ਫਿਰੋਜ਼ਪੁਰ, 5 ਮਈ 2020 : ਸਿਵਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਡਾ. ਰਜਿੰਦਰ ਮਨਚੰਦਾ ਐੱਸਐੱਮਓ ਮਮਦੋਟ ਵੱਲੋਂ ਸਿਹਤ ਵਿਭਾਗ ਦੀ ਟੀਮ ਦੀ ਅਗਵਾਈ ਕਰਦਿਆਂ ਦੂਜੇ ਦਿਨ ਪਿੰਡ ਅਲੀ ਕੇ ਵਿਖੇ 26 ਸੈਂਪਲ ਲੈ ਜਾਂਚ ਲਈ ਭੇਜੇ ਗਏ ਹਨ ਅਤੇ ਸਬੰਧਤ ਵਿਅਕਤੀਆਂ ਨੂੰ ਘਰਾਂ ਵਿਚ ਕੁਆਰਿਨਟਾਈਨ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਇਸ ਬੀਮਾਰੀ ਤੋ ਬਚਾਅ ਲਈ ਵਿਭਾਗ ਦੇ ਪੈਰਾ ਮੈਡੀਕਲ ਸਟਾਫ ਨੇ ਲੋਕਾਂ ਨੂੰ ਘਰ ਵਿਚ ਰਹਿਣ ਦੀ ਅਪੀਲ ਕਰਨ ਦੇ ਨਾਲ ਨਾਲ ਕੋਵਿਡ19 ਬਾਰੇ ਜਾਗਰੂਕ ਕੀਤਾ ਤੇ ਸੋਸ਼ਲ ਡਿਸਟੈਂਸਿੰਗ ਮੇਂਨਟੈਨ ਰੱਖਣ ਦੀ ਅਪੀਲ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਜਿੰਦਰ ਮਨਚੰਦਾ ਐੱਸਐੱਮਓ ਮਮਦੋਟ ਨੇ ਦੱਸਿਆ ਕਿ ਜੋ ਵਿਅਕਤੀ ਪੀੜਤ ਦੇ ਸੰਪਰਕ ਵਿਚ ਆਏ ਹਨ ਉਨ੍ਹਾਂ ਦੇ ਸੈਪਲ ਲਾਗਾਤਾਰ ਜਾਂਚ ਲਈ ਭੇਜੇ ਜਾ ਰਹੇ ਹਨ ਅਤੇ ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ। ਡਾ. ਮਨਚੰਦਾ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਲੋਕਾਂ ਦਾ ਚੈੱਕਅੱਪ ਕਰਕੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨੂੰ ਇਸ ਬਿਮਾਰੀ ਦੇ ਲੱਛਣਾਂ, ਬਚਾਅ, ਹੱਥ ਧੋਣ ਤੇ ਸਹੀ ਡਾਈਟ ਬਾਰੇ ਪਿੰਡ ਵਿੱਚ ਜਾਗਰੂਕ ਕੀਤਾ ਗਿਆ ਹੈ ਅਤੇ ਪਿੰਡ ਵਿੱਚ ਲਗਾਤਾਰ ਇਹ ਮੁਹਿੰਮ ਜਾਰੀ ਰਹੇਗੀ।
ਡਾ. ਰਜਿੰਦਰ ਮਨਚੰਦਾ ਨੇ ਦੱਸਿਆ ਕਿ ਜਿਹੜੇ ਵਿਅਕਤੀ ਮ੍ਰਿਤਕ ਦੇ ਸੰਪਰਕ ਵਿਚ ਆਏ ਸਨ, ਨੂੰ 14 ਦਿਨਾਂ ਲਈ ਘਰਾਂ ਵਿਚ ਹੀ ਇਕਾਂਤਵਸ ਰਹਿਣ ਦੀ ਹਦਾਇਤ ਕੀਤੀ ਗਈ ਹੈ ਅਤੇ ਸਮੇਂ-ਸਮੇਂ 'ਤੇ ਇਨ੍ਹਾਂ ਘਰਾਂ ਤੱਕ ਪਹੁੰਚ ਕਰਕੇ ਹਾਲਾਤਾਂ 'ਤੇ ਪੂਰੀ ਨਜ਼ਰ ਸਾਨੀ ਰੱਖੀ ਜਾਵੇਗੀ। ਇਸ ਮੌਕੇ ਪਿੰਡ ਅਲੀ ਕੇ ਸਮੇਤ ਲਾਗਲੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਲੋਕ ਨੈਤਿਕਤਾ ਦੇ ਆਧਾਰ 'ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਘਰਾਂ ਵਿਚ ਹੀ ਰਹਿਣ।
ਇਲਾਕੇ ਵਿਚ ਫੈਲੀ ਦਹਿਸ਼ਤ 'ਤੇ ਬੋਲਦਿਆਂ ਡਾ. ਰਜਿੰਦਰ ਮਨਚੰਦਾ ਨੇ ਕਿਹਾ ਕਿ ਇਹ ਸਮਾਂ ਸੰਜਮ ਵਰਤਣ ਦਾ ਹੈ ਅਤੇ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਤੇ ਇਲਾਕੇ ਦੀ ਤੰਦਰੁਸਤੀ ਲਈ ਆਪਣੇ ਘਰਾਂ ਵਿਚ ਹੀ ਰਹਿਣਾ ਚਾਹੀਦਾ ਹੈ ਅਤੇ ਜੇਕਰ ਕਿਸੇ ਨੂੰ ਬੁਖਾਰ, ਛਿੱਕ ਜਾਂ ਸਾਹ ਲੈਣ ਵਿਚ ਕੋਈ ਦਿੱਕਤ ਆਵੇ ਤਾਂ ਉਹ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕਰੇ ਤਾਂ ਜੋ ਉਸ ਦਾ ਸਮਾਂ ਰਹਿੰਦੇ ਹੀ ਇਲਾਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਥੋੜ੍ਹੀ ਜਿਹੀ ਸੰਜੀਦਗੀ ਹੀ ਸਾਨੂੰ ਇਸ ਕੋਰੋਨਾ ਵਾਇਰਸ ਤੋਂ ਬਚਾਅ ਸਕਦੀ ਹੈ।