ਅਸ਼ੋਕ ਵਰਮਾ
- ਸਵੇਰੇ 9 ਵਜੇ ਤੋਂ 1 ਵਜੇ ਤੱਕ ਰੋਟੇਸ਼ਨ ਵਾਈਜ਼ ਖੁਲਣਗੀਆਂ ਦੁਕਾਨਾਂ
ਮਾਨਸਾ, 5 ਮਈ 2020 - ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਜ਼ਿਲ੍ਹਾ ਮਾਨਸਾ ਵਿੱਚ ਕਰਫਿਊ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਫਿਊ ਵਿੱਚ ਛੋਟ ਦਿੰਦਿਆਂ ਰੋਸ਼ਟਰ ਅਨੁਸਾਰ ਦੁਕਾਨਾਂ ਖੋਲਣ ਦੀ ਮੰਨਜ਼ੂਰੀ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜਿਹੜੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮੰਨਜ਼ੂਰੀ ਦਿੱਤੀ ਗਈ ਹੈ ਉਸ ਵਿੱਚ 50 ਪ੍ਰਤੀਸ਼ਤ ਤੋਂ ਵੱਧ ਮਜ਼ਦੂਰ, ਵਰਕਰ ਜਾਂ ਹੈਲਪਰ ਕੰਮ ਨਹੀਂ ਕਰਨਗੇ। ਅਤੇ ਕੋਵਿਡ-19 ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਵੀ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਵਾਈਆਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਖੁਲਣਗੀਆਂ ਅਤੇ ਦੁਪਹਿਰ 1 ਵਜੇ ਤੋਂ ਬਾਅਦ ਹੋਮ ਡਲੀਵਰੀ ਕੀਤੀ ਜਾਵੇਗੀ। ਇਸੇ ਤਰ੍ਹਾਂ ਫਲ ਸਬਜ਼ੀਆਂ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ 9 ਤੋਂ 1 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਜਦਕਿ ਦੁਕਾਨਦਾਰ ਦੁਪਹਿਰ 1 ਵਜੇ ਤੋਂ ਬਾਅਦ ਹੋਮ ਡਿਲੀਵਰੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਹਾਲਾਂਕਿ ਫਲ-ਸਬਜ਼ੀਆਂ ਦੀਆਂ ਰੇਹੜੀਆਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 5 ਤੋਂ ਦੁਪਹਿਰ 1 ਵਜੇ ਤੱਕ ਹੋਮ ਡਲੀਵਰੀ ਕਰ ਸਕਣਗੀਆਂ।
ਉਨ੍ਹਾਂ ਦੱਸਿਆ ਕਿ ਕਰਿਆਣਾ, ਹਰਾ ਚਾਰਾ, ਪੀਣ ਵਾਲਾ ਪਾਣੀ, ਮੀਟ-ਆਂਡੇ ਦੀਆਂ ਦੁਕਾਨਾਂ ਵੀ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ੍ਹਣਗੀਆਂ ਅਤੇ ਇਨ੍ਹਾਂ ਵੱਲੋਂ ਦੁਪਹਿਰ 1 ਵਜੇ ਤੋਂ ਬਾਅਦ ਹੋਮ ਡਵੀਲਰੀ ਦਿੱਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਸੁਨਿਆਰ, ਫੋਟੋ ਸਟੇਟ, ਫੋਟੋਗ੍ਰਾਫਰ, ਭਾਂਡੇ, ਕਰੋਕਰੀ ਦੀਆਂ ਦੁਕਾਨਾਂ ਸੋਮਵਾਰ ਤੇ ਸ਼ੁਕਰਵਾਰ ਹੀ ਖੁੱਲ੍ਹਣਗੀਆਂ, ਬੂਟ-ਜੁੱਤੀਆਂ, ਡਰਾਇਕਲੀਨ, ਬਸਾਤੀ ਦੀਆਂ ਦੁਕਾਨਾਂ, ਹੈਂਡਲੂਮ, ਬੁਟੀਕ, ਸਜਾਵਟ ਦਾ ਸਮਾਨ, ਟੇਲਰ, ਟੇਲਰ ਨਾਲ ਸਬੰਧਤ ਮਟੀਰੀਅਲ ਦੀਆਂ ਦੁਕਾਨਾਂ ਮੰਗਲਵਾਰ ਤੇ ਵੀਰਵਾਰ ਨੂੰ ਖੁਲਣਗੀਆਂ।
ਇਸ ਤੋਂ ਇਲਾਵਾ ਕੱਪੜਾ (ਥੋਕ ਤੇ ਪ੍ਰਚੂਨ) ਤੇ ਰੇਡੀਮੇਡ ਕੱਪੜੇ ਦੀਆਂ ਦੁਕਾਨਾਂ ਵੀਰਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਖੁਲਣਗੀਆਂ। ਸ਼੍ਰੀ ਚਹਿਲ ਨੇ ਦੱਸਿਆ ਕਿ ਰੇਤਾ, ਬੱਜਰੀ, ਸੀਮਿੰਟ, ਸਰੀਆ, ਹਾਰਡਵੇਅਰ ਤੇ ਪੇਂਟ (ਰੰਗ ਰੋਗਨ), ਸਾਈਕਲ, ਸਾਈਕਲ ਰਿਪੇਅਰ ਵਾਲੀਆਂ ਦੁਕਾਨਾਂ, ਦੋ ਪਹੀਆ ਵਾਹਨਾਂ (ਏਜੰਸੀਆਂ), ਵਹੀਕਲ ਰਿਪੇਅਰ, ਆਟੋ ਮੋਬਾਇਲ, ਮੋਟਰ, ਟਰੈਕਟਰ ਅਤੇ ਮਸ਼ੀਨਰੀ ਪਾਰਟਸ ਦੀਆਂ ਦੁਕਾਨਾਂ ਵਰਕਸ਼ਾਪ ਅਤੇ ਡੈਂਟਿੰਗ, ਪੇਟਿੰਗ ਦੀਆਂ ਦੁਕਾਨਾਂ, ਉਸਾਰੀ ਦਾ ਸਮਾਨ (ਜਿਵੇਂ ਢੂੱਲੇ ਪੈੜਾਂ, ਸੈਨੇਟਰੀ ਦੀਆਂ ਦੁਕਾਨਾਂ) ਸੋਮਵਾਰ ਤੇ ਬੁੱਧਵਾਰ ਨੂੰ ਖੋਲਣ ਦੀ ਇਜ਼ਾਜ਼ਤ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਆਟਾ ਚੱਕੀਆਂ, ਪੋਲਟਰੀ, ਜਾਨਵਰਾਂ ਦੀ ਖੁਰਾਕ, ਖਾਦ, ਬੀਜ ਅਤੇ ਖੇਤੀਬਾੜੀ ਦੇ ਸੰਦ ਆਦਿ ਦੀਆਂ ਦੁਕਾਨਾਂ ਬੁੱਧਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਖੁਲਣਗੀਆਂ। ਇਸੇ ਤਰਾਂ ਇਲੈਕਟ੍ਰਾਨਿਕਸ, (ਕੰਪਿਊਟਰ, ਲੈਪਟਾਪ, ਮੋਬਾਇਲ, ਏ.ਸੀ. ਤੇ ਕੂਲਰ), ਇਲੈਕਟ੍ਰੋਨਿਕ (ਬਿਜਲੀ ਦੀਆਂ ਦੁਕਾਨਾਂ), ਇੰਨਵਰਟਰ ਬੈਟਰੀ ਅਤੇ ਇੰਨਵਰਟਰ ਦੀਆਂ ਦੁਕਾਨਾਂ ਅਤੇ ਰਿਪੇਅਰ ਦੀਆਂ ਦੁਕਾਨਾਂ, ਨਵੇਂ ਆਰ.ਓ. ਅਤੇ ਆਰ.ਓ. ਰਿਪੇਅਰ ਦੀਆਂ ਦੁਕਾਨਾਂ, ਕੰਪਿਊਟਰ ਦੇ ਨਵੇਂ ਸਮਾਨ, ਰਿਪੇਅਰ ਵਾਲੀਆਂ ਦੁਕਾਨਾਂ, ਟੈਲੀਕਾਮ ਅਪਰੇਟਰਜ਼ ਅਤੇ ਏਜੰਸੀਆਂ, ਮੋਬਾਇਲ ਸੈੱਲ, ਰਿਪੇਅਰ, ਰਿਚਾਰਜ ਦੀਆਂ ਦੁਕਾਨਾਂ ਬੁੱਧਵਾਰ ਵਾਲੇ ਦਿਨ ਹੀ ਖੋਲਣ ਦੀ ਇਜਾਜ਼ਤ ਹੋਵੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਰਨੀਚਰ (ਲੱਕੜ, ਲੋਹਾ, ਪਲਾਸਟਿਕ, ਸਟੀਲ), ਪਿ੍ਰੰਟਿੰਗ ਪ੍ਰੈਸ, ਆਟੋ ਮੋਬਾਇਲਜ਼, ਆਦਿ ਦੀ ਰਿਪੇਅਰ ਅਤੇ ਇਨਾਂ ਕੀਤਿਆਂ ਨਾਲ ਸਬੰਧਤ ਸਮਾਨ ਦੇ ਵਿਕਰੀ ਕਰਨ ਵਾਲਿਆਂ ਦੀਆਂ ਦੁਕਾਨਾਂ ਮੰਗਲਵਾਰ ਤੇ ਵੀਰਵਾਰ, ਹਲਵਾਈ-ਚਾਹ, ਜੂਸ, ਬੇਕਰੀ, ਕੰਨਫੈਕਸ਼ਨਰੀ, ਆਈਸਕਰੀਮ ਪਾਰਲਰ ਦੀਆਂ ਦੁਕਾਨਾਂ ਸ਼ਨੀਵਾਰ ਵਾਲੇ ਦਿਨ। ਇਸੇ ਤਰਾਂ ਇੰਕਮਟੈਕਸ ਅਡਵਾਇਜ਼ਰ, ਸੀ.ਏ., ਫਾਈਨੈਂਸ ਅਕਾਊਂਟੈਂਟ, ਇੰਸ਼ੋਰੈਂਸ, ਨੋਨ ਬੈਂਕਿੰਗ ਫਾਇਨਾਂਸ਼ਿਅਲ ਕੰਪਨੀਜ਼ ਸੋਮਵਾਰ,ਬੁੱਧਵਾਰ ਤੇ ਸ਼ੁੱਕਰਵਾਰ ਨੂੰ ਖੁਲਣਗੀਆਂ।
ਇਸ ਤੋਂ ਇਲਾਵਾ ਕਿਤਾਬਾਂ, ਸਟੇਸ਼ਨਰੀ ਦੀਆਂ ਦੁਕਾਨਾਂ, ਸੋਮਵਾਰ ਤੋਂ ਸ਼ਨੀਵਾਰ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਕੇਵਲ ਹੋਮ ਡਲੀਵਰੀ ਕਰਨਗੀਆਂ। ਉਨਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਲੋੜਵੰਦ ਵਿਅਕਤੀ ਬਜ਼ਾਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਦੇ ਹੋਏ ਪੈਦਲ, ਸਾਈਕਲ ਅਤੇ ਦੋ ਪਹੀਆ ਵਾਹਨ ‘ਤੇ ਕੇਵਲ ਦੋ ਵਿਅਕਤੀ ਹੀ ਜਾ ਸਕਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਦਫ਼ਤਰ ਹੈਡ ਆਫਿਸ ਦੀ ਡਿਪਾਰਟਮੈਂਟ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਿਕ ਖੁਲਣਗੇ, ਸਿਹਤ ਵਿਭਾਗ, ਡਿਫੈਂਸ ਅਤੇ ਸਕਿਉਰਿਟੀ ਸਰਵਿਸ, ਪੁਲਿਸ, ਸਿਵਲ ਡਿਫੈਂਸ, ਹੋਮ ਗਾਰਡ, ਫਾਇਰ ਅਤੇ ਐਮਰਜੈਂਸੀ ਸਰਵਿਸ, ਐਨ.ਆਈ.ਸੀ., ਡਿਜਾਸਟਰ ਮੈਨੇਜਮੈਂਟ ਨਾਲ ਸਬੰਧਤ ਸਰਵਿਸ, ਐਫ.ਸੀ.ਆਈ., ਐਨ.ਸੀ.ਸੀ., ਨਹਿਰੂ ਯੁਵਾ ਕੇਂਦਰ ਅਤੇ ਮਿਊਂਸਪਲ ਸਰਵਿਸ ਨਾਲ ਸਬੰਧਤ ਕਰਮਚਾਰੀਆਂ ਨੂੰ ਡਿਊਟੀ ਦੇ ਆਉਣ ਅਤੇ ਜਾਣ ਦੀ ਪੂਰਨ ਛੋਟ ਦਿੱਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਜ਼ਰੂਰੀ ਵਸਤਾਂ ਦੀਆਂ ਸਾਰੀਆਂ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁਲਣਗੀਆਂ (ਸ਼ਾਪਿੰਗ ਕੰਪਲੈਕਸ ਅਤੇ ਮਾਲ ਨੂੰ ਛੱਡਕੇ), ਪਿੰਡਾਂ ਅਤੇ ਸ਼ਹਿਰਾਂ ਵਿੱਚ ਉਸਾਰੀ ਦੇ ਕੰਮਾਂ ਨੂੰ ਸ਼ੋਸ਼ਲ ਡਿਸਟੈਂਸ ਨਾਲ ਕੰਮ ਕਰਨ ਲਈ ਪੂਰਨ ਛੋਟ ਦਿੱਤੀ ਜਾਂਦੀ ਹੈ, ਕੋਰੀਅਰ ਅਤੇ ਪੋਸਟ ਸਰਵਿਸਾਂ ਖੁਲਣਗੀਆਂ, ਵਿੱਦਿਅਕ ਅਦਾਰੇ ਦਫ਼ਤਰੀ ਕੰਮ ਲਈ ਅਤੇ ਕਿਤਾਬਾਂ ਦੀ ਸਪਲਾਈ ਕਰਨ ਲਈ ਖੁਲਣਗੇ, ਸਰਕਾਰੀ ਅਤੇ ਪ੍ਰਾਈਵੇਟ ਓ.ਪੀ.ਡੀ. ਖੁਲਣਗੀਆਂ।
ਉਨ੍ਹਾਂ ਦੱਸਿਆ ਕਿ ਹਰੇਕ ਦੁਕਾਨਦਾਰ ਗ੍ਰਾਹਕ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਵਾ ਕੇ ਹੀ ਦੁਕਾਨ ਦੇ ਅੰਦਰ ਦਾਖਲ ਹੋਣ ਦੇਣਾ ਯਕੀਨੀ ਬਣਾਏਗਾ, ਹਰੇਕ ਗ੍ਰਾਹਕ ਬਜ਼ਾਰ ਜਾਣ ਸਮੇਂ ਕੱਪੜੇ, ਜੂਟ ਦੇ ਥੈਲੇ ਆਪਣੇ ਨਾਲ ਲੈ ਕੇ ਜਾਣਗੇ। ਜਿੱਥੋਂ ਤੱਕ ਸੰਭਵ ਹੋ ਸਕੇ ਗ੍ਰਾਹਕ ਈ.-ਪੇਮੈਂਟ ਜਿਵੇਂ ਕਿ ਡੈਬਿਟ, ਕਰੈਡਿਟ ਕਾਰਡ, ਪੇ.ਟੀ.ਐਮ., ਰਾਹੀਂ ਭੁਗਤਾਨ ਕਰਨਗੇ। ਉਨਾਂ ਦੱਸਿਆ ਕਿ ਬਜ਼ੁਰਗ ਅਤੇ ਬੱਚੇ ਇਸ ਕਰਫਿਊ ਦੀ ਢਿੱਲ ਦੌਰਾਨ ਬਾਹਰ ਆਉਣ ਤੋਂ ਗੁਰੇਜ ਕਰਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ 65 ਸਾਲ ਤੋਂ ਵੱਧ ਉਮਰ ਵਾਲੇ, ਗਰਭਵਤੀ ਔਰਤਾਂ, 10 ਸਾਲ ਤੋਂ ਛੋਟੇ ਬੱਚਿਆਂ ਦੇ ਬਜ਼ਾਰ ਵਿੱਚ ਚੱਲਣ-ਫਿਰਣ, ਰਿਕਸ਼ਾ ਅਤੇ ਆਟੋ ਰਿਕਸ਼ਾ, ਸੈਲੂਨ, ਹੇਅਰ ਕਟਿੰਗ, ਡਰੈਸਿੰਗ, ਬਿਉਟੀ ਪਾਰਲਰ, ਹਰ ਤਰਾਂ ਦੇ ਮਾਰਕਿਟ ਕੰਪਲੈਕਸਿਜ਼ (ਇੱਕੋ ਤਰਾਂ ਦਾ ਸਮਾਨ ਵੇਚਣ ਵਾਲੀਆਂ ਮਾਰਕੀਟਾਂ) ਨੂੰ ਛੋਟ ਨਹੀ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਚਾਰ ਪਹੀਆ ਵਾਹਨ ਨੂੰ ਦਿੱਤੀ ਗਈ ਛੂਟ ਤੋਂ ਇਲਾਵਾ ਹੋਰ ਕੋਈ ਵੀ ਚਾਰ ਪਹੀਆ ਵਾਹਨ ਨੂੰ ਬਜ਼ਾਰ ਵਿੱਚ ਜਾਣ ਦੀ ਪੂਰਨ ਪਾਬੰਦੀ ਹੋਵੇਗੀ।
ਡਿਪਟੀ ਕਮਿਸ਼ਨਰ ਚਹਿਲ ਨੇ ਸਮੂਹ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਲੋੜ ਪੈਣ ‘ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜ਼ਰੂਰਤ ਨੂੰ ਪੂਰੀ ਕਰਨ ਲਈ ਘਰ ਤੋਂ ਬਾਹਰ ਨਿਕਲਿਆ ਜਾਵੇ। ਉਨਾਂ ਕਿਹਾ ਕਿ ਘਰ ਵਿੱਚ ਅਤੇ ਘਰ ਤੋਂ ਬਾਹਰ ਜਾਣ ਸਮੇਂ ਸਾਬਣ, ਹੈਂਡ ਸੈਨੇਟਾਈਜ਼ਰ, ਮਾਸਕ, ਦਸਤਾਨੇ ਦੀ ਵਰਤੋਂ ਕਰਨਾ ਅਤੇ ਸ਼ੋਸ਼ਲ ਡਿਸਟੈਂਸਿੰਗ ਨੂੰ ਬਣਾਈ ਰੱਖਣਾ ਯਕੀਨੀ ਬਣਾਇਆ ਜਾਵੇ।