਤੀ ਹੈ ਅਤੇ ਅੱਛੇ ਦਿਨਾਂ ਦੀ ਆਸ ਲਈ ਹਿੰਮਤ ਜਟਾਉਣ ਦਾ ਭਾਵਪੂਰਤ ਸੁਨੇਹਾ ਵੀ ਦਿੱਤਾ ਹੈ। ਰੌਚਕ ਤੱਥ ਹੈ ਕਿ ਬੱਚਿਆਂ ਨੇ ਸ਼ੁਰੂ ਕੀਤੀ ਆਨਲਾਈਨ ਸਿੱਖਿਆ ਨੂੰ ਵੀ ਜਾਰੀ ਰੱਖਿਆ ਹੋਇਆ ਹੈ।
ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਦੀ ਬਾਰਵੀਂ ਕਲਾਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਅਪਣੇ ਕੱਚੇ ਘਰਾਂ ਦੀਆਂ ਕੰਧਾਂ ਕੋਲੇ ਖੜੵਕੇ ਪੱਕੇ ਇਰਾਦਿਆਂ ਦੀ ਹੂਕ ਨੂੰ ਬਿਆਨ ਕਰਦਾ ਗੀਤ “ਕਰੋਨਾ ਵਾਲੀ ਆਪਾਂ ਜੰਗ ਜਿੱਤਣੀ ਜ਼ਰੂਰ“ ਗਾਇਆ ਹੈ, ਜਿਸ ਨੂੰ ਸਭ ਤੋਂ ਵੱਧ ਦਾਦ ਮਿਲੀ ਹੈ। ਸਕੂਲ ਦੇ ਪਿ੍ਰੰਸੀਪਲ ਅੰਗਰੇਜ਼ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੇ ਸੰਦੇਸ਼ ਨੇ ਹਰ ਇੱਕ ਨੂੰ ਟੁੰਬਿਆ ਹੈ।
ਬੱਚਿਆਂ ਨੂੰ ਸੱਭਿਆਚਾਰ ਵਾਲੇ ਪਾਸੇ ਉਤਸ਼ਾਹਿਤ ਕਰਨ ਵਾਲੇ ਸਾਹਿਤਕਾਰ ਅਧਿਆਪਕ ਗੁਰਜੰਟ ਚਾਹਲ ਦੀ ਅਗਵਾਈ ਚ ਸਰਕਾਰੀ ਮਿਡਲ ਸਕੂਲ ਬੱਪੀਆਣਾ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਆਪਣੀ ਕਵਿਤਾ ਰਾਹੀਂ ਜੁਝਾਰੂ ਵਿਰਸੇ ਦੀ ਗੱਲ ਕਰਦਿਆਂ ਪੰਜਾਬੀਆਂ ਤੋਂ ਹਮੇਸ਼ਾ ਵਾਂਗ ਇਸ ਜੰਗ ਵਿਰੁੱਧ ਵੀ ਵੱਡੀ ਆਸ ਪ੍ਰਗਟਾਈ, ਉਨਾਂ ਬਾਬੇ ਨਾਨਕ ਦਾ ਹਵਾਲਾ ਦਿੰਦਿਆਂ ਇਤਿਹਾਸ ਦੀਆਂ ਅਨੇਕਾਂ ਜਿੱਤਾਂ ਨੂੰ ਖੂਬਸੂਰਤ ਸ਼ਬਦਾਂ ਚ ਪਰੋਇਆ।
ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ ਦੀ ਵਿਦਿਆਰਥਣ ਸਟਾਰਪ੍ਰੀਤ ਕੌਰ ਨੇ ਮੌਲਿਕ ਰਚਨਾ ‘ਬਾਲੋ ਮਾਹੀਆ‘ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਦੀ ਅਗਵਾਈ ਪੰਜਾਬੀ ਅਧਿਆਪਕ ਬਲਵਿੰਦਰ ਸਿੰਘ ਬੁਢਲਾਡਾ ਨੇ ਕੀਤੀ। ਸਰਕਾਰੀ ਸੈਕੰਡਰੀ ਸਕੂਲ ਹੋਡਲਾ ਕਲਾਂ ਦੀ ਵਿਦਿਆਰਥਣ ਖੁਸ਼ਬੀਰ ਮੱਟੂ, ਸਰਕਾਰੀ ਹਾਈ ਸਕੂਲ ਘਰਾਗਣਾਂ ਸਕੂਲ ਦੇ ਮੁਖੀ ਮੈਡਮ ਸੁਮਨ ਕੌਰ ਦੀ ਅਗਵਾਈ ਅਤੇ ਸ਼ਮਸ਼ੇਰ ਸਿੰਘ ਦੀ ਦੇਖ ਰੇਖ ਹੇਠ ਵਿਦਿਆਰਥਣ ਮਨਪ੍ਰੀਤ ਕੌਰ, ਸਰਕਾਰੀ ਸੈਕੰਡਰੀ ਸਕੂਲ ਕਰੰਡੀ ਦੇ ਪਿ੍ਰੰਸੀਪਲ ਮੋਨਿਕਾ ਰਾਣੀ ਅਤੇ ਹਿੰਦੀ ਅਧਿਆਪਕ ਹਰਜਿੰਦਰ ਸਿੰਘ ਦੀ ਅਗਵਾਈ ‘ਚ ਵਿਦਿਆਰਥਣ ਪਲਕ ਝੰਡਾ ਕਲਾਂ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਦੀ ਵਿਦਿਆਰਥਣ ਰਤਨਦੀਪ ਕੌਰ ਨੇ ਅਪਣੇ ਪਿਤਾ ਜੋਗਿੰਦਰ ਸਿੰਘ ਗਿੰਦਾ ਦੀ ਰਚਨਾ ਨੂੰ ਪੇਸ਼ ਕਰਕੇ ਵਾਹ ਵਾਹ ਖੱਟੀ ਹੈ।
ਸਿੱਖਿਆ ਮੁਕਾਬਲਿਆਂ ‘ਚ ਪਿਛਲੇ ਲੰਬੇ ਸਮੇਂ ਤੋ ਅਪਣੀ ਝੰਡੀ ਕਾਇਮ ਰੱਖ ਰਹੇ ਸਰਕਾਰੀ ਸੈਕੰਡਰੀ ਸਕੂਲ ਕੋਟ ਧਰਮੂ ਦੀ ਵਿਦਿਆਰਥਣ ਇਮਰਨਜੀਤ ਕੌਰ ਨੇ ਜਗਜੀਤ ਸਿੰਘ ਪੰਜਾਬੀ ਮਾਸਟਰ ਦੀ ਅਗਵਾਈ ਹੇਠ ਜੁਝਾਰੂ ਵਿਰਸੇ ਦੇ ਹਵਾਲੇ ਨਾਲ ਕਰੋਨਾ ਫਰੰਟ ਲਾਈਨ ਦੇ ਯੋਧਿਆਂ ਦਾ ਜ਼ਿਕਰ ਕਰਦਿਆਂ ਪੁਲੀਸ ਦੇ ਵੱਡੇ ਨਾਇਕ ਵਜੋਂ ਉਭਰੇ ਹਰਜੀਤ ਸਿੰਘ ਦੀ ਬਹਾਦਰੀ ਦੀ ਦਾਦ ਦਿੱਤੀ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਉੱਪ ਜ਼ਿਲਾ ਸਿੱਖਿਆ ਅਫਸਰਾਂ ਜਗਰੂਪ ਭਾਰਤੀ, ਗੁਰਲਾਭ ਸਿੰਘ, ਜ਼ਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ, ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਕਰੋਨਾ ਵਾਇਰਸ ਦੌਰਾਨ ਲੋਕਾਂ ਦੀ ਸੁਰੱਖਿਆ ਲਈ ਲੜਨ ਵਾਲਿਆਂ ਦੀ ਹਿੰਮਤ ਨੂੰ ਹਮੇਸ਼ਾ ਯਾਦ ਰੱਖਿਆ ਜਾਏਗਾ। ਉਨਾਂ ਆਖਿਆ ਕਿ ਜਿੰਨਾਂ ਵੱਡਾ ਸੰਕਟ ਆਇਆ ਹੈ ਉਸ ਤੋਂ ਵੀ ਵੱਡੇ ਹੌਂਸਲੇ ਨਾਲ ਇਹ ਲੋਕ ਡਟੇ ਹਨ ਇਸ ਲਈ ਉਨਾਂ ਨੂੰ ਸਮੁੱਚੀ ਮਨੁੱਖਤਾ ਦਾ ਸਲਾਮ ਹੈ।