ਹਰੀਸ਼ ਮੋਂਗਾ
- 5 ਸਾਲ ਦੇ ਬੱਚਿਆਂ ਦੀ ਮਸ਼ਹੂਰੀ ਕਾਰਨ ਮਿਲ਼ ਰਹੇ ਲੋਕਾਂ ਤੋਂ ਸਾਮਾਜਕ ਦੂਰੀ ਬਣਾ ਕੇ ਰੱਖਣ ਦੀ ਦਿੱਤੀ ਸਿੱਖਿਆ
- ਪਰਿਵਾਰ ਨੂੰ ਪ੍ਰੇਰਿਤ ਕੀਤਾ ਕਿ ਉਹ ਘੱਟ ਤੋਂ ਘੱਟ ਲੋਕਾਂ ਨੂੰ ਮਿਲਣ, ਬੱਚਿਆਂ ਨੂੰ ਕਿਸੇ ਨੂੰ ਹੱਥ ਨਾ ਲਗਾਉਣ ਦੇਣ
- ਪਿੰਡ ਭਿੰਡਰ ਕਲਾਂ ਦੀਆਂ ਟਿਕ ਟੌਕ ਸਟਾਰ ਨੰਨ੍ਹੀਆਂ ਬੱਚੀਆਂ ਨੂੰ ਮੋਗਾ ਪੁਲਿਸ ਨੇ 5100 ਰੁਪਏ ਦੇ ਕੇ ਕੀਤਾ ਸਨਮਾਨਿਤ
- ਬੱਚੀਆਂ ਦੇ ਸ਼ੁਭਚਿੰਤਕ ਸਿਰਫ ਟਿਕ ਟੌਕ, ਮੋਬਾਇਲ ਫੋਨ ਜਾਂ ਹੋਰ ਕਿਸੇ ਵੀ ਆਨਲਾਈਨ ਮਾਧਿਅਮ ਨਾਲ ਰਾਬਤਾ ਬਣਾਉਣ ਨੂੰ ਦੇਣ ਤਰਜੀਹ - ਸੀਨੀਅਰ ਕਪਤਾਨ ਪੁਲਿਸ
ਮੋਗਾ, 30 ਅਪ੍ਰੈਲ 2020 - ਜ਼ਿਲ੍ਹਾ ਮੋਗਾ ਦੇ ਪਿੰਡ ਭਿੰਡਰ ਕਲਾਂ ਦੀਆਂ ਟਿਕ ਟੋਕ ਸੋਸ਼ਲ ਮੀਡੀਆ ਦੀਆਂ ਸਟਾਰ ਬੱਚੀਆਂ 5 ਸਾਲ ਦੀ ਨੂਰਪ੍ਰੀਤ ਕੌਰ ਅਤੇ ਉਸ ਦੀ ਭੈਣ 9 ਸਾਲਾ ਜ਼ਸਨਪ੍ਰੀਤ ਦੇ ਘਰ ਮੋਗਾ ਪੁਲਿਸ ਦੀ ਟੀਮ ਬੱਚਿਆਂ ਨੂੰ ਉਤਸ਼ਾਹਿਤ ਕਰਨ ਅਤੇ ਉਹਨ੍ਹਾਂ ਦੇ ਪਰਿਵਾਰ ਨੂੰ ਕੋਵਿਡ ਕਾਰਨ ਘੱਟ ਤੋਂ ਘੱਟ ਲੋਕਾਂ ਨੂੰ ਮਿਲਣ ਲਈ ਪ੍ਰੇਰਤ ਕਰਨ ਲਈ ਪਹੁੰਚੀ।
ਦੋਵੇਂ ਬੱਚੀਆਂ ਆਪਣੀਆਂ ਹਾਸ ਰਸ ਅਤੇ ਸੰਕੇਤਕ ਵੀਡੀਓਜ਼ ਕਾਰਨ ਅੱਜਕੱਲ੍ਹ ਸ਼ੋਸਲ ਮੀਡੀਆ ਟਿਕ ਟੌਕ ਉੱਪਰ ਕਾਫ਼ੀ ਮਸ਼ਹੂਰ ਹੋ ਗਈਆਂ ਹਨ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਬੱਚੀਆਂ ਨੇ ਸਾਬਤ ਕਰ ਦਿੱਤਾ ਕਿ ਘਰ ਰਹਿ ਕੇ ਵੀ ਲੋਕਾਂ ਵਿੱਚ ਚੰਗੀ ਜਾਣਕਾਰੀ ਵਿਲੱਖਣ ਢੰਗ ਨਾਲ ਪਹੁੰਚਾਈ ਜਾ ਸਕਦੀ ਹੈ। ਇਸਦੇ ਨਾਲ ਹੀ ਮੋਗਾ ਪੁਲਿਸ ਵੱਲੋ ਬੱਚੀਆਂ ਨੂੰ ਕੋਰੋਨਾ ਵਾਈਰਸ ਦੇ ਸੰਕਰਮਣ ਨੂੰ ਫੈਲਣ ਤੋ ਰੋਕਣ ਲਈ ਸਮਜਿਕ ਦੂਰੀ ਬਾਰੇ ਸਮਝਾਉਦਿਆਂ ਕਿਹਾ ਕਿ ਜੇਕਰ ਕੋਈ ਵੀ ਉਨ੍ਹਾਂ ਨੂੰ ਮਿਲਣ ਦਾ ਚਾਹਵਾਨ ਵਿਅਕਤੀ ਆਉਦਾ ਹੈ ਤਾਂ ਉਹ ਉਸਤੋ ਘੱਟ ਤੋ ਘੱਟ 1 ਮੀਟਰ ਦੀ ਦੂਰੀ ਬਣਾ ਕੇ ਹੀ ਮਿਲਣ।
ਉਹਨਾਂ ਦੇ ਪਰਿਵਾਰ ਨੂੰ ਦੱਸਿਆ ਗਿਆ ਕਿ ਉਹ ਕਿਸੇ ਵੀ ਨੂੰ ਵੀ ਬੱਚਿਆਂ ਨੂੰ ਹੱਥ ਨਾ ਲਗਾਉਣ ਦੇਣ ਅਤੇ ਨਾ ਹੀ ਆਪ ਕਿਸੇ ਨੂੰ ਮਿਲਣ। ਮੋਗਾ ਪੁਲਿਸ ਵਾਲੋਂ ਡੀ ਐੱਸ ਪੀ ਸੁਖਵਿੰਦਰ ਸੈਣੀ ਅਤੇ ਰਮਨਦੀਪ ਭੁੱਲਰ ਆਪਣੀ ਟੀਮ ਦੇ ਨਾਲ ਬੱਚਿਆਂ ਨੂੰ ਮਿਲੇ।
ਸਾਮਾਜਿਕ ਦੂਰੀ ਬਣਾਏ ਰੱਖਦੇ ਹੋਏ ਉਹਨਾਂ ਨੇ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਲੋਕਾਂ ਨੂੰ ਸਮਝਾਇਆ ਕਿ ਉਹ ਘਰ ਹੀ ਰਹਿਣ। ਇਸ ਮੌਕੇ ਡੀ ਐੱਸ ਪੀ ਸੁਖਵਿੰਦਰ ਸੈਣੀ ਅਤੇ ਰਮਨਦੀਪ ਭੁੱਲਰ ਵੱਲੋਂ ਪਰਿਵਾਰ ਨੂੰ 5100 ਰੁ: ਦੇ ਕੇ ਸਨਮਾਨਤ ਕੀਤਾ ਗਿਆ।
ਸੀਨੀਅਰ ਕਪਤਾਨ ਪੁਲਿਸ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨੰਨ੍ਹੀਆਂ ਬੱਚੀਆਂ ਦੇ ਸੁਭਚਿੰਤਕ ਜੋ ਵੀ ਇਨ੍ਹਾਂ ਨੂੰ ਮਿਲਣ ਦੇ ਚਾਹਵਾਨ ਹਨ ਕੋਰੋਨਾ ਵਾਈਰਸ ਦੇ ਬੁਰੇ ਪ੍ਰਭਾਵ ਨੂੰ ਵੇਖਦਿਆਂ ਬੱਚੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਕੇ ਹੀ ਮਿਲਣ ਅਤੇ ਜਿੰਨ੍ਹਾਂ ਹੋ ਸਕਦਾ ਹੈ ਬੱਚੀ ਨੂੰ ਘਰ ਬੈਠ ਕੇ ਹੀ ਉਸਦੇ ਮੋਬਾਇਲ ਨੰਬਰ, ਟਿਕ ਟੌਕ ਅਕਾਊਟ ਜਾਂ ਹੋਰ ਕਿਸੇ ਆਨਲਾਈਨ ਮਾਧਿਅਮ ਰਾਹੀ ਰਾਬਤਾ ਬਣਾਉਣ ਨੂੰ ਤਰਜੀਹ ਦੇਣ।
ਸੀਨਅਰ ਕਪਤਾਨ ਨੇ ਦੱਸਿਆ ਕਿ ਜਿਲ੍ਹਾ ਵਾਸੀਆਂ ਨੇ ਹੁਣ ਤੱਕ ਕਰਫਿਊ ਦੌਰਾਨ ਪੁਲਿਸ ਪ੍ਰਸ਼ਾਸਨ ਦਾ ਪੂਰਨ ਸਹਿਯੋਗ ਦਿੱਤਾ ਹੇੈ ਅਤੇ ਉਨ੍ਹਾਂ ਉਮੀਦ ਜਿਤਾਈ ਕਿ ਉਹ ਅੱਗੇ ਵੀ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣਗੇ।