ਮਨਿੰਦਰਜੀਤ ਸਿੱਧੂ
ਜੈਤੋ, 1 ਮਈ 2020 - ਪਿੰਡ ਸੇਵੇਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਸ਼ਿਕਾਗੋਂ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਤ ਮਜ਼ਦੂਰ ਆਗੂ ਕਰਮਜੀਤ ਸੇਵੇਵਾਲਾ ਅਤੇ ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ ਨੇ ਕਿਹਾ ਕਿ ਇੱਕ ਮਈ ਦਾ ਮਜਦੂਰ ਦਿਵਸ ਪੂਰੀ ਦੁਨੀਆਂ ਦੇ ਮਿਹਨਤਕਸ਼ ਕਿਰਤੀ ਲੋਕਾਂ ਦਾ ਆਪਣਾ ਦਿਹਾੜਾ ਹੈ। 1886 ’ਚ ਅਮਰੀਕਾ ਦੀ ਧਰਤੀ ਤੋਂ 8 ਘੰਟੇ ਕੰਮ ਦਿਹਾੜੀ ਦੀ ਮੰਗ ਲਈ ਉੱਠੇ ਖ਼ੂਨੀ ਸੰਘਰਸ਼, ਉਸ ਸੰਘਰਸ਼ ਦੌਰਾਨ ਹਾਸਲ ਹੋਈਆਂ ਸ਼ਹੀਦੀਆਂ ਤੇ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਰੰਗੇ ਸੂਹੇ ਝੰਡੇ ਦੀ ਸ਼ਾਨ ਨੂੰ ਬੁਲੰਦ ਕਰਨ ਦਾ ਦਿਹਾੜਾ ਹੈ।ਉਹਨਾਂ ਕਿਹਾ ਕਿ ਉਹ ਸੰਘਰਸ਼ ਸਿਰਫ 8 ਘੰਟੇ ਦੀ ਕੰਮ ਦਿਹਾੜੀ ਤੱਕ ਹੀ ਸੀਮਤ ਨਹੀਂ ਸੀ, ਸਗੋਂ ਇਸ ਤੋਂ ਵੀ ਅੱਗੇ ਇਹ ਮਜਦੂਰ ਜਮਾਤ ਦੀ ਮੁਕਤੀ ਦੇ ਸੁਪਨਿਆਂ ਨਾਲ ਪਰੋਇਆ ਸੰਘਰਸ਼ ਸੀ ।
ਅੱਜ ਦੇ ਹਲਾਤਾਂ ਵਿੱਚ ਇਸ ਦਿਹਾੜੇ ਨੂੰ ਮਨਾਉਣ ਦਾ ਹੋਰ ਵੀ ਮਹੱਤਵ ਹੈ। ਅੱਜ ਜਦੋਂ ਰੁਜ਼ਗਾਰ ਖੇਤਰਾਂ ਵਿੱਚ ਠੇਕਾ ਪ੍ਰਬੰਧ ਲਾਗੂ ਕਰਕੇ ਸਰਕਾਰੀ ਅਦਾਰਿਆਂ ਦਾ ਭੋਗ ਪਾਇਆ ਜਾ ਰਿਹਾ ਹੈ । ਜਬਰੀ 12 ਘੰਟੇ ਕੰਮ ਦਿਹਾੜੀ ਨੂੰ ਲਾਜ਼ਮੀ ਬਣਾਉਣ ਦੀਆਂ ਤਿਆਰੀਆਂ ਹਨ। ਸਰਮਾਏਦਾਰਾਂ ਪੱਖੀ ਕਿਰਤ ਕਨੂੰਨ ਬਣਾ ਕੇ, ਪਹਿਲਾਂ ਤੋਂ ਬਣੇ ਕਿਰਤ ਕਨੂੰਨਾਂ ਵਿੱਚ ਸੋਧਾਂ ਕਰਕੇ ਯੂਨੀਅਨ ਬਣਾਉਣ ਦੇ ਅਧਿਕਾਰ ’ਤੇ ਹੱਲਾ ਵਿੱਢਿਆ ਹੋਇਆ ਹੈ। ਨੌਜਵਾਨਾਂ ਦੀ ਲਿਆਕਤ ਕੱਚੇ ਰੁਜ਼ਗਾਰ ਅਤੇ ਪਰਖ ਕਾਲ ਦੇ ਸਮਿਆਂ ਵਿੱਚ ਖਪਾਈ ਜਾ ਰਹੀ ਹੈ । ਜਬਰੀ ਰਿਟਾਇਰਮੈਂਟਾਂ ਕੀਤੀਆਂ ਜਾ ਰਹੀਆਂ ਹਨ । ਲੋਕਾਂ ਲਈ ਠੂਠਾ ਅਤੇ ਸਰਮਾਏਦਾਰਾਂ ਕਾਰਪੋਰੇਟਾਂ ਲਈ ਖਜ਼ਾਨੇ ਦਾ ਮੂੰਹ ਖੋਲਿਆ ਜਾ ਰਿਹਾ ਹੈ
ਬੋਲਣ ਵਾਲੇ ਹਿੱਸੇ ਨੂੰ ਗਿਣ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਫ਼ਿਰਕੂ ਪਾਲਾਬੰਦੀਆਂ ਦੇ ਜ਼ੋਰ ਜ਼ੁਬਾਨ ਬੰਦੀ ਕੀਤੀ ਜਾ ਰਹੀ ਹੈ। ਦੇਸ਼ ਧ੍ਰੋਹ ਵਰਗੇ ਕਾਲੇ ਕਨੂੰਨਾਂ ਦਾ ਸਹਾਰਾ ਲੈ ਕੇ ਚੇਤਨ, ਬੁੱਧੀਜੀਵੀ ਅਤੇ ਨੌਜਵਾਨ ਵਿਦਿਆਰਥੀ ਹਿੱਸਿਆਂ ਨੂੰ ਜੇਲਾਂ ਵਿੱਚ ਸੜਨ ਲਈ ਸੁੱਟਿਆ ਜਾ ਰਿਹਾ ਹੈ। ਅਜਿਹੇ ਮੌਕੇ ਮਜਦੂਰ ਦਿਹਾੜੇ ਦੀ ਬਲਦੀ ਮਸ਼ਾਲ ਨੂੰ ਹੋਰ ਉੱਚੀ ਕਰਨ ਦਾ ਵੇਲ਼ਾ ਹੈ। ਏਕੇ ਦਾ ਮੁੱਕਾ ਲਹਿਰਾਉਣਾ ਸਮੇਂ ਦੀ ਮੰਗ ਬਣ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਲੌਕ ਡਾਊਨ ਦੇ ਚੱਲਦਿਆਂ ਕਿਰਤੀ ਮਜਦੂਰ ਮਿਹਨਤਕਸ਼ ਹਿੱਸੇ ਅੰਦਰ ਡੱਕੇ ਹੋਏ ਹਨ। ਪਰ ਆਪਣੇ ਸੰਘਰਸ਼ੀ ਵਿਰਸੇ ਨੂੰ ਬੁਲੰਦ ਕਰਨਾ ਅਤੇ ਉਸ ਵਿਰਸੇ ਤੋਂ ਮੌਜੂਦਾ ਸਮੇਂ ਲਈ ਪ੍ਰੇਰਨਾ ਅਤੇ ਦਿਸ਼ਾ ਸੇਧ ਲੈਣਾ ਸਭਨਾਂ ਲੋਕਾਂ ਲਈ ਵਡਮੁੱਲਾ ਕਾਰਜ ਬਣਦਾ ਹੈ।